ਪਾਕਿਸਤਾਨ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਦਿਨ ਨੂੰ ਸਮਰਪਿਤ ਪ੍ਰੋਗਰਾਮਾਂ ਦੌਰਾਨ ਕਰਤਾਰਪੁਰ ਸਾਹਿਬ ਆਉਣ ਦੀ ਪ੍ਰਵਾਨਗੀ ਦੇਣ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਪ੍ਰਤੀ ਵੀ ਮੁੜ ਵਿਚਾਰ-ਚਰਚਾ ਦਾ ਮਾਹੌਲ ਬਣਨ ਦੀ ਸੰਭਾਵਨਾ ਹੈ। ਪਾਕਿਸਤਾਨ ਮੀਡੀਆ ਮੁਤਾਬਿਕ ਸਰਕਾਰ ਨੇ 20 ਸਤੰਬਰ ਤੋਂ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਵਾਸਤੇ ਸ਼ਰਧਾਲੂਆਂ ਨੇ ਕੋਵਿਡ-19 ਦੀ ਵੈਕਸੀਨ ਲਵਾਈ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਕੋਲ 72 ਘੰਟਿਆਂ ਤੋਂ ਘੱਟ ਸਮੇਂ ਅੰਦਰ ਲਈ ਆਰਟੀਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਜ਼ਰੂਰੀ ਹੈ। ਲਾਂਘੇ ਦਾ ਉਦਘਾਟਨ 9 ਨਵਬੰਰ 2019 ਨੂੰ ਕੀਤਾ ਗਿਆ ਸੀ। ਕੋਵਿਡ-19 ਕਾਰਨ 15 ਮਾਰਚ 2020 ਤੋਂ ਸ਼ਰਧਾਲੂਆਂ ਦੇ ਕਰਤਾਰਪੁਰ ਜਾਣ ’ਤੇ ਰੋਕ ਲਗਾ ਦਿੱਤੀ ਗਈ। ਹਾਲਾਤ ’ਚ ਸੁਧਾਰ ਨਾਲ ਹੋਰ ਦੇਸ਼ਾਂ ਨੂੰ ਜਾਣ ਦੀ ਮਨਜ਼ੂਰੀ ਮਿਲਣ ’ਤੇ ਬਹੁਤ ਸਾਰੇ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ ਦੇਣ ਦੀ ਮੰਗ ਉਠਾਉਂਦੇ ਰਹੇ ਹਨ।
ਕਰਤਾਰਪੁਰ ਸਾਹਿਬ ਲਾਂਘਾ ਉਸ ਵਕਤ ਖੁੱਲ੍ਹਿਆ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਰਮਿਆਨ ਗੱਲਬਾਤ ਲੰਮੇ ਸਮੇਂ ਤੋਂ ਬੰਦ ਸੀ। ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਦੀ ਚਾਹਤ ਦੇ ਮੱਦੇਨਜ਼ਰ ਪਾਕਿਸਤਾਨ ਅਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਦਰਮਿਆਨ ਹੋਈ ਗੱਲਬਾਤ ਦੌਰਾਨ ਲਾਂਘਾ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਉਮੀਦ ਬਣੀ ਸੀ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਵਪਾਰਕ, ਭਾਈਚਾਰਕ ਅਤੇ ਸਮਾਜਿਕ ਸਬੰਧ ਵਧਣਗੇ। ਇਸ ਲਈ ਵਾਹਗਾ, ਹੁਸੈਨੀਵਾਲਾ ਅਤੇ ਸਾਦਕੀ-ਸੁਲੇਮਾਨਕੀ ਸਰਹੱਦਾਂ ਖੋਲ੍ਹਣ ਅਤੇ ਭਵਿੱਖ ਵਿਚ ਦੁਸ਼ਮਣੀ ਦੀ ਬਜਾਇ ਮੁਹੱਬਤ ਦੇ ਰਿਸ਼ਤੇ ਬਣਾਉਣ ਦੇ ਰੂਪ ਵਿਚ ਕਦਮ ਵਧਣ ਦੀ ਉਮੀਦ ਨਾਲ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਬੇਹੱਦ ਖੁਸ਼ੀ ਹੋਈ ਸੀ। ਦੋਵੇਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਦੱਖਣੀ ਏਸ਼ੀਆ ਵਿਚ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਜ਼ਰੂਰੀ ਹੈ।
ਦੋਵੇਂ ਦੇਸ਼ ਬੇਰੁਜ਼ਗਾਰੀ, ਗ਼ਰੀਬੀ ਅਤੇ ਭੁੱਖਮਰੀ ਜਿਹੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਖੇਤੀ ਲਾਹੇਵੰਦੀ ਨਾ ਰਹਿਣ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਆਰਥਿਕ ਸੰਕਟ ਵਧਿਆ ਹੈ। ਕੋਵਿਡ-19 ਨੇ ਵੀ ਪਹਿਲਾਂ ਹੀ ਘੱਟ ਹੋ ਰਹੇ ਵਪਾਰ ਅਤੇ ਕਾਰੋਬਾਰ ’ਤੇ ਨਕਾਰਾਤਮਕ ਪ੍ਰਭਾਵ ਪਾਇਆ ਹੈ। ਬੁਨਿਆਦੀ ਢਾਂਚਾ ਮੌਜੂਦ ਹੋਣ ਦੇ ਬਾਵਜੂਦ ਦੋਹਾਂ ਦੇਸ਼ਾਂ ਵਿਚ ਵਪਰ ਬਹੁਤ ਘੱਟ ਹੈ। ਹੁਣ ਇਹ ਵਪਾਰ ਸੀਮਤ ਰੂਪ ਵਿਚ ਮੁੰਬਈ ਅਤੇ ਕਰਾਚੀ ਰਾਹੀਂ ਹੁੰਦਾ ਹੈ; ਸੜਕੀ ਵਪਾਰ ਵਧਣ ਨਾਲ ਦੋਹਾਂ ਦੇਸ਼ਾਂ ਦੇ ਅਰਥਚਾਰੇ ਨੂੰ ਹੋਰ ਹੁਲਾਰਾ ਮਿਲ ਸਕਦਾ ਹੈ। ਸਿਹਤ, ਸਿੱਖਿਆ, ਵਾਤਾਵਰਨ ਸਮੇਤ ਅਨੇਕ ਮੁੱਦੇ ਸਾਂਝੇ ਭਵਿੱਖ ਉੱਤੇ ਨਿਰਭਰ ਕਰਦੇ ਹਨ। ਕਰਤਾਰਪੁਰ ਸਾਹਿਬ ਲਾਂਘੇ ਲਈ ਸ਼ਰਧਾਲੂਆਂ ਦੇ ਆਉਣ ਜਾਣ ਦਾ ਵਧਣਾ ਇਨ੍ਹਾਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਸਹਾਈ ਹੋ ਸਕਦਾ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਨੀਤੀ ਘਾੜਿਆਂ ਨੂੰ ਇਸ ਦਿਸ਼ਾ ਵਿਚ ਲਗਾਤਾਰ ਸੰਵਾਦ ਰਚਾਉਣ ਦੀ ਲੋੜ ਹੈ।