ਸ਼ਨਿਚਰਵਾਰ ਦਹਿਸ਼ਤਗਰਦਾਂ ਨੇ ਕਾਬੁਲ ਵਿਚ ਕਰਤੇ ਪਰਵਾਨ ਗੁਰਦੁਆਰੇ ’ਤੇ ਹਮਲਾ ਕੀਤਾ ਜਿਸ ਵਿਚ ਦੋ ਵਿਅਕਤੀ ਮਾਰੇ ਗਏ ਅਤੇ ਸੱਤ ਹੋਰ ਜ਼ਖ਼ਮੀ ਹੋਏ। ਮ੍ਰਿਤਕਾਂ ਵਿਚ ਇਕ ਅਫ਼ਗ਼ਾਨ ਸਿੱਖ ਵੀ ਸੀ। ਦਹਿਸ਼ਤਗਰਦ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਟਰੱਕ ਗੁਰਦੁਆਰੇ ਤਕ ਲੈ ਜਾਣਾ ਚਾਹੁੰਦੇ ਸਨ ਜਿਸ ਨੂੰ ਤਾਲਿਬਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਰੋਕ ਲਿਆ। ਦਹਿਸ਼ਤਗਰਦਾਂ ਅਤੇ ਤਾਲਿਬਾਨ ਸੁਰੱਖਿਆ ਕਰਮਚਾਰੀਆਂ ਵਿਚਕਾਰ ਕਈ ਘੰਟੇ ਮੁਕਾਬਲਾ ਹੋਇਆ ਜਿਸ ਵਿਚ ਤਿੰਨ ਹਮਲਾਵਰ ਮਾਰੇ ਗਏ। ਹਮਲੇ ਸਮੇਂ ਗੁਰਦੁਆਰੇ ਵਿਚ ਸਿੱਖ ਤੇ ਹਿੰਦੂ ਸ਼ਰਧਾਲੂ ਮੌਜੂਦ ਸਨ। ਸੁਰੱਖਿਆ ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਇਹ ਹਮਲਾ ਇਸਲਾਮਿਕ ਸਟੇਟ (ਖੋਰਾਸਾਨ) ਨਾਮ ਦੀ ਜਥੇਬੰਦੀ ਨੇ ਕੀਤਾ ਹੈ।
ਮਾਰਚ 2020 ਵਿਚ ਹੱਕਾਨੀ ਦਹਿਸ਼ਤਗਰਦਾਂ ਨਾਲ ਸਬੰਧਿਤ ਇਸਲਾਮਿਕ ਸਟੇਟ ਨੇ ਕਾਬੁਲ ਵਿਚ ਗੁਰਦੁਆਰਾ ਹਰਿ ਰਾਏ ਸਾਹਿਬ ’ਤੇ ਹਮਲਾ ਕੀਤਾ ਸੀ ਜਿਸ ਵਿਚ 25 ਸਿੱਖ ਸ਼ਰਧਾਲੂ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਸਨ। 2018 ਵਿਚ ਜਲਾਲਾਬਾਦ ਵਿਖੇ ਇਕ ਗੁਰਦੁਆਰੇ ’ਤੇ ਹਮਲਾ ਹੋਇਆ ਸੀ। ਅਫ਼ਗ਼ਾਨ ਸਿੱਖ ਸਦੀਆਂ ਤੋਂ ਅਫ਼ਗ਼ਾਨਿਸਤਾਨ ਵਿਚ ਵੱਸਦੇ ਆਏ ਹਨ ਅਤੇ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ਪਰ ਧਾਰਮਿਕ ਕੱਟੜਤਾ ਨੇ ਅਫ਼ਗ਼ਾਨਿਸਤਾਨ ਨੂੰ ਇਸ ਮੁਕਾਮ ’ਤੇ ਲੈ ਆਂਦਾ ਹੈ ਕਿ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਦਾ ਉੱਥੇ ਰਹਿਣਾ ਸੰਭਵ ਨਹੀਂ। ਦਹਿਸ਼ਤਗਰਦਾਂ ਨੇ ਸ਼ੀਆ ਭਾਈਚਾਰੇ ਅਤੇ ਉਸ ਦੀਆਂ ਮਸਜਿਦਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਵੱਖ ਵੱਖ ਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਆਪੋ-ਆਪਣੇ ਮੁਲਕਾਂ ਦੀਆਂ ਸਰਕਾਰਾਂ ਰਾਹੀਂ ਇਸ ਮਸਲੇ ਦੇ ਹੱਲ ਲਈ ਜ਼ੋਰ ਪਾਉਣ ਦੀ ਅਪੀਲ ਕੀਤੀ ਹੈ। ਕੌਮਾਂਤਰੀ ਭਾਈਚਾਰੇ ਰਾਹੀਂ ਦਬਾਅ ਬਣਾਉਣਾ ਕਾਰਗਰ ਨੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫ਼ਗ਼ਾਨਿਸਤਾਨ ਵਿਚ ਵੱਸਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਇਸ ਕਾਇਰਾਨਾ ਹਮਲੇ ਦੀ ਨਿਖੇਧੀ ਕੀਤੀ ਹੈ।
ਧਾਰਮਿਕ ਕੱਟੜਤਾ ਦੇ ਆਧਾਰ ’ਤੇ ਪਨਪਦੀਆਂ ਦਹਿਸ਼ਤਪਸੰਦ ਜਥੇਬੰਦੀਆਂ ਵਿਚ ਇਹ ਮੁਕਾਬਲਾ ਹੁੰਦਾ ਰਹਿੰਦਾ ਹੈ ਕਿ ਕਿਹੜੀ ਜਥੇਬੰਦੀ ਕਿੰਨੀਆਂ ਦਹਿਸ਼ਤਗਰਦ ਕਾਰਵਾਈਆਂ ਕਰਦੀ ਹੈ। ਇਸ ਦੌੜ ਵਿਚ ਅੱਗੇ ਨਿਕਲਣ ਲਈ ਦੂਸਰੇ ਧਰਮਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਮਾਸੂਮ ਜਾਨਾਂ ਲਈਆਂ ਜਾਂਦੀਆਂ ਹਨ। ਦਹਿਸ਼ਤਗਰਦ ਮਾਸੂਮਾਂ ਦੀਆਂ ਜਾਨਾਂ ਲੈਣ ਦੇ ਨਾਲ ਨਾਲ ਵੱਡੀ ਪੱਧਰ ’ਤੇ ਸਹਿਮ ਅਤੇ ਦਹਿਸ਼ਤ ਫੈਲਾ ਕੇ ਨਿਸ਼ਾਨਾ ਬਣਾਏ ਜਾ ਰਹੇ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੇ ਘਰ ਤੇ ਵਤਨ ਛੱਡਣ ਲਈ ਮਜਬੂਰ ਕਰਦੇ ਹਨ। ਹਜ਼ਾਰਾਂ ਅਫ਼ਗ਼ਾਨ ਸਿੱਖਾਂ ਨੇ ਆਪਣਾ ਵਤਨ ਛੱਡਿਆ ਹੈ। ਸਦੀਆਂ ਤੋਂ ਬਣੀਆਂ ਭਾਈਚਾਰਕ ਸਾਂਝਾਂ ਤਬਾਹ ਹੋਈਆਂ ਹਨ। ਦੱਖਣੀ ਏਸ਼ੀਆ ਵਿਚ ਇਹ ਵਰਤਾਰਾ ਅਫ਼ਗ਼ਾਨਿਸਤਾਨ, ਪਾਕਿਸਤਾਨ, ਸ੍ਰੀਲੰਕਾ, ਮਿਆਂਮਾਰ ਅਤੇ ਬੰਗਲਾਦੇਸ਼ ਵਿਚ ਵਾਪਰਿਆ ਹੈ; ਇਨ੍ਹਾਂ ਦੇਸ਼ਾਂ ਵਿਚ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਫ਼ਗ਼ਾਨਿਸਤਾਨ ਦਾ ਦੁਖਾਂਤ ਇਹ ਹੈ ਕਿ ਤਾਲਿਬਾਨ ਜੋ ਖ਼ੁਦ ਦਹਿਸ਼ਤਗਰਦ ਜਥੇਬੰਦੀ ਹਨ, ਉੱਥੇ ਹੁਕਮਰਾਨ ਹਨ ਅਤੇ ਇਸਲਾਮਿਕ ਸਟੇਟ ਉਨ੍ਹਾਂ ਦਾ ਵਿਰੋਧ ਕਰ ਰਹੀ ਹੈ। 1979 ਵਿਚ ਸੋਵੀਅਤ ਯੂਨੀਅਨ ਦੇ ਅਫ਼ਗ਼ਾਨਿਸਤਾਨ ਵਿਚ ਫ਼ੌਜੀ ਦਖ਼ਲ ਅਤੇ ਉਸ ਵਿਰੁੱਧ ਅਮਰੀਕਾ ਦੁਆਰਾ ਚਲਾਈ ਗਈ ਮੁਹਿੰਮ ਨੇ ਅਫ਼ਗ਼ਾਨਾਂ ਨੂੰ ਦਹਿਸ਼ਤਗਰਦੀ ਦੇ ਰਸਤੇ ’ਤੇ ਧੱਕਿਆ। ਅਫ਼ਗ਼ਾਨਾਂ ਨੇ ਅਮਰੀਕਾ ਦੇ ਫ਼ੌਜੀ ਦਖ਼ਲ ਵਿਰੁੱਧ ਲੜਨ ਲਈ ਵੀ ਦਹਿਸ਼ਤਗਰਦੀ ਦਾ ਤਰੀਕਾ ਅਪਣਾਇਆ। ਇਹ ਦਹਿਸ਼ਤਗਰਦੀ ਸ੍ਵੈ-ਘਾਤਕ ਅਤੇ ਆਪਾ-ਮਾਰੂ ਮੁਕਾਮ ’ਤੇ ਪਹੁੰਚ ਗਈ ਹੈ। ਹਰ ਸਮਾਜਿਕ, ਸਿਆਸੀ, ਫ਼ੌਜੀ ਅਤੇ ਆਰਥਿਕ ਕੜਵੱਲ ਦੇ ਬਾਅਦ ਸਮਾਜ ਨੂੰ ਆਪਣੀ ਸਹਿਜ-ਭਾਵੀ ਤੋਰ ਵੱਲ ਪਰਤਣ ਦੀ ਜ਼ਰੂਰਤ ਹੁੰਦੀ ਹੈ। ਅਫ਼ਗ਼ਾਨਿਸਤਾਨ ਸਰਕਾਰ ਨੂੰ ਵੀ ਘੱਟਗਿਣਤੀ ਫ਼ਿਰਕਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਮਾਜਿਕ ਸਮਤਾ ਵਾਲਾ ਮਾਹੌਲ ਪੈਦਾ ਕਰਨ ਵੱਲ ਪਰਤਣਾ ਚਾਹੀਦਾ ਹੈ। ਕੌਮਾਂਤਰੀ ਭਾਈਚਾਰਾ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।