ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਸੁਪਰੀਮ ਕੋਰਟ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਵਿਚ ਪਏ ਵਿਘਨ ਅਤੇ ਸੁਰੱਖਿਆ ਵਿਚਲੀ ਖਾਮੀ ਦੇ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਸਾਬਕਾ ਜੱਜ ਇੰਦੂ ਮਲਹੋਤਰਾ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਬਣਾਉਣ ਦੇ ਬਾਵਜੂਦ ਸਿਆਸੀ ਪਾਰਟੀਆਂ ਇਸ ਮਾਮਲੇ ਤੋਂ ਸਿਆਸੀ ਲਾਹਾ ਲੈਣ ਤੋਂ ਗੁਰੇਜ਼ ਨਹੀਂ ਕਰ ਰਹੀਆਂ। ਭਾਰਤੀ ਜਨਤਾ ਪਾਰਟੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਵਿਘਨ ਨੂੰ ਪਹਿਲਾਂ ਘੜੀ ਗਈ ਸਾਜ਼ਿਸ਼ ਦਾ ਨਤੀਜਾ ਦੱਸਿਆ ਹੈ। ਦੋ ਮੁੱਖ ਮੰਤਰੀਆਂ ਅਸਾਮ ਦੇ ਹੇਮੰਤਾ ਬਿਸਵਾ ਸਰਮਾ ਅਤੇ ਤ੍ਰਿਪੁਰਾ ਦੇ ਬਿਪਲਬ ਕੁਮਾਰ ਦੇਬ ਨੇ ਇਸ ਵਿਚ ਖਾਲਿਸਤਾਨੀ ਤੱਤਾਂ ਦੀ ਸ਼ਮੂਲੀਅਤ ਹੋਣ ਦਾ ਦੋਸ਼ ਲਾਇਆ ਹੈ। ਬੁੱਧਵਾਰ ਹੇਮੰਤਾ ਬਿਸਵਾ ਸਰਮਾ ਨੇ ਸਿਆਸੀ ਨੈਤਿਕਤਾ ਅਤੇ ਮਰਿਆਦਾ ਦੀਆਂ ਸਭ ਹੱਦਾਂ ਤੋੜਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ; ਉਸ ਨੇ ਦੋਸ਼ ਲਾਇਆ ਕਿ ਕਾਂਗਰਸ ਹਾਈ ਕਮਾਨ ਅਤੇ ਪਾਰਟੀ ਦੇ ਕੇਂਦਰੀ ਆਗੂ ਪ੍ਰਧਾਨ ਮੰਤਰੀ ਵਿਰੁੱਧ ‘ਸਾਜ਼ਿਸ਼’ ਵਿਚ ਸ਼ਾਮਲ ਸਨ। ਸੂਬੇ ਦਾ ਮੁੱਖ ਮੰਤਰੀ ਜ਼ਿੰਮੇਵਾਰ ਸਿਆਸਤਦਾਨ ਅਤੇ ਸੰਵਿਧਾਨਕ ਅਹੁਦੇ ’ਤੇ ਬੈਠਾ ਵਿਅਕਤੀ ਹੁੰਦਾ ਹੈ। ਭਾਜਪਾ ਨਾਲ ਸਬੰਧਿਤ ਮੁੱਖ ਮੰਤਰੀਆਂ ਦੇ ਇਹ ਬਿਆਨ ਗ਼ੈਰ-ਜ਼ਿੰਮੇਵਾਰਾਨਾ ਅਤੇ ਮੰਦਭਾਗੇ ਹਨ।

ਭਾਜਪਾ ਪ੍ਰਧਾਨ ਮੰਤਰੀ ਦੇ ਦੌਰੇ ’ਚ ਪਏ ਵਿਘਨ ਤੋਂ ਅਜਿਹਾ ਸਿਆਸੀ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਇਹ ਸਿੱਧ ਕੀਤਾ ਜਾ ਸਕੇ ਕਿ ਇਸ ਵਿਘਨ ਕਾਰਨ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਸੀ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਅਸਾਮ, ਮਨੀਪੁਰ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀਆਂ, ਕਈ ਕੇਂਦਰੀ ਮੰਤਰੀਆਂ ਅਤੇ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੁਲੀਸ ’ਤੇ ਇਸੇ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ। ਭਾਜਪਾ ਨੇ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਲਈ ਪ੍ਰਾਰਥਨਾ ਕਰਕੇ ਮਹਾ-ਮ੍ਰਿਤਯੂੰਜਯ ਜਾਪ ਕਰਵਾਇਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੁਪਾਲ ਦੇ ਇਕ ਮੰਦਰ ਵਿਚ ਇਹ ਜਾਪ ਕੀਤਾ ਅਤੇ ਸੂਬੇ ਦੇ ਬਹੁਤ ਸਾਰੇ ਮੰਦਰਾਂ ਵਿਚ ਭਾਜਪਾ ਆਗੂਆਂ ਦੁਆਰਾ ਪ੍ਰਾਰਥਨਾ ਸਭਾਵਾਂ ਕੀਤੀਆਂ ਗਈਆਂ; ਮੁੱਖ ਮੰਤਰੀ ਨੇ ਕਿਹਾ ਕਿ ਇਹ ਅਚਾਨਕ ਹੋਈ ਘਟਨਾ ਨਹੀਂ ਸੀ ਸਗੋਂ ਇਸ ਦੀ ਯੋਜਨਾ ਪਹਿਲਾਂ ਬਣਾਈ ਗਈ। ਦਿੱਲੀ ਵਿਚ ਵੀ ਅਜਿਹੀਆਂ ਸਭਾਵਾਂ ਹੋਈਆਂ। ਇਸ ਤਰ੍ਹਾਂ ਪ੍ਰਸ਼ਾਸਨਿਕ ਅਤੇ ਸੁਰੱਖਿਆ ਖੇਤਰਾਂ ਨਾਲ ਸਬੰਧਿਤ ਮਾਮਲੇ ਨੂੰ ਸਿਆਸੀ ਅਤੇ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ।

ਸਿਆਸੀ ਮਾਹਿਰ ਇਹ ਦਲੀਲ ਦੇ ਰਹੇ ਹਨ ਕਿ ਉਨ੍ਹਾਂ ਨੂੰ ਇਹ ਉਮੀਦ ਤਾਂ ਸੀ ਕਿ ਭਾਜਪਾ ਇਸ ਮਾਮਲੇ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰੇਗੀ ਅਤੇ ਅਜੋਕੇ ਮਾਹੌਲ ਵਿਚ ਇਹ ਸੁਭਾਵਿਕ ਵੀ ਹੈ ਪਰ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਤਰ੍ਹਾਂ ਦੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦੇਣਗੇ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਅਸਾਮ, ਤ੍ਰਿਪੁਰਾ ਜਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਅੰਦਰੂਨੀ ਸੁਰੱਖਿਆ ਦੇ ਮਾਮਲੇ ਬਾਰੇ ਕੀ ਗਿਆਨ ਹੋ ਸਕਦਾ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਘਟਨਾ ਸਥਾਨ ਅਤੇ ਇਸ ਦੀ ਸਰਹੱਦ ਤੋਂ ਦੂਰੀ ਬਾਰੇ ਇਸ ਤਰ੍ਹਾਂ ਬਿਆਨ ਦੇ ਰਿਹਾ ਹੈ ਜਿਵੇਂ ਉਹ ਸੁਰੱਖਿਆ ਮਾਮਲਿਆਂ ਦਾ ਮਾਹਿਰ ਹੋਵੇ। ਲੋਕ ਆਪਣੇ ਆਗੂਆਂ ਤੋਂ ਜ਼ਿੰਮੇਵਾਰੀ ਵਾਲੀ ਸਿਆਸਤ ਕਰਨ ਦੀ ਆਸ ਰੱਖਦੇ ਹਨ। ਸਮੱਸਿਆ ਇਹ ਹੈ ਕਿ ਅਜਿਹੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਸੋਚ-ਸਮਝ ਕੇ ਭਾਵਨਾਵਾਂ ਭੜਕਾਉਣ ਲਈ ਦਿੱਤੇ ਜਾ ਰਹੇ ਹਨ। ਪੰਜ ਸੂਬਿਆਂ ਦੀਆਂ ਵਿਧਾਨ ਸਭਾਵਾਂ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਭਾਜਪਾ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਵਿਚ ਹੋਈ ਖਾਮੀ ਨੂੰ ਕੌਮੀ ਪੱਧਰ ਦਾ ਮਸਲਾ ਅਤੇ ਸਾਜ਼ਿਸ਼ ਬਣਾ ਕੇ ਪੇਸ਼ ਕਰਨਾ ਚਾਹੁੰਦੀ ਹੈ। ਹੇਮੰਤਾ ਬਿਸਵਾ ਸਰਮਾ ਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗ੍ਰਿਫ਼ਤਾਰੀ ਦੀ ਮੰਗ ਕਰਨਾ ਗ਼ੈਰ-ਜ਼ਿੰਮੇਵਾਰਾਨਾ ਪਹੁੰਚ ਦੀ ਸਿਖ਼ਰ ਹੋਣ ਦੇ ਨਾਲ ਨਾਲ ਅਸੰਵਿਧਾਨਕ ਵੀ ਹੈ। ਸਿਆਸੀ ਪਾਰਟੀਆਂ ਨੂੰ ਸੁਪਰੀਮ ਕੋਰਟ ਦੀ ਸਾਬਕਾ ਜੱਜ ਦੀ ਅਗਵਾਈ ਵਿਚ ਬਣੀ ਕਮੇਟੀ ਦੀ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ ਅਤੇ ਆਪਣੇ ਆਗੂਆਂ ਨੂੰ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦੇਣ ਤੋਂ ਵਰਜਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All