ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਉਤਸਵ ਉੱਤੇ ਮੁੜ ਖੁੱਲ੍ਹੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦਰਸ਼ਨ-ਦੀਦਾਰ ਦਾ ਲਾਹਾ ਸੱਤਾਧਾਰੀ ਅਤੇ ਸਿਆਸੀ ਜਮਾਤ ਨੇ ਲੈਣਾ ਸ਼ੁਰੂ ਕੀਤਾ ਹੈ। ਇਸ ਦੌਰਾਨ ਦਿੱਤੇ ਬਿਆਨ ਕਈ ਮਾਮਲਿਆਂ ਵਿਚ ਅਹਿਮ ਪਰ ਵਿਵਾਦਾਂ ਦਾ ਕਾਰਨ ਵੀ ਬਣੇ ਹਨ। ਲਾਂਘਾ ਖੁੱਲ੍ਹਣ ਦੇ ਦੂਸਰੇ ਹੀ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕੁਝ ਸਾਥੀਆਂ ਅਤੇ ਪਰਿਵਾਰ ਨਾਲ ਕਰਤਾਰਪੁਰ ਸਾਹਿਬ ਪਹੁੰਚੇ ਅਤੇ ਉਨ੍ਹਾਂ ਆਮ ਸ਼ਰਧਾਲੂਆਂ ਲਈ ਦਰਸ਼ਨਾਂ ਦੀ ਪ੍ਰਕਿਰਿਆ ਆਸਾਨ ਕਰਨ ਦੇ ਨਾਲ ਨਾਲ ਦੋਵੇਂ ਦੇਸ਼ਾਂ ਦਰਮਿਆਨ ਸਰਹੱਦਾਂ ਖੋਲ੍ਹਣ ਦੀ ਮੰਗ ਵੀ ਕੀਤੀ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਖੁੱਲ੍ਹੇ ਲਾਂਘੇ ਨੂੰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਬਰਲਿਨ ਦੀ ਦੀਵਾਰ ਡਿੱਗਣ ਵਾਲੀ ਮਿਸਾਲ ਨਾਲ ਯਾਦ ਕੀਤਾ ਸੀ। ਉਸ ਮੌਕੇ ਨਵਜੋਤ ਸਿੰਘ ਸਿੱਧੂ ਦੀ ਇਮਰਾਨ ਖਾਨ ਨਾਲ ਦੋਸਤੀ ਅਤੇ ਪਾਕਿਸਤਾਨੀ ਫ਼ੌਜ ਦੇ ਜਨਰਲ ਬਾਜਵਾ ਨਾਲ ਜੱਫ਼ੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਹੋਰ ਕਈ ਧਿਰਾਂ ਨੇ ਰੌਲਾ ਪਾਇਆ ਸੀ। ਹੁਣ ਇਮਰਾਨ ਖਾਨ ਨੂੰ ‘ਵੱਡਾ ਭਾਈ’ ਕਹਿਣ ਕਰਕੇ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸਮੇਤ ਕਈ ਹੋਰ ਆਗੂਆਂ ਨੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਕਰਾਰ ਦਿੱਤਾ ਹੈ।
ਨਵਜੋਤ ਸਿੱਧੂ ਦਾ ਬੜਬੋਲਾਪਣ ਬਿਨਾ ਸ਼ੱਕ, ਕਈ ਤਰ੍ਹਾਂ ਦੇ ਵਿਵਾਦਾਂ ਨੂੰ ਜਨਮ ਦਿੰਦਾ ਹੈ ਪਰ ਇਹ ਵਿਵਾਦ ਕਿਸੇ ਸ਼ਖ਼ਸ ਨਾਲ ਦੋਸਤੀ ਨੂੰ ਬੇਲੋੜਾ ਵਿਵਾਦ ਵਾਲਾ ਬਣਾਉਣ ਵਾਂਗ ਹੈ। ਦੋ ਜਣਿਆਂ ਨਾਲੋਂ ਦੋ ਦੇਸ਼ਾਂ ਦੇ ਸਬੰਧਾਂ ਦਾ ਮਾਮਲਾ ਵੱਧ ਮਹੱਤਵਪੂਰਨ ਹੈ। ਵੰਡ ਤੋਂ ਬਾਅਦ ਪਾਕਿਸਤਾਨ ਹੋਂਦ ’ਚ ਆਉਣ ਤੋਂ ਲੈ ਕੇ ਦੋਵੇਂ ਦੇਸ਼ ਤਿੰਨ ਜੰਗਾਂ ਲੜ ਚੁੱਕੇ ਹਨ। ਦੋਵਾਂ ਪਾਸਿਆਂ ਦੇ ਕੱਟੜਪੰਥੀ, ਟਕਰਾਅ ਕਾਇਮ ਰੱਖ ਕੇ ਸਿਆਸੀ ਰੋਟੀਆਂ ਸੇਕਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਦੋਵਾਂ ਦੇਸ਼ਾਂ ਦੇ ਟਕਰਾਅ ਕਰ ਕੇ ਹੀ ਦੱਖਣੀ ਏਸ਼ਿਆਈ ਦੇਸ਼ਾਂ ਦੀ ਸਾਂਝੀ ਜਥੇਬੰਦੀ ‘ਸਾਰਕ’ ਮਜ਼ਬੂਤ ਨਹੀਂ ਹੋ ਸਕੀ। ਇਸੇ ਕਰ ਕੇ ਦੋਵਾਂ ਪਾਸਿਆਂ ਦੀ ਸਿਵਿਲ ਸੁਸਾਇਟੀ ਨਾਲ ਜੁੜੇ ਲੋਕ ਸਾਲਾਂ ਤੋਂ ਵਾਹਗਾ ਸਰਹੱਦ ਉੱਤੇ ਹਰ ਸਾਲ ਮੋਮਬੱਤੀਆਂ ਬਾਲ ਕੇ ਦੋਸਤੀ ਦਾ ਪੈਗ਼ਾਮ ਦਿੰਦੇ ਹਨ। ਯੂਰੋਪ ਨੇ ਸੈਂਕੜੇ ਸਾਲਾਂ ਦੀਆਂ ਜੰਗਾਂ ਤੋਂ ਬਾਅਦ ਜੇਕਰ ਯੂਰੋਪੀਅਨ ਯੂਨੀਅਨ ਬਣਾ ਕੇ ਸਾਂਝੀ ਕਰੰਸੀ, ਸਾਂਝੀ ਸੁਰੱਖਿਆ ਅਤੇ ਸਾਂਝੀ ਪਾਰਲੀਮੈਂਟ ਤੱਕ ਦਾ ਸਫ਼ਰ ਤੈਅ ਕੀਤਾ ਹੈ ਤਾਂ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਵਾਸਤੇ ਸਰਹੱਦ ਮੋਕਲੀ ਕਿਉਂ ਨਹੀਂ ਕੀਤੀ ਜਾ ਸਕਦੀ?
ਦੋਵਾਂ ਦੇਸ਼ਾਂ ਸਾਹਮਣੇ ਆਰਥਿਕ ਵਿਕਾਸ ਨਾਲ ਜੁੜੀਆਂ ਸਮੱਸਿਆਵਾਂ ਦਾ ਇਕ ਰਾਹ ਸਰਹੱਦਾਂ ਖੋਲ੍ਹਣ ਨਾਲ ਜੁੜਿਆ ਹੋਇਆ ਹੈ। ਵੈਸੇ ਵੀ ਭਾਰਤ ਅਰਥਚਾਰੇ, ਸਿਆਸੀ ਅਤੇ ਫ਼ੌਜੀ ਤਾਕਤ ਦੇ ਤੌਰ ਉੱਤੇ ਪਾਕਿਸਤਾਨ ਨਾਲੋਂ ਕਿਤੇ ਮਜ਼ਬੂਤ ਹੈ। ਮਜ਼ਬੂਤ ਪੱਖ ਵਾਲਾ ਪਾਸਾ ਹੀ ਹਮੇਸ਼ਾ ਨਵੀਂ ਪਹਿਲਕਦਮੀ ਕਰਨ ਦੇ ਸਮਰੱਥ ਹੁੰਦਾ ਹੈ। ਜੇ ਮੁੰਬਈ ਤੋਂ ਕਰਾਚੀ ਦਰਮਿਆਨ ਵਪਾਰ ਲਗਾਤਾਰ ਜਾਰੀ ਰਹਿ ਸਕਦਾ ਹੈ ਤਾਂ ਵਾਹਗਾ, ਹੁਸੈਨੀਵਾਲਾ, ਸਾਦਕੀ-ਸੁਲੇਮਾਨਕੀ ਰਾਹੀਂ ਵੀ ਖੁੱਲ੍ਹ ਜਾਵੇ ਤਾਂ ਕੀ ਹਰਜ ਹੈ? ਇਸ ਖਿੱਤੇ ਨਾਲ ਸੰਬੰਧਿਤ ਪਾਰਟੀਆਂ ਮਿਸ਼ਨ-22 ਵਜੋਂ ਸਾਰੀਆਂ ਸਮੱਸਿਆਵਾਂ ਦੇ ਸੰਕਟਮੋਚਨ ਵਜੋਂ ਪੇਸ਼ ਕਰਦੀਆਂ ਹਨ ਪਰ ਭਾਰਤ-ਪਾਕਿਸਤਾਨ ਸੰਬੰਧਾਂ ਬਾਰੇ ਗੱਲ ਕਰਨ ਤੋਂ ਹੀ ਖ਼ਤਰਾ ਦਿਖਾ ਕੇ ਸਮੱਸਿਆਵਾਂ ਹੱਲ ਕਰਨ ਦਾ ਬੂਹਾ ਖ਼ੁਦ ਹੀ ਬੰਦ ਕਰਨ ਲਈ ਇਕ ਦੂਸਰੇ ਤੋਂ ਮੋਹਰੀ ਬਣ ਖਲੋਂਦੀਆਂ ਹਨ। ਲੋਕਾਂ ਦੇ ਭਵਿੱਖ ਲਈ ਇਹ ਜ਼ਰੂਰੀ ਹੈ ਕਿ ਬੇਮਤਲਬ ਵਿਵਾਦ ਖੜ੍ਹੇ ਕਰਨ ਦੀ ਬਜਾਇ ਕੁਝ ਰਣਨੀਤਕ ਮੁੱਦਿਆਂ ਬਾਰੇ ਆਮ ਸਹਿਮਤੀ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਵੇ।