ਪਾਕਿਸਤਾਨ ਦੇ ਗੱਦੀਓਂ ਲੱਥੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਹਟਾਏ ਜਾਣ ਪਿੱਛੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਹੱਥ ਕਰਾਰ ਦਿੱਤਾ ਹੈ। ਖ਼ਾਨ ਨੇ ਇਹ ਕਹਿ ਕੇ ਕਿ ਦੋ-ਚਾਰ ਲੋਕ ਜੇ ਬੁਰੇ ਵੀ ਹੋਣ ਤਾਂ ਵੀ ਸੰਸਥਾਵਾਂ ਮਾੜੀਆਂ ਨਹੀਂ ਹੋ ਜਾਂਦੀਆਂ, ਸਮੁੱਚੀ ਫ਼ੌਜੀ ਸੰਸਥਾ ਅਤੇ ਇਸ ਦੇ ਮੁਖੀ ਦਰਮਿਆਨ ਅੰਤਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਵਿਚ ਫ਼ੌਜ ਇਕ ਤਰ੍ਹਾਂ ਨਾਲ ਸਥਾਈ ਸਿਆਸੀ ਧਿਰ ਵੀ ਹੈ। ਉਸ ਦੀ ਸਹਿਮਤੀ ਤੋਂ ਬਿਨਾਂ ਕੋਈ ਗੱਦੀ ਉੱਤੇ ਨਹੀਂ ਰਹਿ ਸਕਦਾ। ਇਮਰਾਨ ਖ਼ਾਨ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲਾ ਪ੍ਰਧਾਨ ਮੰਤਰੀ ਹੈ ਜਿਸ ਨੂੰ ਬੇਭਰੋਸਗੀ ਦੇ ਮਤੇ ਰਾਹੀਂ ਹਟਾਇਆ ਗਿਆ ਹੈ। 10 ਅਪਰੈਲ ਨੂੰ ਉਨ੍ਹਾਂ ਖ਼ਿਲਾਫ਼ ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿਚ ਮਤਾ ਪਾਸ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਦੇ ਗੱਠਜੋੜ ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣ ਗਏ ਹਨ।
ਮੰਨਿਆ ਜਾਂਦਾ ਹੈ ਕਿ ਲਗਭਗ ਸਾਲ ਪਹਿਲਾਂ ਇਮਰਾਨ ਖ਼ਾਨ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਦੀ ਨਿਯੁਕਤੀ ਬਾਰੇ ਕੁਝ ਉਜ਼ਰ ਕੀਤਾ ਸੀ। ਬਾਅਦ ਵਿਚ ਮਨਜ਼ੂਰੀ ਦੇ ਦਿੱਤੀ ਪਰ ਸਬੰਧਾਂ ਵਿਚ ਤਣਾਅ ਬਣਿਆ ਰਿਹਾ। ਇਮਰਾਨ ਖ਼ਾਨ ਨੇ ਇਸ ਤੋਂ ਪਹਿਲਾਂ ਇਹ ਇਲਜ਼ਾਮ ਲਗਾਇਆ ਸੀ ਕਿ ਅਮਰੀਕਾ ਉਨ੍ਹਾਂ ਦੀ ਸਰਕਾਰ ਨੂੰ ਗਿਰਾਉਣਾ ਚਾਹੁੰਦਾ ਹੈ। ਉਸ ਨੇ ਦੇਸ਼ ਵਾਸੀਆਂ ਨੂੰ ਅਮਰੀਕਾ ਦੀ ਗੁਲਾਮੀ ਵਿਚੋਂ ਨਿਕਲਣ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ ਸੀ। ਇਮਰਾਨ ਖ਼ਾਨ ਨੇ ਪਹਿਲਾਂ ਤਾਂ ਫ਼ੌਜ ਦੇ ਖ਼ਿਲਾਫ਼ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ ਪਰ ਹੁਣ ਥਲ ਸੈਨਾ ਦੇ ਮੁਖੀ ’ਤੇ ਨਿਸ਼ਾਨਾ ਸਾਧਿਆ ਹੈ। ਇਸ ਸਿਆਸੀ ਕਸ਼ਮਕਸ਼ ਦੌਰਾਨ ਪਾਕਿਸਤਾਨ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਬੇਰੁਜ਼ਗਾਰੀ ਤੇ ਮਹਿੰਗਾਈ ਚਰਮ ਸੀਮਾ ਉੱਤੇ ਹੈ ਅਤੇ ਅਜੇ ਤੱਕ ਹੁਕਮਰਾਨਾਂ ਕੋਲ ਇਸ ਦਾ ਕੋਈ ਤੋੜ ਨਹੀਂ ਹੈ।
ਇਮਰਾਨ ਖ਼ਾਨ ਨੇ ਸਰਕਾਰ ਦਾ ਸਹਿਯੋਗ ਨਾ ਕਰਨ ਦਾ ਸੱਦਾ ਦੇਣ ਦੇ ਨਾਲ ਹੀ ਦੇਸ਼ ਭਰ ਵਿਚ ਆਪਣੇ ਹਮਾਇਤੀਆਂ ਨੂੰ ਸੜਕਾਂ ਉੱਤੇ ਉੱਤਰਨ ਦਾ ਸੱਦਾ ਦਿੱਤਾ ਸੀ। ਵੱਡੀ ਗਿਣਤੀ ਵਿਚ ਲੋਕ ਇਮਰਾਨ ਖ਼ਾਨ ਦੀ ਹਮਾਇਤ ਕਰ ਰਹੇ ਹਨ। ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਇਸ ਵਰਤਾਰੇ ਨੂੰ ਨੀਝ ਨਾਲ ਦੇਖ ਰਹੇ ਹਨ: ਕੀ ਪਾਕਿਸਤਾਨ ਨਵੀਂ ਕਰਵਟ ਲੈ ਰਿਹਾ ਹੈ ਅਤੇ ਅਮਰੀਕਾ ਦੇ ਜੂਲ਼ੇ ਵਿਚੋਂ ਨਿਕਲਣ ਲਈ ਜਨਤਕ ਦਬਾਅ ਕੰਮ ਆ ਸਕੇਗਾ ਜਾਂ ਫਿਰ ਇਹ ਥੋੜ੍ਹ-ਚਿਰਾ ਸ਼ਗੂਫ਼ਾ ਸਾਬਤ ਹੋਵੇਗਾ ਅਤੇ ਫ਼ੌਜ ਤੇ ਉਸ ਦੀ ਸਰਪ੍ਰਸਤੀ ਹਾਸਿਲ ਕਰਨ ਵਾਲੀ ਸਿਆਸੀ ਜਮਾਤ ਹੀ ਸੀਮਤ ਜਮਹੂਰੀਅਤ ਵਾਲਾ ਲਬਿਾਸ ਪਹਿਨ ਕੇ ਹਕੂਮਤ ਕਰਦੀ ਰਹੇਗੀ? ਪਾਕਿਸਤਾਨ ਦੇ ਲੋਕਾਂ ਵਿਚ ਜਮਹੂਰੀ ਕਦਰਾਂ-ਕੀਮਤਾਂ ਦਾ ਸੰਚਾਰ ਵਧਿਆ ਹੈ। ਉਹ ਕਿਸੇ ਵੀ ਤਰ੍ਹਾਂ ਦੇ ਤਾਨਾਸ਼ਾਹੀ ਰੁਝਾਨਾਂ ਦੇ ਹੱਕ ਵਿਚ ਨਹੀਂ ਹਨ। ਦੇਸ਼ ਦੀ ਆਰਥਿਕ ਅਤੇ ਸਮਾਜਿਕ ਹਾਲਤ ਵੱਡੇ ਸੁਧਾਰਾਂ ਦੀ ਮੰਗ ਕਰਦੀ ਹੈ।