ਕਾਂਗਰਸ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਜੱਦੀ ਹਲਕੇ ਚਮਕੌਰ ਸਾਹਿਬ ਦੇ ਨਾਲ ਭਦੌੜ ਤੋਂ ਵੀ ਉਮੀਦਵਾਰ ਬਣਾ ਕੇ ਕਈ ਤਰ੍ਹਾਂ ਦੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਚੰਨੀ ਨੂੰ ਦੋ ਹਲਕਿਆਂ ਤੋਂ ਉਮੀਦਵਾਰ ਬਣਾਉਣਾ ਉਸ ਦੀ ਵੋਟਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਨੂੰ ਸਵੀਕਾਰ ਕਰਨਾ ਹੈ। ਚੰਨੀ ਹੀ ਕਾਂਗਰਸ ਦਾ ਅਜਿਹਾ ਉਮੀਦਵਾਰ ਹੈ ਜਿਸ ਨੂੰ ਦੋ ਹਲਕਿਆਂ ਤੋਂ ਚੋਣ ਲੜਾਈ ਜਾ ਰਹੀ ਹੈ। ਇਹ ਗੱਲ ਉਸ ਦੇ ਮਹੱਤਵ ਵਿਚ ਵਾਧਾ ਕਰਦੀ ਹੈ ਅਤੇ ਅਸਿੱਧੇ ਤੌਰ ’ਤੇ ਉਸ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਵਰਗੀ ਹੈ, ਭਾਵੇਂ ਕਾਂਗਰਸ ਨੇ ਅਜੇ ਸਪੱਸ਼ਟ ਐਲਾਨ ਨਹੀਂ ਕੀਤਾ। ਭਦੌੜ ਰਵਾਇਤੀ ਤੌਰ ’ਤੇ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ 2017 ਦੀਆਂ ਚੋਣਾਂ ਵਿਚ ਇਹ ਸੀਟ ਆਮ ਆਦਮੀ ਪਾਰਟੀ ਨੇ ਵੱਡੇ ਫ਼ਰਕ ਨਾਲ ਜਿੱਤੀ ਸੀ। ਇਸ ਤਰ੍ਹਾਂ ਭਦੌੜ ਕਾਂਗਰਸ ਲਈ ਸੌਖੀ ਸੀਟ ਨਹੀਂ ਅਤੇ ਚੰਨੀ ਨੂੰ ਇੱਥੋਂ ਉਮੀਦਵਾਰ ਬਣਾਉਣਾ ਕਾਂਗਰਸ ਦੀ ਚੋਣ ਨੀਤੀ ਦਾ ਮਹੱਤਵਪੂਰਨ ਪੈਂਤੜਾ ਹੈ।
ਸਿਆਸੀ ਮਾਹਿਰਾਂ ਅਨੁਸਾਰ ਮਾਝੇ ਅਤੇ ਦੋਆਬੇ ਵਿਚ ਟੱਕਰ ਕਾਂਗਰਸ ਅਤੇ ਅਕਾਲੀ ਦਲ ਵਿਚ ਹੈ ਪਰ ਮਾਲਵੇ ਵਿਚ ਆਮ ਆਦਮੀ ਪਾਰਟੀ ਵੱਡੀ ਤਾਕਤ ਵਜੋਂ ਉੱਭਰ ਰਹੀ ਹੈ। ਕਾਂਗਰਸ ਦਾ ਚੰਨੀ ਨੂੰ ਮਾਲਵੇ ਦੇ ਹਲਕੇ ਤੋਂ ਚੋਣ ਲੜਾਉਣ ਦਾ ਇਕ ਹੋਰ ਮੰਤਵ ਪਾਰਟੀ ਦੀ ਇਸ ਖਿੱਤੇ ਵਿਚਲੀ ਸਥਿਤੀ ਨੂੰ ਸੁਧਾਰਨਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫ਼ੈਸਲੇ ਨੂੰ ਇਤਿਹਾਸਕ ਮੰਨਿਆ ਗਿਆ ਹੈ। ਚੰਨੀ ਦੇ ਸਭ ਵਰਗਾਂ ਵੱਲੋਂ ਸਵੀਕਾਰ ਕੀਤੇ ਜਾਣ ਦੇ ਨਾਲ ਨਾਲ ਕਾਂਗਰਸ ਦੁਆਰਾ ਚੁੱਕੇ ਇਸ ਕਦਮ ਨੇ ਦਲਿਤ ਭਾਈਚਾਰੇ ’ਤੇ ਵੱਡਾ ਪ੍ਰਭਾਵ ਪਾਇਆ। ਕੈਪਟਨ ਦੇ ਮੁਕਾਬਲੇ ਲੋਕਾਂ, ਵਿਧਾਇਕਾਂ, ਮੰਤਰੀਆਂ ਤੇ ਕਾਂਗਰਸੀ ਆਗੂਆਂ ਦੀ ਚੰਨੀ ਤਕ ਪਹੁੰਚ ਕਿਤੇ ਜ਼ਿਆਦਾ ਸੀ ਅਤੇ ਇਸ ਕਾਰਨ ਉਸ ਨੂੰ ਸਰਕਾਰ ਜਾਂ ਜਥੇਬੰਦੀ ਤੋਂ ਕਿਸੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਕੁਝ ਦਿਨ ਪਹਿਲਾਂ ਕੁਝ ਮੰਤਰੀਆਂ ਅਤੇ ਕਾਂਗਰਸੀ ਆਗੂਆਂ ਨੇ ਕਾਂਗਰਸ ਹਾਈਕਮਾਨ ਨੂੰ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ ਲਈ ਕਿਹਾ ਸੀ। ਕਾਂਗਰਸ ਵਿਚ ਇਸ ਮਸਲੇ ’ਤੇ ਕਸ਼ਮਕਸ਼ ਚੱਲਦੀ ਰਹੀ ਹੈ ਅਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਇਹ ਮੁੱਦਾ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਵੀ ਉਭਰਿਆ ਅਤੇ ਰਾਹੁਲ ਨੇ ਵੀ ਕਿਹਾ ਕਿ ਪਾਰਟੀ ਜਲਦੀ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਪਾਰਟੀ ਨੇ ਇਸ ਸਬੰਧ ਵਿਚ ਪਾਰਟੀ ਕਾਰਕੁਨਾਂ ਅਤੇ ਲੋਕਾਂ ਤੋਂ ਰਾਇ ਲੈਣੀ ਸ਼ੁਰੂ ਵੀ ਕੀਤੀ ਹੈ।
ਆਮ ਕਰਕੇ ਕਾਂਗਰਸ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰਦੀ। ਦੂਸਰੇ ਸੂਬਿਆਂ ’ਚ ਵੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਿਧਾਇਕਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਬਣਾਏ ਜਾਂਦੇ ਰਹੇ ਹਨ, ਭਾਵੇਂ ਇਸ ’ਚ ਮੁੱਖ ਭੂਮਿਕਾ ਹਾਈਕਮਾਨ ਦੀ ਹੁੰਦੀ ਹੈ ਕਿ ਉਹ ਵਿਧਾਇਕਾਂ ਨੂੰ ਕੀ ਸੰਕੇਤ ਦੇ ਰਹੀ ਹੈ। 2017 ’ਚ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ ਦਾ ਜ਼ੋਰ ਪਾਇਆ ਸੀ ਜੋ ਹਾਈਕਮਾਨ ਨੂੰ ਇਸ ਲਈ ਮੰਨਣਾ ਪਿਆ, ਕਿਉਂਕਿ ਅਜਿਹਾ ਨਾ ਕੀਤੇ ਜਾਣ ਦੀ ਸੂਰਤ ’ਚ ਕੈਪਟਨ ਵੱਖਰੀ ਖੇਤਰੀ ਪਾਰਟੀ ਬਣਾਉਣ ਦੇ ਸੰਕੇਤ ਦੇ ਰਹੇ ਸਨ। ਕੈਪਟਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਪਣੀ ਪਾਰਟੀ ਬਣਾ ਲਈ। ਮੁੱਖ ਮੰਤਰੀ ਦਾ ਚਿਹਰਾ ਪੇਸ਼ ਕੀਤੇ ਜਾਣ ਦੀ ਸਿਆਸਤ ਨੇ ਮੁੱਦਿਆਂ ਦੀ ਸਿਆਸਤ ਨੂੰ ਪਿੱਛੇ ਧੱਕ ਦਿੱਤਾ ਹੈ। ‘ਆਪ’ ਵੱਲੋਂ ਭਗਵੰਤ ਮਾਨ ਅਤੇ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਦੇ ਉਮੀਦਵਾਰ ਹਨ। ਕਾਂਗਰਸ ਅੰਦਰਲੀ ਕਸ਼ਮਕਸ਼ ਹਾਈਕਮਾਨ ਨੂੰ ਸਪੱਸ਼ਟ ਐਲਾਨ ਕਰਨ ਤੋਂ ਰੋਕ ਰਹੀ ਹੈ ਪਰ ਇਸ ਸਮੇਂ ਚਰਨਜੀਤ ਸਿੰਘ ਚੰਨੀ ਨੂੰ ਦੋ ਹਲਕਿਆਂ ਤੋਂ ਉਮੀਦਵਾਰ ਬਣਾਉਣਾ ਮਹੱਤਵਪੂਰਨ ਪਹਿਲਕਦਮੀ ਹੈ।