ਦੇਸ਼ ਦੇ ਉਪ ਪ੍ਰਧਾਨ ਮੰਤਰੀ ਰਹੇ ਹਰਿਆਣਾ ਦੇ ਕੱਦਾਵਰ ਆਗੂ ਮਰਹੂਮ ਚੌਧਰੀ ਦੇਵੀ ਲਾਲ ਦੇ 109ਵੇਂ ਜਨਮ ਦਿਵਸ ਮੌਕੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸਮਾਗਮ ਨੇ ਅੱਧਾ ਦਰਜਨ ਪ੍ਰਮੁੱਖ ਪਾਰਟੀਆਂ ਨੂੰ ਸਾਂਝਾ ਮੰਚ ਪ੍ਰਦਾਨ ਕੀਤਾ। ਦੇਵੀ ਲਾਲ ਪਰਿਵਾਰ ਦੇ ਹਰਿਆਣੇ ਵਿਚ ਦੋਫ਼ਾੜ ਹੋਣ ਕਰਕੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦਾ ਪੁੱਤਰ ਅਭੈ ਚੌਟਾਲਾ ਆਪਣੀ ਗਵਾਚੀ ਹੋਈ ਸਿਆਸੀ ਸਾਖ ਬਹਾਲ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਤੋਂ ਅਲੱਗ ਹੋਇਆ ਚੌਟਾਲਾ ਦਾ ਪੋਤਰਾ ਅਤੇ ਜਨਨਾਇਕ ਜਨਤਾ ਪਾਰਟੀ ਦਾ ਆਗੂ ਦੁਸ਼ਯੰਤ ਚੌਟਾਲਾ ਭਾਜਪਾ ਸਰਕਾਰ ਨਾਲ ਗੱਠਜੋੜ ਕਰਕੇ ਹਰਿਆਣੇ ਦਾ ਉਪ ਮੁੱਖ ਮੰਤਰੀ ਹੈ। ਪਰਿਵਾਰਕ ਫੁੱਟ ਕਾਰਨ ਪਾਰਟੀ ਆਪਣੀ ਹੋਂਦ ਦੀ ਲੜਾਈ ਲੜਦੀ ਦਿਖਾਈ ਦੇ ਰਹੀ ਹੈ। ਰੈਲੀ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਸੀਪੀਐੱਮ ਆਗੂ ਸੀਤਾ ਰਾਮ ਯੇਚੁਰੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੇ ਹਿੱਸਾ ਲਿਆ।
ਚੌਟਾਲਾ ਅਤੇ ਬਾਦਲ ਪਰਿਵਾਰਾਂ ਵਿਚਕਾਰ ਦੋਸਤਾਨਾ ਸਬੰਧ ਹਨ। ਇਸ ਸਮੇਂ ਦੋਵੇਂ ਪਰਿਵਾਰ ਅਤੇ ਉਨ੍ਹਾਂ ਦੀਆਂ ਪਾਰਟੀਆਂ ਸਿਆਸੀ ਸੰਕਟ ਨਾਲ ਜੂਝ ਰਹੀਆਂ ਹਨ; ਦੋਵੇਂ ਕਾਂਗਰਸ ਵਿਰੋਧ ਦੀ ਸਿਆਸਤ ਕਰਦੀਆਂ ਰਹੀਆਂ ਹਨ। ਰੈਲੀ ਕਰਕੇ ਇਨੈਲੋ ਨੇ ਇਹ ਸੰਕੇਤ ਦੇਣ ਦਾ ਯਤਨ ਕੀਤਾ ਹੈ ਕਿ ਉਸ ਦੀ ਸਿਆਸੀ ਤਾਕਤ ਖ਼ਤਮ ਨਹੀਂ ਹੋਈ। ਨਿਤੀਸ਼ ਕੁਮਾਰ ਨੇ 2024 ਵਿਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਪਾਰਟੀ ਨੂੰ ਵਿਆਪਕ ਗੱਠਜੋੜ ਦਾ ਹਿੱਸਾ ਬਣਾਉਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਸ਼ਰਦ ਪਵਾਰ ਵੀ ਨਿਤੀਸ਼ ਕੁਮਾਰ ਦੀ ਦਲੀਲ ਨਾਲ ਸਹਿਮਤ ਦਿਖਾਈ ਦਿੱਤੇ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਅਕਾਲੀ ਦਲ ਨੇ ਭਾਜਪਾ ਦੇ ਉਮੀਦਵਾਰਾਂ ਦੀ ਸਹਾਇਤਾ ਇਸ ਦਲੀਲ ਤਹਿਤ ਕੀਤੀ ਸੀ ਕਿ ਉਹ ਕਿਸੇ ਵੀ ਸੂਰਤ ਵਿਚ ਕਾਂਗਰਸ ਨਾਲ ਨਹੀਂ ਜਾ ਸਕਦੇ।
ਦੇਸ਼ ਵਿਚ ਭਾਜਪਾ ਵਿਰੋਧੀ ਮੁਹਾਜ਼ ਬਣਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ ਕਾਂਗਰਸ ਨਾਲ ਮਿਲ ਕੇ ਚੱਲਣ ਲਈ ਤਿਆਰ ਨਹੀਂ ਪਰ ਉਹ ਖੇਤਰੀ ਧਿਰਾਂ ਨੂੰ ਮਿਲ ਰਹੇ ਹਨ। ਕਈ ਹੋਰ ਪਾਰਟੀਆਂ ਵੀ ਭਾਜਪਾ-ਕਾਂਗਰਸ ਤੋਂ ਬਿਨਾ ਤੀਸਰਾ ਫਰੰਟ ਬਣਾਉਣ ਦੀ ਗੱਲ ਕਰ ਰਹੀਆਂ ਹਨ। ਸਟਾਲਿਨ, ਨਿਤੀਸ਼, ਲਾਲੂ, ਸ਼ਰਦ ਪਵਾਰ ਸਮੇਤ ਕਈ ਮਜ਼ਬੂਤ ਖੇਤਰੀ ਆਗੂ ਕਾਂਗਰਸ ਨਾਲ ਮਿਲ ਕੇ ਸਾਂਝਾ ਮੰਚ ਬਣਾਉਣ ਦੀ ਵਕਾਲਤ ਕਰ ਰਹੇ ਹਨ। ਖੱਬੇ-ਪੱਖੀ ਧਿਰਾਂ ਵੱਖ ਵੱਖ ਰਾਜਾਂ ਦੇ ਸਿਆਸੀ ਹਾਲਾਤ ਅਨੁਸਾਰ ਕਾਂਗਰਸ ਨਾਲ ਚੋਣਾਂ ਤੋਂ ਪਹਿਲਾਂ ਸੀਟਾਂ ਬਾਰੇ ਸਮਝੌਤੇ ਕਰਦੀਆਂ ਰਹੀਆਂ ਹਨ। ਫਿਲਹਾਲ ਸਾਰੀਆਂ ਧਿਰਾਂ ਭਾਜਪਾ ਵਿਰੋਧ ਵਿਚ ਇਕੱਠੀਆਂ ਹੋਣ ਲਈ ਸਾਂਝਾ ਮੰਚ ਬਣਾਉਣ ਦੀ ਤਿਆਰੀ ਤਾਂ ਕਰ ਰਹੀਆਂ ਹਨ ਪਰ ਇਸ ਲਈ ਘੱਟੋ-ਘੱਟ ਪ੍ਰੋਗਰਾਮ ਬਣਾਉਣ ਦੀ ਕਵਾਇਦ ਦਿਖਾਈ ਨਹੀਂ ਦੇ ਰਹੀ। ਕੌਮੀ ਪੱਧਰ ’ਤੇ ਅਜਿਹੇ ਮੁਹਾਜ਼ ਲਈ ਆਗੂ ਤੇ ਕਨਵੀਨਰ ਚੁਣਨ ਲਈ ਗੰਭੀਰ ਸੰਵਾਦ ਦੀ ਜ਼ਰੂਰਤ ਹੈ।