ਅਮਰੀਕਾ ਕੈਨੇਡਾ ਹੱਦ ਉੱਤੇ ਨਵਜੰਮੇ ਬੱਚੇ ਸਮੇਤ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ ਗ਼ੈਰ-ਕਾਨੂੰਨੀ ਪਰਵਾਸ ਨਾਲ ਜੁੜੀ ਅਤਿ ਦੁਖਦਾਈ ਘਟਨਾ ਹੈ। ਗੁਜਰਾਤ ਦੇ ਇਕ ਪਿੰਡ ਨਾਲ ਸੰਬੰਧਿਤ ਵੱਡੇ ਜਥੇ ਦੇ ਹਿੱਸਾ ਇਹ ਗ਼ੈਰ-ਕਾਨੂੰਨੀ ਪਰਵਾਸੀ ਮਨਫ਼ੀ 35 ਡਿਗਰੀ ਤਾਪਮਾਨ ਦੇ ਬਾਵਜੂਦ 11 ਘੰਟਿਆਂ ਤੋਂ ਕੈਨੇਡਾ ਤੋਂ ਅਮਰੀਕਾ ਵੱਲ ਚੱਲ ਰਹੇ ਸਨ। ਇਨ੍ਹਾਂ ਵਿਚ ਇਕ ਪੁਰਸ਼, ਔਰਤ, ਲੜਕਾ ਅਤੇ ਬੱਚਾ ਸ਼ਾਮਿਲ ਸਨ। ਅਮਰੀਕਾ ਦੇ ਮਿਨੀਸੋਟਾ ਰਾਜ ਵਿਚ ਦਰਜ ਰਿਪੋਰਟ ਅਨੁਸਾਰ ਇਹ ਮਨੁੱਖੀ ਤਸਕਰੀ ਦੀ ਘਟਨਾ ਹੈ। ਇਸ ਕੇਸ ਵਿਚ ਤਸਕਰੀ ਦੇ ਦੋਸ਼ ਹੇਠ ਇਕ ਅਮਰੀਕੀ ਨਾਗਰਿਕ ਨੂੰ ਵੀ ਫੜਿਆ ਹੈ। ਅਮਰੀਕਾ ਦੇ ਸ਼ਿਕਾਗੋ ਸਥਿਤ ਭਾਰਤੀ ਦੂਤਾਵਾਸ ਨੇ ਇਕ ਟੀਮ ਮਿਨੀਪੋਲਿਸ ਭੇਜੀ ਹੈ ਜੋ ਜਾਂਚ ਵਿਚ ਮਦਦ ਕਰ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਕਿਹਾ ਹੈ। ਇਹ ਆਪਣੀ ਕਿਸਮ ਦੀ ਕੋਈ ਪਹਿਲੀ ਘਟਨਾ ਨਹੀਂ।
ਗ਼ੈਰ-ਕਾਨੂੰਨੀ ਪਰਵਾਸ ਦੇ ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਦੀ ਰਿਪੋਰਟ ਅਨੁਸਾਰ 2021 ਵਿਚ ਮੈਕਸੀਕੋ-ਅਮਰੀਕਾ ਹੱਦ ਪਾਰ ਕਰਦਿਆਂ 650 ਜੀਆਂ ਦੀ ਜਾਨ ਗਈ। ਸੰਸਥਾ ਨੇ ਇਸ ਰੁਝਾਨ ਦੇ ਵਾਧੇ ਤੇ ਅਫ਼ਸੋਸ ਜਤਾਇਆ ਹੈ। ਇਹ ਸੰਸਥਾ 2014 ਤੋਂ ਗ਼ੈਰ-ਕਾਨੂੰਨੀ ਹੱਦ ਪਾਰ ਕਰਨ ਵਾਲਿਆਂ ਦੇ ਅੰਕੜੇ ਇਕੱਠੇ ਕਰ ਰਹੀ ਹੈ। ਅਮਰੀਕਾ ਅਤੇ ਹੋਰ ਮੁਲਕਾਂ ਦੀਆਂ ਜੇਲ੍ਹਾਂ ਵਿਚ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਗਿਣਤੀ ਵਧ ਰਹੀ ਹੈ। ਟਰੰਪ ਸਰਕਾਰ ਸਮੇਂ ਅਮਰੀਕਾ ਨੇ ਅਜਿਹੇ ਲੋਕਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀ। ਗ਼ੈਰ-ਕਾਨੂੰਨੀ ਪਰਵਾਸ ਕੋਈ ਨਵਾਂ ਵਰਤਾਰਾ ਨਹੀਂ ਬਲਕਿ ਲੰਮੇ ਸਮੇਂ ਤੋਂ ਲੋਕ ਵੱਖ ਵੱਖ ਰਸਤਿਆਂ ਰਾਹੀਂ ਪਹਿਲਾਂ ਇਕ ਮੁਲਕ ਅਤੇ ਫਿਰ ਦੂਜੇ ਤੀਜੇ ਰਾਹੀਂ ਆਪਣਾ ਜੀਵਨ ਜੋਖ਼ਿਮ ਵਿਚ ਪਾ ਕੇ ਜਾ ਰਹੇ ਹਨ। ਇਸ ਦਾ ਅਰਥ ਇਹ ਵੀ ਹੈ ਕਿ ਉਹ ਆਪਣੇ ਮੁਲਕ ਵਿਚ ਭਵਿੱਖ ਦੀ ਸੰਭਾਵਨਾ ਛੱਡ ਚੁੱਕੇ ਹਨ। ਇਸੇ ਲਈ ਅਮਰੀਕਾ, ਕੈਨੇਡਾ ਅਤੇ ਹੋਰ ਵਿਕਸਤ ਮੁਲਕ ਉਨ੍ਹਾਂ ਜਾਂ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਦੇ ਮੁਲਕ ਵਜੋਂ ਦਰਜ ਹੋ ਚੁੱਕੇ ਹਨ।
ਭਾਰਤੀ ਹਾਕਮ ਲੱਖ ਦਾਅਵੇ ਕਰਨ ਕਿ ਮੁਲਕ ਨੂੰ ਸੰਸਾਰ ਤਾਕਤ ਬਣਾ ਦੇਵਾਂਗੇ ਜਾਂ ਅਗਲੀ ਸਦੀ ਭਾਰਤ ਦੇ ਨਾਮ ਹੋਵੇਗੀ ਪਰ ਫਿਲਹਾਲ ਵੱਖ ਵੱਖ ਰਾਜਾਂ, ਖ਼ਾਸਕਰ ਵਿਕਸਤ ਰਾਜਾਂ ਵਿਚੋਂ ਪਰਵਾਸ ਅਜਿਹੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਰਿਹਾ ਹੈ। ਸਿਆਸੀ ਜਮਾਤ ਵਾਸਤੇ ਇਹ ਕੋਈ ਬੁਰਾ ਰੁਝਾਨ ਨਹੀਂ ਬਲਕਿ ਉਨ੍ਹਾਂ ਦੀਆਂ ਨੀਤੀਆਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਿਚ ਸਹਾਇਤਾ ਕਰਨ ਵਾਲੀਆਂ ਹਨ। ਗੁਜਰਾਤ, ਕੇਰਲ, ਪੰਜਾਬ ਆਦਿ ਤੋਂ ਕਾਨੂੰਨੀ ਗ਼ੈਰ-ਰਕਾਨੂੰਨੀ ਪਰਵਾਸ ਸਭ ਤੋਂ ਵੱਧ ਹੋ ਰਿਹਾ ਹੈ। ਇਸ ਦੇ ਬਾਵਜੂਦ ਸਿਆਸੀ ਜਮਾਤ ਦੇ ਅੰਦਰ ਜਾਂ ਸਮਾਜਿਕ ਖੇਤਰ ਵਿਚ ਪਰਵਾਸ ਦੇ ਚੰਗੇ-ਮਾੜੇ ਪੱਖਾਂ ਜਾਂ ਬੇਭਰੋਸਗੀ ਨੂੰ ਭਰੋਸੇ ਵਿਚ ਤਬਦੀਲ ਕਰਨ ਲਈ ਕੋਈ ਸੰਵਾਦ ਦਿਖਾਈ ਨਹੀਂ ਦੇ ਰਿਹਾ। ਜਿਹੜਾ ਰਾਜ ਜਾਂ ਮੁਲਕ ਆਪਣਾ ਹੁਨਰ, ਲਿਆਕਤ, ਪ੍ਰਤਿਭਾ ਅਤੇ ਧਨ-ਦੌਲਤ ਮੁਲਕ ਵਿਚ ਰੱਖਣ ਦੀ ਵਿਉਂਤ ਨਹੀਂ ਬਣਾਉਂਦਾ, ਉਹ ਵਿਕਸਤ ਜਾਂ ਲੋਕਾਂ ਲਈ ਬਿਹਤਰ ਜੀਵਨ ਦੇਣ ਦੀ ਸੋਚ ਵੀ ਨਹੀਂ ਸਕਦਾ। ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਨੀਤੀਗਤ ਫ਼ੈਸਲੇ ਕਰਨ ਦੀ ਲੋੜ ਹੈ।