ਅੱਜ ਤੋਂ ਸੌ ਸਾਲ ਪਹਿਲਾਂ 14 ਦਸੰਬਰ 1920 ਨੂੰ ਅੰਮ੍ਰਿਤਸਰ ਵਿਚ ਗੁਰਦੁਆਰਾ ਸੁਧਾਰ ਲਹਿਰ ਲਈ ਬਣੇ ਵੱਖ ਵੱਖ ਇਲਾਕਿਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਇਕ ਕੇਂਦਰੀ ਜਥੇਬੰਦੀ ਜਿਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੋਵੇ, ਬਣਾਈ ਜਾਵੇ। ਇਸ ਦੇ ਪਹਿਲੇ ਪ੍ਰਧਾਨ ਸ. ਸੁਰਮੁੱਖ ਸਿੰਘ ਝਬਾਲ ਚੁਣੇ ਗਏ। ਇਹ ਜਥੇਬੰਦੀ ਬਣਨ ਨਾਲ ਸਿੱਖ ਭਾਈਚਾਰੇ ਦੇ ਜੁਝਾਰੂ ਵਿਰਸੇ ਨੂੰ ਨਵੀਂ ਨੁਹਾਰ ਮਿਲੀ ਅਤੇ ਇਸ ਸਿਆਸੀ ਪਾਰਟੀ ਨੇ ਬਸਤੀਵਾਦੀ ਰਾਜ ਵਿਰੁੱਧ ਸ਼ਾਂਤਮਈ ਸੰਘਰਸ਼ ਵਿੱਢਦਿਆਂ ਆਪਣੇ ਵਿਰਸੇ ਦੀ ਪੁਨਰ-ਸਿਰਜਣਾ ਦਾ ਕਾਰਜ ਵੀ ਸ਼ੁਰੂ ਕੀਤਾ। ਇਸ ਪਾਰਟੀ ਦੇ ਬਣਨ ਵਿਚ ਪਗੜੀ ਸੰਭਲ ਜੱਟਾ ਅਤੇ ਗ਼ਦਰ ਪਾਰਟੀ ਦੀਆਂ ਲਹਿਰਾਂ ਦੇ ਨਾਲ ਨਾਲ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਜੀਵਨ ਵਿਚ ਰੌਲਟ ਐਕਟ ਵਿਰੁੱਧ ਉੱਠੀ ਲਹਿਰ (ਜਿਸ ਦੌਰਾਨ 13 ਅਪਰੈਲ 1919 ਦਾ ਜਲ੍ਹਿਆਂਵਾਲੇ ਬਾਗ਼ ਦਾ ਦੁਖਾਂਤ ਹੋਇਆ) ਦਾ ਖ਼ਾਮੀਰ ਵੀ ਸ਼ਾਮਿਲ ਸਨ। ਉਸ ਵੇਲੇ ਪੰਜਾਬ ਦੇਸ਼ ਦੀ ਸਿਆਸਤ ਵਿਚ ਉੱਘੀ ਅਤੇ ਅਗਵਾਈ ਵਾਲੀ ਭੂਮਿਕਾ ਨਿਭਾ ਰਿਹਾ ਸੀ ਜਿਵੇਂ ਅੱਜ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਖੇਤਰ ਨਾਲ ਸਬੰਧਿਤ ਕਾਨੂੰਨਾਂ ਵਿਰੁੱਧ ਚਲਾਏ ਜਾ ਰਹੇ ਅੰਦੋਲਨ ਵਿਚ ਨਿਭਾ ਰਿਹਾ ਹੈ।
ਪਿਛਲੀ ਸਦੀ ਦੇ ਸ਼ੁਰੂ ਵਿਚ ਪੰਜਾਬ ਦੇ ਗੁਰਦੁਆਰੇ ਭ੍ਰਿਸ਼ਟ ਹੋ ਚੁੱਕੇ ਪੁਜਾਰੀਆਂ ਤੇ ਮਹੰਤਾਂ ਦੇ ਹੱਥਾਂ ਵਿਚ ਸਨ ਅਤੇ ਅੰਗਰੇਜ਼ ਸਰਕਾਰ ਉਨ੍ਹਾਂ ਦੀ ਪਿੱਠ ’ਤੇ ਸੀ। 1920 ਵਿਚ ਅਕਾਲੀ ਦਲ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਅਕਾਲੀ ਸੰਘਰਸ਼ ਸੁਰੂ ਹੋ ਚੁੱਕਾ ਸੀ ਅਤੇ ਵੱਖ ਵੱਖ ਸਥਾਨਕ ਅਕਾਲੀ ਜਥਿਆਂ ਨੇ ਗੁਰਦੁਆਰਿਆਂ ਨੂੰ ਪੁਜਾਰੀਆਂ ਤੋਂ ਆਜ਼ਾਦ ਕਰਾਉਣ ਲਈ ਸ਼ਾਂਤਮਈ ਢੰਗ ਨਾਲ ਯਤਨ ਕਰਨੇ ਸ਼ੁਰੂ ਕਰ ਦਿੱਤੇ ਸਨ। ਦਰਬਾਰ ਸਾਹਿਬ ਤਰਨ ਤਾਰਨ ਨੂੰ ਮਹੰਤ ਤੋਂ ਆਜ਼ਾਦ ਕਰਵਾਉਣ ਲਈ ਵਿੱਢੇ ਗਏ ਸੰਘਰਸ਼ ਵਿਚ ਭਾਈ ਹੁਕਮ ਸਿੰਘ ਅਤੇ ਭਾਈ ਹਜ਼ਾਰਾ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਅਤੇ ਲਹਿਰ ਦੇ ਪਹਿਲੇ ਸ਼ਹੀਦ ਬਣੇ। 20 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਦੀ ਅਗਵਾਈ ਵਾਲਾ ਜਥਾ ਨਨਕਾਣਾ ਸਾਹਿਬ ਪਹੁੰਚਿਆ ਜਿਸ ਉੱਤੇ ਮਹੰਤ ਨਰਾਇਣ ਦਾਸ ਦੇ ਭਾੜੇ ’ਤੇ ਲਏ ਹਮਾਇਤੀਆਂ ਨੇ ਗੋਲੀ ਚਲਾਈ ਜਿਸ ਵਿਚ 100 ਤੋਂ ਜ਼ਿਆਦਾ ਅਕਾਲੀ ਸ਼ਹੀਦ ਹੋਏ। ਇਸ ਤਰ੍ਹਾਂ ਇਸ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਨਾਲ ਸ਼ੁਰੂ ਹੋਇਆ ਅਤੇ ਇਹ ਸਿਲਸਿਲਾ ਗੁਰੂ ਦਾ ਬਾਗ਼, ਜੈਤੋ ਦਾ ਮੋਰਚਾ ਅਤੇ ਹੋਰ ਮੋਰਚਿਆਂ ਦੇ ਰੂਪ ਵਿਚ ਚੱਲਦਾ ਰਿਹਾ। ਅਕਾਲੀਆਂ ਦੀ ਕਾਲੀ ਪੱਗ ਬਗ਼ਾਵਤ ਦਾ ਪ੍ਰਤੀਕ ਬਣ ਗਈ।
ਨਵੇਂ ਬਣੇ ਅਕਾਲੀ ਦਲ ਦੁਆਰਾ ਪੰਜਾਬ ਅਤੇ ਖ਼ਾਸ ਕਰਕੇ ਇਸ ਦੇ ਦਿਹਾਤੀ ਇਲਾਕਿਆਂ ਨੂੰ ਊਰਜਿਤ ਕਰਨ ਦਾ ਬਿਆਨ ਸੋਹਨ ਸਿੰਘ ਜੋਸ਼ ਨੇ ਇਉਂ ਕੀਤਾ ਹੈ: ‘‘ਅਕਾਲੀਆਂ ਵਿਚ ਲੋਹੜੇ ਦਾ ਜੋਸ਼ ਤੇ ਉਤਸ਼ਾਹ ਸੀ। ਇਹ ਨਵੇਂ ਮੁਜਾਹਿਦ ਪੈਦਾ ਹੋਏ ਜਿਹੜੇ ਕਮਰਕੱਸੇ ਬੰਨ੍ਹੀਂ, ਗਾਤਰਿਆਂ ਵਿਚ ਵੱਡੀਆਂ ਛੋਟੀਆਂ ਕਿਰਪਾਨਾਂ ਪਾਈ, ਪਿੰਡਾਂ ਵਿਚ ਮਿਸ਼ਨਰੀਆਂ ਜਿਹੀ ਜੇਤੂ ਸਪਿਰਟ ਲੈ ਕੇ ਜਾਂਦੇ ਸਨ ਅਤੇ ਪਿੰਡਾਂ ਨੂੰ ਅਕਾਲੀ ਦਲ ਨਾਲ ਜੋੜੀ ਜਾਂਦੇ ਸਨ। ਇਨ੍ਹਾਂ ਦੀ ਖਲੜੀ ਵਿਚ ਕੋਈ ਡਰ-ਭਉ ਨਹੀਂ ਸੀ ਰਿਹਾ। ਇਨ੍ਹਾਂ ਦਾ ਹਰਮਨ ਪਿਆਰਾ ਗੀਤ ਇਹ ਸੀ: ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।’ ਵਾਤਾਵਰਨ ਵਿਚ ਨਵ-ਜ਼ਿੰਦਗੀ ਦੀ ਸੁਗੰਧੀ ਖਿਲਰ ਰਹੀ ਸੀ।…ਅਕਾਲੀਆਂ ਦੀਆਂ ਇਹ ਦੋਵੇਂ ਸ਼੍ਰੋਮਣੀ ਜਥੇਬੰਦੀਆਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ) ਇਕ ਜ਼ਬਰਦਸਤ ਤਾਕਤ ਬਣ ਗਈਆਂ ਅਤੇ ਇਨ੍ਹਾਂ ਨੇ ਮੋਰਚੇ ਲਾ ਕੇ ਅੰਗਰੇਜ਼ ਸਾਮਰਾਜ ਦੇ ਸਤਕਾਰ ਤੇ ਵੱਕਾਰ ਨੂੰ ਮਿੱਟੀ ਵਿਚ ਰੋਲਿਆ। ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਅੰਗਰੇਜ਼ੀ ਰਾਜ ਲਈ ਸਭ ਤੋਂ ਵੱਡਾ ਹਊਆ ਬਣ ਗਈ ਅਤੇ ਹਾਕਮਾਂ ਨੇ ਇਸ ਦੇ ਮੈਂਬਰਾਂ ਦੇ (ਅਕਾਲੀ ਦਲ ਦੇ ਲਗਾਏ ਮੋਰਚਿਆਂ ਦੌਰਾਨ) ਚਾਰ ਚਾਰ ਦੀ ਕਤਾਰ ਵਿਚ ਹੋ ਕੇ, ਕਦਮ ਮਿਲਾ ਕੇ ਮਾਰਚ ਕਰਨ ਨੂੰ ਅੰਗਰੇਜ਼ ਰਾਜ ਲਈ ਬੜਾ ਵੱਡਾ ਖ਼ਤਰਾ ਅਨੁਭਵ ਕੀਤਾ।’’
ਗੁਰੁਦਆਰਾ ਸੁਧਾਰ ਲਹਿਰ ਤੋਂ ਬਾਅਦ ਅਕਾਲੀ ਦਲ ਦਾ ਸਭ ਤੋਂ ਵੱਡਾ ਰਾਜਸੀ ਐਕਸ਼ਨ ਸਾਈਮਨ ਕਮਿਸ਼ਨ ਦਾ ਬਾਈਕਾਟ ਸੀ। 3 ਫਰਵਰੀ 1928 ਨੂੰ ਕਾਂਗਰਸੀਆਂ ਅਤੇ ਅਕਾਲੀਆਂ ਨੇ ਸਾਈਮਨ ਕਮਿਸ਼ਨ ਵਿਰੁੱਧ ਸਾਂਝੇ ਮੁਜ਼ਾਹਰੇ ਕੀਤੇ। ਜਦ 1929 ਵਿਚ ਲਾਹੌਰ ਵਿਚ ਰਾਵੀ ਕੰਢੇ ਹੋਏ ਇਜਲਾਸ ਵਿਚ ਕਾਂਗਰਸ ਨੇ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਤਾਂ ਅਕਾਲੀਆਂ ਨੇ ਇਸ ਦੀ ਹਮਾਇਤ ਕੀਤੀ ਅਤੇ 26 ਜਨਵਰੀ 1930 ਨੂੰ ਮਨਾਏ ‘ਸੁਤੰਤਰਤਾ ਦਿਵਸ’ ਵਿਚ ਅਕਾਲੀ ਦਲ ਦੇ ਕਾਰਕੁਨ ਅਤੇ ਹਮਾਇਤੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। 1930 ਵਿਚ ਅਕਾਲੀ ਦਲ ਕਾਂਗਰਸ ਦੀ ਅਗਵਾਈ ਵਾਲੀ ‘ਸਿਵਲ ਨਾਫ਼ਰਮਾਨੀ ਲਹਿਰ’ ਵਿਚ ਸ਼ਾਮਲ ਹੋਇਆ ਅਤੇ ਕਾਂਗਰਸੀ ਆਗੂ ਲਾਲਾ ਦੁਨੀ ਚੰਦ ਅਨੁਸਾਰ ਵਸੋਂ ਦੇ ਅਨੁਪਾਤ ਦੇ ਪੱਖ ਤੋਂ ਸਿੱਖਾਂ ਨੇ ਜੇਲ੍ਹ ਵਿਚ ਸਭ ਤੋਂ ਵੱਧ ਵਾਲੰਟੀਅਰ ਭੇਜੇ।
ਆਜ਼ਾਦੀ ਤੋਂ ਬਾਅਦ ਅਕਾਲੀ ਦਲ ਨੇ ਮਈ 1950 ਵਿਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਉਠਾਈ ਜਿਹੜੀ ਕਈ ਸੰਘਰਸ਼ਾਂ ਬਾਅਦ 1966 ਵਿਚ ਪੰਜਾਬੀ ਸੂਬਾ ਬਣਨ ਦੇ ਰੂਪ ਵਿਚ ਸਵੀਕਾਰ ਕੀਤੀ ਗਈ। 1967 ਵਿਚ ਅਕਾਲੀ ਦਲ ਨੂੰ ਸਾਂਝੇ ਮੋਰਚੇ ਦੇ ਆਗੂ ਵਜੋਂ ਪਹਿਲੀ ਵਾਰ ਸੱਤਾ ਮਿਲੀ ਜਿਸ ਵਿਚ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ। 30 ਸਤੰਬਰ 1968 ਨੂੰ ਬਟਾਲੇ ਵਿਚ ਹੋਈ ਅਕਾਲੀ ਕਾਨਫ਼ਰੰਸ ਨੇ ਰਾਜਾਂ ਨੂੰ ਫ਼ੈਡਰਲ ਆਧਾਰ ’ਤੇ ਵਧੇਰੇ ਖ਼ੁਦਮੁਖ਼ਤਾਰੀ ਦੇਣ ਦੀ ਮੰਗ ਕੀਤੀ। ਇਸ ਮੰਗ ਨੂੰ 13 ਅਪਰੈਲ 1973 ਨੂੰ ‘ਆਨੰਦਪੁਰ ਸਾਹਿਬ ਦੇ ਮਤੇ’ ਵਿਚ ਵਿਸਥਾਰ ਦਿੱਤਾ ਗਿਆ। 1975 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਾ ਦਿੱਤੀ। ਜੂਨ 1975 ਦੇ ਅੰਤ ਵਿਚ ਅਕਾਲੀ ਦਲ ਦੀ ਕਾਰਜਕਾਰਨੀ ਨੇ ਕਾਂਗਰਸ ਦੀ ‘ਫਾਸ਼ੀਵਾਦੀ ਰੁਚੀ’ ਦੇ ਖ਼ਿਲਾਫ਼ ਲੜਾਈ ਕਰਨ ਦਾ ਮਤਾ ਪਾਸ ਕੀਤਾ ਅਤੇ ਜੁਲਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਮਹੂਰੀਅਤ ਨੂੰ ਬਚਾਉਣ ਲਈ ਮੋਰਚਾ ਆਰੰਭਿਆ। ਇਸ ਸੰਘਰਸ਼ ਸਦਕਾ ਦਲ ਦਾ ਆਧਾਰ ਹੋਰ ਵਿਸ਼ਾਲ ਹੋਇਆ ਅਤੇ 1977 ਵਿਚ ਪਾਰਟੀ ਫਿਰ ਸੱਤਾ ਵਿਚ ਆਈ। 1966 ਵਿਚ ਭਾਸ਼ਾ ਦੇ ਆਧਾਰ ’ਤੇ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਸਭ ਤੋਂ ਜ਼ਿਆਦਾ ਦੇਰ ਸੱਤਾ ਵਿਚ ਰਹਿਣ ਵਾਲੀ ਪਾਰਟੀ ਹੈ।
ਲੋਕ ਇਹ ਪ੍ਰਸ਼ਨ ਪੁੱਛ ਰਹੇ ਹਨ ਕਿ ਇੰਨੇ ਵੱਡੇ ਇਤਿਹਾਸਕ ਪਿਛੋਕੜ ਵਾਲੀ ਇਸ ਪਾਰਟੀ ਦਾ ਵਰਤਮਾਨ ਸਰੂਪ ਕਿਹੋ ਜਿਹਾ ਹੈ। ਅਕਾਲੀ ਦਲ ਕਈ ਦਹਾਕਿਆਂ ਤੋਂ ਕੇਂਦਰ ਅਤੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨਾਲ ਸੱਤਾ ਦਾ ਭਾਈਵਾਲ ਰਿਹਾ ਹੈ। ਸੱਤਾ ਦੇ ਮੋਹ ਕਾਰਨ ਪਿਛਲੇ ਕੁਝ ਵਰ੍ਹਿਆਂ ਦੌਰਾਨ ਦਲ ਨੇ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦੇ ਵਿਰੁੱਧ ਹੋਈ ਹਜੂਮੀ ਹਿੰਸਾ, ਧਾਰਾ 370 ਦੇ ਮਨਸੂਖ਼ ਕਰਨ ਅਤੇ ਨਾਗਰਿਕਤਾ ਸੋਧ ਬਿਲ ਪਾਸ ਕਰਨ ਦਾ ਕੋਈ ਵਿਰੋਧ ਨਹੀਂ ਕੀਤਾ। ਦਲ ਨੇ ਦੇਸ਼ ਦੇ ਸੰਘੀ ਢਾਂਚੇ ਦੀ ਰਾਖੀ ਕਰਨ ਅਤੇ ਘੱਟਗਿਣਤੀਆਂ ਦੇ ਹੱਕ ਵਿਚ ਆਵਾਜ਼ ਉਠਾਉਣ ਦੇ ਅਸੂਲਾਂ ਨੂੰ ਵੀ ਪਿੱਠ ਵਿਖਾਈ ਹੈ।
ਜੂਨ 2020 ਵਿਚ ਜਦ ਮੌਜੂਦਾ ਕੇਂਦਰੀ ਸਰਕਾਰ ਨੇ ਖੇਤੀ ਖੇਤਰ ਨਾਲ ਸਬੰਧਿਤ ਆਰਡੀਨੈਂਸ ਜਾਰੀ ਕੀਤੇ ਤਾਂ ਅਕਾਲੀ ਦਲ ਕੇਂਦਰੀ ਸਰਕਾਰ ਵਿਚ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਸੀ। ਬਹੁਤ ਦੇਰ ਅਕਾਲੀ ਆਗੂ ਇਨ੍ਹਾਂ ਆਰਡੀਨੈਂਸਾਂ (ਜੋ ਹੁਣ ਕਾਨੂੰਨ ਬਣ ਗਏ ਹਨ) ਨੂੰ ਸਹੀ ਦਰਸਾਉਂਦੇ ਰਹੇ ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਅਜਿਹਾ ਵਿਸ਼ਾਲ ਕਿਸਾਨ ਅੰਦੋਲਨ ਹੋਂਦ ਵਿਚ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਸਰਕਾਰ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪਿਆ।
ਪ੍ਰਮੁੱਖ ਸਵਾਲ ਇਹ ਹਨ ਕਿ ਸੌ ਸਾਲ ਪਹਿਲਾਂ ਪੰਜਾਬ ਦੇ ਵਾਤਾਵਰਨ ਵਿਚ ‘ਨਵ-ਜ਼ਿੰਦਗੀ ਦੀ ਸੁਗੰਧੀ’ ਖਿਲਾਰਨ ਵਾਲੀ ਪਾਰਟੀ ਵਿਚ ਇੰਨਾ ਵੱਡਾ ਨਿਘਾਰ ਕਿਉਂ ਆਇਆ ਹੈ? ਦਲ ਨੇ ਆਪਣੇ ਸ਼ਾਨਦਾਰ ਇਤਿਹਾਸਕ ਪਿਛੋਕੜ ਅਤੇ ਜਮਹੂਰੀ ਪਿਰਤਾਂ ਤੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਕਿਉਂ ਫੜ ਲਿਆ ਹੈ? ਕਿਉਂ ਪਾਰਟੀ ਦੇ ਆਗੂਆਂ ਦੇ ਚਿਹਰੇ, ਬੋਲੀ ਅਤੇ ਜੀਵਨ-ਜਾਚ ਕਿਸਾਨ-ਮੁਖੀ ਘੱਟ ਤੇ ਸਰਮਾਏਦਾਰ-ਮੁਖੀ ਜ਼ਿਆਦਾ ਲੱਗਦੇ ਹਨ? ਪਾਰਟੀ ਦਾ ਭੋਇੰ-ਮੁਖੀ ਕਿਰਦਾਰ ਕਿਉਂ ਲੋਪ ਹੋ ਗਿਆ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਬਹੁਤ ਜਟਿਲ ਹਨ। ਫੈਡਰਲਿਜ਼ਮ, ਖੇਤਰੀ ਹਿੱਤਾਂ ਅਤੇ ਘੱਟਗਿਣਤੀ ਫ਼ਿਰਕਿਆਂ ਦੇ ਹੱਕਾਂ ਦੀ ਅਲੰਬਰਦਾਰ ਬਣਨ ਦੀ ਸਮਰੱਥਾ ਰੱਖਦੀ ਇਸ ਪਾਰਟੀ ਕੋਲ ਅੱਜ ਪੰਜਾਬ ਤੇ ਦੇਸ਼ ਦੀ ਸਿਆਸਤ ਨੂੰ ਸੇਧ ਦੇਣ ਵਾਲਾ ਕੋਈ ਸਿਆਸੀ ਤੇ ਸਮਾਜਿਕ ਏਜੰਡਾ ਨਹੀਂ ਹੈ। ਲੋਕਾਂ ਨੂੰ ਯਾਦ ਹੈ ਕਿ ਇਸ ਪਾਰਟੀ ਦੇ ਰਾਜ ਵਿਚ ਪੰਜਾਬ ਨਸ਼ਿਆਂ ਦੇ ਥਾਹਹੀਣੇ ਸਮੁੰਦਰ ਵਿਚ ਡੁੱਬ ਗਿਆ। ਰਿਸ਼ਵਤਖ਼ੋਰੀ ਸਿਖਰਾਂ ’ਤੇ ਪਹੁੰਚੀ। ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਕਰਦੇ ਰਹੇ ਪਰ ਆਪਣੇ ਆਪ ਨੂੰ ਕਿਸਾਨੀ ਦੀ ਪੱਤ ਰੱਖਣ ਵਾਲੀ ਪਾਰਟੀ ਕਹਾਉਣ ਵਾਲੇ ਇਸ ਦਲ ਦੇ ਆਗੂ ਜਾਤੀ ਲਾਲਚ ਦੀਆਂ ਹੱਦਾਂ ਵਿਚ ਘਿਰ ਕੇ ਰਹਿ ਗਏ; ਉਨ੍ਹਾਂ ਗ਼ਰੀਬ-ਗੁਰਬਿਆਂ ਦੀ ਆਵਾਜ਼ ਸੁਣਨੀ ਬੰਦ ਹੋ ਗਈ; ਉਹ ਆਗੂ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਥੇਦਾਰ ਕਹਿ ਕੇ ਪਿਆਰਿਆ ਸੀ, ਵੱਡੀਆਂ ਵੱਡੀਆਂ ਕਾਰਾਂ, ਕੋਠੀਆਂ ਤੇ ਕਾਰੋਬਾਰਾਂ ਦੇ ਕੈਦੀ ਬਣ ਗਏ।
ਪੰਜਾਬ ਦੇ ਲੋਕ ਇਸ ਪਾਰਟੀ ’ਚੋਂ ਇਸ ਦੇ ਸ਼ਾਨਦਾਰ ਇਤਿਹਾਸਕ ਵਿਰਸੇ ਦੇ ਨਿਸ਼ਾਨ ਲੱਭਣਾ ਚਾਹੁੰਦੇ ਹਨ ਪਰ ਇਹ ਨਿਸ਼ਾਨ ਕਿਤੇ ਨਜ਼ਰ ਨਹੀਂ ਆਉਂਦੇ। ਇਹ ਕਿੱਡਾ ਵੱਡਾ ਵਿਰੋਧਾਭਾਸ ਹੈ ਕਿ ਉਹ ਪਾਰਟੀ ਜਿਸ ਬਾਰੇ ਸੋਹਨ ਸਿੰਘ ਜੋਸ਼ ਨੇ ਲਿਖਿਆ ਸੀ ਕਿ ‘‘ਇਸ ਦੀ ਬੁਨਿਆਦ ਆਮ ਕਿਰਸਾਨ ਤੇ ਗ਼ਰੀਬ ਪੇਂਡੂ ਲੋਕ ਸਨ’’, ਅੱਜ ਉਨ੍ਹਾਂ ਲੋਕਾਂ ਤੋਂ ਬੇਗ਼ਾਨੀ ਹੋਈ ਖੜ੍ਹੀ ਹੈ। ਸੌ ਸਾਲ ਪਹਿਲਾਂ ਅੰਗਰੇਜ਼ਾਂ ਦੇ ਜਬਰ ਦਾ ਸਾਹਮਣਾ ਕਰਨ ਵਾਲੀ ਇਸ ਪਾਰਟੀ ਦਾ ਮੌਜੂਦਾ ਏਜੰਡਾ 2022 ਦੀਆਂ ਚੋਣਾਂ ਵਿਚ ਸੱਤਾ ਹਾਸਿਲ ਕਰਨ ਤਕ ਸੀਮਤ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦਾ ਦੁਖਾਂਤ ਵੀ ਹੈ ਅਤੇ ਪੰਜਾਬ ਦੀ ਸਿਆਸਤ ਦਾ ਵੀ। ਹਿੰਮਤ ਵਧਾਉਣ ਵਾਲੀ ਗੱਲ ਇਹ ਹੈ ਕਿ 100 ਸਾਲਾਂ ਬਾਅਦ ਪੰਜਾਬ ਫਿਰ ਦੇਸ਼ ਦੀ ਅਗਵਾਈ ਕਰ ਰਿਹਾ ਪਰ ਇਸ ਸਮੇਂ ਅਗਵਾਈ ਕਰਨ ਵਾਲੀ ਧਿਰ ਕੋਈ ਸਿਆਸੀ ਪਾਰਟੀ ਨਹੀਂ ਸਗੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹਨ।
-ਸਵਰਾਜਬੀਰ