ਰੂਸ ਅਤੇ ਯੂਕਰੇਨ ਦਰਮਿਆਨ ਸ਼ੁਰੂ ਹੋਈ ਜੰਗ ਨੂੰ ਸੌ ਦਿਨ ਪੂਰੇ ਹੋ ਗਏ ਹਨ। ਵਿਆਪਕ ਤਬਾਹੀ ਅਤੇ ਦੁਨੀਆ ਭਰ ਵਿਚ ਇਸ ਦੇ ਆਰਥਿਕ ਅਤੇ ਸਮਾਜਿਕ ਅਸਰ ਦੇਖੇ ਜਾ ਸਕਦੇ ਹਨ। ਰੂਸ ਨੇ ਯੂਕਰੇਨ ਦੇ ਯੂਰੋਪੀਅਨ ਯੂਨੀਅਨ ਅਤੇ ਖ਼ਾਸ ਤੌਰ ’ਤੇ ਨਾਟੋ ਵੱਲ ਵਧਦੇ ਝੁਕਾਅ ਦੇ ਬਹਾਨੇ ਹਮਲਾ ਕੀਤਾ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਪੂਰਬੀ ਯੂਰਪ ਦੇ ਹਿੱਸੇ ਵਿਚ ਰੂਸ ਦਾ ਦਬਦਬਾ ਬਹਾਲ ਕਰਨਾ ਚਾਹੁੰਦਾ ਹੈ। ਉਸ ਨੂੰ ਉਮੀਦ ਸੀ ਕਿ ਯੂਕਰੇਨ ਬਹੁਤ ਜਲਦੀ ਹਾਰ ਮੰਨ ਲਵੇਗਾ ਪਰ ਨਾਟੋ ਦੇਸ਼ਾਂ ਅਤੇ ਖ਼ਾਸ ਤੌਰ ਉੱਤੇ ਅਮਰੀਕਾ ਦੁਆਰਾ ਹਥਿਆਰ ਮੁਹੱਈਆ ਕਰਵਾਏ ਜਾਣ ਕਾਰਨ ਇਹ ਜੰਗ ਲੰਮੀ ਚੱਲਦੀ ਗਈ। ਯੂਕਰੇਨ ਦਾ ਰਾਸ਼ਟਰਪਤੀ ਵਲਾਦੀਮੀਰ ਜੈਲੇਂਸਕੀ ਅੰਤਿਮ ਦਮ ਤੱਕ ਲੜਾਈ ਲੜਨ ਦੀ ਰੌਂਅ ਵਿਚ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦੇ ਕੀਵ ਸਕੂਲ ਆਫ ਇਕਨਾਮਿਕਸ ਦੇ ਅਨੁਮਾਨ ਅਨੁਸਾਰ ਜੰਗ ਦੌਰਾਨ ਯੂਕਰੇਨ ਨੂੰ 92 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। 4.5 ਅਰਬ ਡਾਲਰ ਦੀਆਂ ਇਮਾਰਤਾਂ ਤਬਾਹ ਹੋਈਆਂ ਹਨ।
ਯੂਨੀਸੈਫ਼ ਦੀ ਰਿਪੋਰਟ ਮੁਤਾਬਿਕ ਜੰਗ ਦੌਰਾਨ 52 ਲੱਖ ਬੱਚਿਆਂ ਨੂੰ ਸਹਾਇਤਾ ਦੀ ਲੋੜ ਪਈ। 262 ਬੱਚੇ ਮਾਰੇ ਗਏ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਅਨਾਜ ਦਾ ਸੰਕਟ ਪੈਦਾ ਹੋ ਗਿਆ। ਲਗਭਗ 45 ਦੇਸ਼ਾਂ ਅੰਦਰ ਖੁਰਾਕੀ ਸੰਕਟ ਬੇਹੱਦ ਗਹਿਰਾ ਹੈ। ਇਸ ਜੰਗ ਨੇ ਭਾਰਤ ਵਿਚ ਮਹਿੰਗਾਈ ਅਤੇ ਆਰਥਿਕ ਸੰਕਟ ਵਧਾਉਣ ਵਿਚ ਵੀ ਭੂਮਿਕਾ ਨਿਭਾਈ ਹੈ। ਫੌਰਨ ਪੋਰਟਫੋਲੀਓ ਇਨਵੈਸਟਰਜ਼ ਅਨੁਸਾਰ ਜੰਗ ਦੇ ਲਗਭਗ ਸਾਢੇ ਤਿੰਨ ਮਹੀਨਿਆਂ ਦੌਰਾਨ ਵਿਦੇਸ਼ੀ ਕੰਪਨੀਆਂ ਨੇ ਭਾਰਤ ਤੋਂ ਇਕ ਲੱਖ ਕਰੋੜ ਰੁਪਏ ਖਿੱਚ ਲਏ ਹਨ। ਮੈਡੀਕਲ ਕੋਰਸਾਂ ਵਿਚ ਦਾਖ਼ਲ ਹੋਏ ਹਜ਼ਾਰਾਂ ਵਿਦਿਆਰਥੀਆਂ ਦੇ ਵਾਪਸ ਆਉਣ ਨੇ ਵਿਦਿਅਕ ਖੇਤਰ ਵਿਚ ਵੱਡੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ।
ਸੰਯੁਕਤ ਰਾਸ਼ਟਰ ਸੰਘ ਨੇ ਕਈ ਮੀਟਿੰਗਾਂ ਕੀਤੀਆਂ ਜਿਨ੍ਹਾਂ ਵਿਚ ਜੰਗ ਬੰਦ ਕਰਵਾਉਣ ਅਤੇ ਜੰਗ ਦੌਰਾਨ ਪੀੜਤਾਂ ਦੀ ਮਦਦ ਕਰਨ ਦੇ ਉਪਰਾਲੇ ਕੀਤੇ ਗਏ। ਯੂਰੋਪ ਅਤੇ ਨਾਟੋ ਦੇਸ਼ਾਂ ਨੇ ਰੂਸ ਖ਼ਿਲਾਫ਼ ਜ਼ਬਰਦਸਤ ਆਰਥਿਕ ਪਾਬੰਦੀਆਂ ਲਗਾਈਆਂ ਪਰ ਹਾਲਾਤ ਸਾਧਾਰਨ ਵਰਗੇ ਨਹੀਂ ਹੋਏ। ਇਸ ਜੰਗ ਦੌਰਾਨ ਦੁਨੀਆ ਸਪੱਸ਼ਟ ਦੋ ਖੇਮਿਆਂ ਵਿਚ ਵੰਡੀ ਨਜ਼ਰ ਆਈ। ਕੌਮਾਂਤਰੀ ਪੱਧਰ ’ਤੇ ਆਰਥਿਕ ਮਹਾਸ਼ਕਤੀ ਵਜੋਂ ਉੱਭਰ ਰਹੇ ਚੀਨ ਨੇ ਰੂਸ ਦੀ ਹਮਾਇਤ ਕੀਤੀ ਹੈ। ਭਾਰਤ ਸਰਕਾਰ ਨੇ ਇਸ ਮਾਮਲੇ ਵਿਚ ਅਮਰੀਕਾ ਦਾ ਸਾਥ ਨਹੀਂ ਦਿੱਤਾ। ਰੂਸ ਅਤੇ ਚੀਨ ਦੋ ਵੀਟੋ ਪਾਵਰ ਦੇਸ਼ ਇਕ ਪਾਸੇ ਹੋਣ ਕਰ ਕੇ ਨਾਟੋ ਨੇ ਇਸ ਮਾਮਲੇ ਵਿਚ ਸਿੱਧਾ ਦਖ਼ਲ ਦੇਣ ਤੋਂ ਗੁਰੇਜ਼ ਕੀਤਾ। ਦੂਸਰੀ ਸੰਸਾਰ ਜੰਗ ਤੋਂ ਬਾਅਦ ਦਾ ਤਜਰਬਾ ਸਭ ਦੇ ਸਾਹਮਣੇ ਹੈ ਕਿ ਹੁਣ ਕੋਈ ਦੇਸ਼ ਕਿਸੇ ਦੂਸਰੇ ਦੇਸ਼ ’ਤੇ ਫ਼ੌਜੀ ਤਾਕਤ ਦੇ ਜ਼ੋਰ ਕਬਜ਼ਾ ਬਣਾ ਕੇ ਨਹੀਂ ਰੱਖ ਸਕਦਾ। ਜੰਗ ਦੇ ਖ਼ਿਲਾਫ਼ ਵਿਸ਼ਵ ਲੋਕ ਰਾਇ ਕਾਇਮ ਕਰ ਕੇ ਜੰਗਬੰਦੀ ਦੀ ਮੰਗ ਉਭਾਰਨਾ ਸਮੇਂ ਦੀ ਲੋੜ ਹੈ। ਨਾ ਤੇ ਰੂਸ ਯੂਕਰੇਨ ਨੂੰ ਪੂਰੀ ਤਰ੍ਹਾਂ ਹਰਾ ਸਕਦਾ ਹੈ ਅਤੇ ਨਾ ਹੀ ਯੂਕਰੇਨ ਆਪਣੇ ਗੁਆਂਢੀ ਦੇਸ਼ ਨਾਲ ਲਗਾਤਾਰ ਲੜ ਸਕਦਾ ਹੈ। ਅਮਨ ਕਾਇਮ ਕਰਨ ਲਈ ਰੂਸ ਅਤੇ ਯੂਕਰੇਨ ਨੂੰ ਇਕ ਦੂਜੇ ਨੂੰ ਕੁਝ ਨਾ ਕੁਝ ਰਿਆਇਤਾਂ ਦੇਣੀਆਂ ਹੀ ਪੈਣੀਆਂ ਹਨ।