ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਆਪਣੇ ਕਈ ਸਾਬਕਾ ਵਿਧਾਇਕ ਸਾਥੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸ ਜਾਣ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ। ਮਾਝੇ ਦੇ ਕਈ ਆਗੂਆਂ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਆਦਿ ਨੇ ਅਕਾਲੀ ਦਲ (ਟਕਸਾਲੀ) ਬਣਾਉਣ ਸਮੇਂ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਰਹਿੰਦਿਆਂ ਉਨ੍ਹਾਂ ਦਾ ਅਕਾਲੀ ਦਲ ਨਾਲ ਨਾਤਾ ਕਦੇ ਨਹੀਂ ਜੁੜ ਸਕਦਾ। ਬਾਅਦ ਵਿਚ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਤੋਂ ਅਲੱਗ ਹੋਏ ਤਾਂ ਢੀਂਡਸਾ ਅਤੇ ਬ੍ਰਹਮਪੁਰਾ ਨੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾ ਲਿਆ। ਰਤਨ ਸਿੰਘ ਅਜਨਾਲਾ ਪਹਿਲਾਂ ਹੀ ਵਾਪਸ ਅਕਾਲੀ ਦਲ ਵਿਚ ਚਲੇ ਗਏ ਅਤੇ ਸੇਖਵਾਂ ਨੇ ਆਪਣੇ ਜਿਉਂਦੇ ਜੀਅ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ। ਮੰਨਿਆ ਜਾ ਰਿਹਾ ਸੀ ਕਿ ਢੀਂਡਸਾ ਅਤੇ ਕਈ ਹੋਰ ਆਗੂਆਂ ਦੀ ਭਾਜਪਾ ਆਗੂਆਂ ਨਾਲ ਨੇੜਤਾ ਹੈ। ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਦਰਾੜ ਵਧ ਰਹੀ ਸੀ ਅਤੇ ਕਿਸਾਨ ਅੰਦੋਲਨ ਦੇ ਦਬਾਅ ਨੇ ਅਕਾਲੀ ਦਲ ਨੂੰ ਕੌਮੀ ਜਮਹੂਰੀ ਗੱਠਜੋੜ ਤੋਂ ਬਾਹਰ ਆਉਣ ਦਾ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੱਤਾ ਸੀ।
ਇਕ ਸਾਲ ਤੋਂ ਵੱਧ ਸਮਾਂ ਲੰਮੇ ਚੱਲੇ ਅੰਦੋਲਨ ਦੌਰਾਨ ਸੱਤ ਸੌ ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਆਖ਼ਿਰ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਅਤੇ ਹੋਰ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ। ਇਸ ਦੇ ਬਾਵਜੂਦ ਪੰਜਾਬ ਦੇ ਲੋਕਾਂ ਵਿਚ ਖੇਤੀ ਕਾਨੂੰਨ ਬਣਾਉਣ ਕਾਰਨ ਭਾਜਪਾ ਵਿਰੁੱਧ ਗੁੱਸਾ ਘਟਿਆ ਨਹੀਂ ਹੈ। ਕਾਂਗਰਸ ਪਾਰਟੀ ਨੇ ਜਦ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਤਾਂ ਕੈਪਟਨ ਉਸ ਸਮੇਂ ਤੋਂ ਹੀ ਖੁੱਲ੍ਹੇਆਮ ਭਾਜਪਾ ਨਾਲ ਮਿਲ ਕੇ ਚੋਣ ਲੜਨ ਦੀ ਵਕਾਲਤ ਕਰਦੇ ਆ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਨੇ ਪਿਛਲੇ ਦਿਨੀਂ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨਾਲ ਗੱਠਜੋੜ ਲਗਭਗ ਤੈਅ ਹੋ ਜਾਣ ਦਾ ਬਿਆਨ ਦਿੱਤਾ ਅਤੇ ਅਕਾਲੀ ਦਲ (ਸੰਯੁਕਤ) ਅੰਦਰ ਹਿਲਜੁੱਲ ਸ਼ੁਰੂ ਹੋ ਗਈ। ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਵਿਚ ਸਿੱਖ ਕਿਸਾਨਾਂ ਦਾ ਭੂਮਿਕਾ ਸਭ ਤੋਂ ਮੋਹਰੀ ਰਹੀ ਹੈ। ਕਾਨੂੰਨਾਂ ਬਾਰੇ ਟਕਰਾਅ ਭਾਵੇਂ ਫਿਲਹਾਲ ਬੰਦ ਹੋ ਗਿਆ ਹੈ ਤਾਂ ਵੀ ਪੰਜਾਬ ਦੇ ਦਿਹਾਤੀ ਖੇਤਰ ਦੇ ਵੋਟਰ ਅਤੇ ਖ਼ਾਸ ਤੌਰ ’ਤੇ ਕਿਸਾਨ ਭਾਜਪਾ ਨੂੰ ਵੋਟ ਦੇਣ ਜਾਂ ਉਸ ਨਾਲ ਫਰੰਟ ਬਣਾਉਣ ਵਾਲਿਆਂ ਦੇ ਪੱਖ ਵਿਚ ਨਹੀਂ ਹਨ।
ਸੱਤਾ ਦੀ ਲਾਲਸਾ ਵਿਚ ਕਈ ਆਗੂ ਭਾਜਪਾ ਨਾਲ ਹੱਥ ਮਿਲਾ ਰਹੇ ਹਨ। ਪੰਜਾਬ ਦੇ ਲੋਕ-ਮਨ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਆਗੂ ਜਾਣਦੇ ਹਨ ਕਿ ਭਾਜਪਾ ਨਾਲ ਹੱਥ ਮਿਲਾਉਣ ਨਾਲ ਉਨ੍ਹਾਂ ਨੂੰ ਦਿਹਾਤੀ ਖੇਤਰ ਵਿਚ ਮੁਸ਼ਕਿਲਾਂ ਪੇਸ਼ ਆਉਣਗੀਆਂ। ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਸ ਦੇ ਸਾਥੀਆਂ ਨੂੰ ਇਸ ਸਵਾਲ ਦਾ ਵੀ ਸਾਹਮਣਾ ਕਰਨਾ ਪੈਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਰਹਿੰਦਿਆਂ ਉਹ ਅਕਾਲੀ ਦਲ ਵਿਚ ਵਾਪਸ ਕਿਵੇਂ ਆਏ। ਇਨ੍ਹਾਂ ਨੈਤਿਕ ਅਤੇ ਮੁਸ਼ਕਿਲ ਸਵਾਲਾਂ ਦੇ ਬਾਵਜੂਦ ਅਕਾਲੀ ਦਲ ਨਾਲ ਜਾਣ ਦਾ ਫ਼ੈਸਲਾ ਇਨ੍ਹਾਂ ਆਗੂਆਂ ਨੂੰ ਭਾਜਪਾ ਨਾਲ ਜਾਣ ਨਾਲੋਂ ਆਸਾਨ ਲੱਗ ਰਿਹਾ ਹੈ। ਇਹ ਫ਼ੈਸਲਾ ਪੰਜਾਬ ਦੇ ਦਿਹਾਤੀ ਖੇਤਰ ਦੇ ਲੋਕਾਂ ਦੀ ਭਾਜਪਾ ਤੋਂ ਵਧ ਰਹੀ ਦੂਰੀ ਦੀ ਨਿਸ਼ਾਨਦੇਹੀ ਵੀ ਕਰਦਾ ਹੈ।