ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਦੀਆਂ ਚੋਣਾਂ ਲਈ ਪ੍ਰਚਾਰ ਹੁਣ ਸਿਖ਼ਰ ‘ਤੇ ਹੈ। ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵੀ ਦਸੰਬਰ ਦੇ ਪਹਿਲੇ ਹਫ਼ਤੇ ਹੋਣ ਦਾ ਐਲਾਨ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ 68 ਹਲਕਿਆਂ ਵਿਚ 12 ਨਵੰਬਰ ਨੂੰ ਵੋਟਾਂ ਪੈਣਗੀਆਂ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ 44, ਕਾਂਗਰਸ ਨੇ 21 ਅਤੇ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਸੀਪੀਐੱਮ) ਨੇ ਇਕ ਹਲਕੇ ਵਿਚ ਜਿੱਤ ਪ੍ਰਾਪਤ ਕੀਤੀ ਸੀ। ਭਾਜਪਾ ਨੂੰ 48.8 ਅਤੇ ਕਾਂਗਰਸ ਨੂੰ 41.7 ਫ਼ੀਸਦੀ ਵੋਟਾਂ ਮਿਲੀਆਂ ਸਨ। ਭਾਜਪਾ 1990 ਵਿਚ ਪਹਿਲੀ ਵਾਰ ਸੱਤਾ ਵਿਚ ਆਈ ਸੀ ਅਤੇ ਹੁਣ ਸੂਬੇ ਦੀ ਪ੍ਰਮੁੱਖ ਸਿਆਸੀ ਪਾਰਟੀ ਬਣ ਚੁੱਕੀ ਹੈ। 1990 ਤੋਂ ਬਾਅਦ ਭਾਜਪਾ ਤੇ ਕਾਂਗਰਸ ਵਾਰੀ ਵਾਰੀ ਸੱਤਾ ਵਿਚ ਆਈਆਂ ਹਨ ਅਤੇ ਕੋਈ ਵੀ ਪਾਰਟੀ ਲਗਾਤਾਰ ਦੋ ਵਾਰ ਜਿੱਤ ਹਾਸਿਲ ਨਹੀਂ ਕਰ ਸਕੀ ਹੈ। ਇਸ ਵਾਰ ਦੀਆਂ ਚੋਣਾਂ ਵਿਚ ਦੋ ਨਵੇਂ ਤੱਤ ਹਨ: ਪਹਿਲਾ ਆਮ ਆਦਮੀ ਪਾਰਟੀ ਦਾ ਚੋਣਾਂ ਵਿਚ ਹਿੱਸਾ ਲੈਣਾ ਅਤੇ ਦੂਸਰਾ ਇਹ ਕਿ ਭਾਜਪਾ 2014 ਵਿਚ ਕੇਂਦਰ ਵਿਚ ਸੱਤਾ ਵਿਚ ਆਉਣ ਤੋਂ ਬਾਅਦ ਉਤਰਾਖੰਡ, ਅਸਾਮ, ਉੱਤਰ ਪ੍ਰਦੇਸ਼, ਹਰਿਆਣਾ ਆਦਿ ਵਿਚ 5 ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਦੁਬਾਰਾ ਜੇਤੂ ਰਹਿਣ ਵਿਚ ਸਫ਼ਲ ਰਹੀ ਹੈ; ਸਿਆਸੀ ਮਾਹਿਰ ਸਫ਼ਲਤਾ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨ੍ਹਦੇ ਹਨ ਕਿਉਂਕਿ ਭਾਜਪਾ ਵੋਟਾਂ ਵੀ ਪ੍ਰਧਾਨ ਮੰਤਰੀ ਦੇ ਨਾਂ ‘ਤੇ ਮੰਗਦੀ ਹੈ ਅਤੇ ਪ੍ਰਧਾਨ ਮੰਤਰੀ ਹਰ ਸੂਬੇ ਦੀਆਂ ਚੋਣਾਂ ਵਿਚ ਏਨੀ ਵੱਡੀ ਪੱਧਰ ‘ਤੇ ਪ੍ਰਚਾਰ ਕਰਦੇ ਹਨ ਕਿ ਦੂਸਰੀਆਂ ਪਾਰਟੀਆਂ ਦੇ ਆਗੂਆਂ ਦਾ ਉੱਦਮ ਉਸ ਸਾਹਮਣੇ ਮੱਧਮ ਪੈ ਜਾਂਦਾ ਹੈ।
ਪਹਿਲਾਂ ‘ਆਪ’ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵੱਲ ਕਾਫ਼ੀ ਧਿਆਨ ਦੇ ਰਹੀ ਸੀ ਪਰ ਹੁਣ ਇਸ ਦਾ ਧਿਆਨ ਮੁੱਖ ਤੌਰ ‘ਤੇ ਗੁਜਰਾਤ ਵਿਧਾਨ ਸਭਾ ਚੋਣਾਂ ‘ਤੇ ਕੇਂਦਰਿਤ ਹੈ। ਇਸ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਵਿਚ ‘ਆਪ’ ਦੇ ਉਮੀਦਵਾਰਾਂ ਨੂੰ ਕਾਫ਼ੀ ਵੋਟ ਮਿਲਣ ਦੀ ਉਮੀਦ ਹੈ ਅਤੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਅਜਿਹਾ ਸਮੀਕਰਨ ਕਿਸ ਦੇ ਹੱਕ ਵਿਚ ਜਾਂਦਾ ਹੈ। ਦਿੱਲੀ ਵਿਚ ‘ਆਪ’ ਕਾਂਗਰਸ ਦੀ ਸਿਆਸੀ ਜ਼ਮੀਨ ‘ਤੇ ਕਾਬਜ਼ ਹੋਈ ਹੈ ਅਤੇ ਪੰਜਾਬ ਵਿਚ ਉਸ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਆਧਾਰ ਨੂੰ ਵੱਡਾ ਖ਼ੋਰਾ ਲਾਇਆ ਹੈ। ‘ਆਪ’ ਕੁਝ ਸਮੇਂ ਤੋਂ ਭਾਜਪਾ ਦੀ ਸਿਆਸਤ ਵਿਚ ਸੰਨ੍ਹ ਲਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਅਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇ ਭਾਜਪਾ ਦੇ ਰਵਾਇਤੀ ਵੋਟਰਾਂ ਦਾ ਕੁਝ ਹਿੱਸਾ ‘ਆਪ’ ਦੇ ਹੱਕ ਵਿਚ ਭੁਗਤਦਾ ਹੈ।
ਭਾਜਪਾ ਅਤੇ ਕਾਂਗਰਸ ਦੋਹਾਂ ਨੂੰ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਨੇ ਸਾਬਕਾ ਵਿਧਾਇਕਾਂ ਤੇਜਵੰਤ ਸਿੰਘ ਨੇਗੀ, ਕੇ ਐੱਲ ਠਾਕੁਰ, ਮਨੋਹਰ ਧੀਮਾਨ, ਕਿਸ਼ੌਰੀ ਲਾਲ ਅਤੇ ਪ੍ਰਦੇਸ਼ ਭਾਜਪਾ ਦੇ ਉਪ-ਪ੍ਰਧਾਨ ਕਿਰਪਾਲ ਪਰਮਾਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਇਹ ਆਗੂ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜ ਰਹੇ ਹਨ। ਪਾਰਟੀ ਵਿਚ ਇਹ ਪ੍ਰਭਾਵ ਹੈ ਕਿ ਪ੍ਰੇਮ ਕੁਮਾਰ ਧੂਮਲ ਦੇ ਸਾਥੀਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਹਨ। ਕਾਂਗਰਸ ਨੇ ਵੀ ਆਪਣੇ 6 ਆਗੂਆਂ, ਜਿਨ੍ਹਾਂ ਵਿਚ ਸਾਬਕਾ ਮੰਤਰੀ ਤੇ ਸਾਬਕਾ ਵਿਧਾਨ ਸਭਾ ਸਪੀਕਰ ਸ਼ਾਮਿਲ ਹਨ, ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਵੱਖ ਵੱਖ ਅੰਦਾਜ਼ਿਆਂ ਅਨੁਸਾਰ ਕਾਂਗਰਸ ਦੇ 11 ਅਤੇ ਭਾਜਪਾ ਦੇ 20 ਬਾਗੀ ਉਮੀਦਵਾਰ ਅਜੇ ਵੀ ਮੈਦਾਨ ਵਿਚ ਹਨ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਮੁੱਖ ਸਿਆਸੀ ਚਿਹਰਾ ਬਣ ਕੇ ਉੱਭਰੀ ਹੈ; ਉਸ ਦਾ ਕਹਿਣਾ ਹੈ ਕਿ ਕਾਂਗਰਸ ਭਾਜਪਾ ਨੂੰ ਜ਼ਿਮਨੀ ਚੋਣਾਂ ਵਿਚ ਹਰਾ ਚੁੱਕੀ ਹੈ ਅਤੇ ਇਸ ਵਾਰ ਇਨ੍ਹਾਂ ਚੋਣਾਂ ਵਿਚ ਜੇਤੂ ਰਹੇਗੀ। ਕਾਂਗਰਸ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦੇ ਬਹੁਤ ਜ਼ੋਰ-ਸ਼ੋਰ ਨਾਲ ਉਠਾ ਰਹੀ ਹੈ ਜਦੋਂਕਿ ਭਾਜਪਾ ਲੋਕਾਂ ਨੂੰ ‘ਡਬਲ ਇੰਜਣ ਸਰਕਾਰ’ (ਕੇਂਦਰ ਅਤੇ ਸੂਬੇ ਦੋਵਾਂ ਵਿਚ ਭਾਜਪਾ ਸਰਕਾਰ) ਬਣਾਉਣ ਲਈ ਕਹਿ ਰਹੀ ਹੈ। ਪਿਛਲੇ ਦਿਨਾਂ ਵਿਚ ਪ੍ਰਧਾਨ ਮੰਤਰੀ ਨੇ ਸੂਬੇ ਵਿਚ 3650 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਹੈ। ਭਾਜਪਾ ਲਈ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਸ ਤੋਂ ਤੁਰੰਤ ਬਾਅਦ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਅਤੇ ਕਈ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ‘ਤੇ ਵੱਡਾ ਅਸਰ ਪਾ ਸਕਦੇ ਹਨ।