ਢੱਖਣੀ ਏਸ਼ੀਆ ਦੇ ਦੇਸ਼ਾਂ ’ਚ ਧਾਰਮਿਕ ਕੱਟੜਤਾ ਦਾ ਤੂਫ਼ਾਨ ਆਇਆ ਹੋਇਆ ਹੈ। ਅਫ਼ਗ਼ਾਨਿਸਤਾਨ, ਪਾਕਿਸਤਾਨ, ਭਾਰਤ, ਸ੍ਰੀਲੰਕਾ, ਮਿਆਂਮਾਰ, ਬੰਗਲਾਦੇਸ਼, ਸਭ ਇਸ ਦੀ ਲਪੇਟ ’ਚ ਹਨ। ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ’ਚ ਰਿਆਸਤ/ਸਟੇਟ ਧਰਮ ਆਧਾਰਿਤ ਵਿਚਾਰਧਾਰਾ ਨੂੰ ਪ੍ਰਮੁੱਖ ਮੰਨਦੀ ਅਤੇ ਉਸ ਅਨੁਸਾਰ ਰਾਜ-ਕਾਜ ਚਲਾਉਂਦੀ ਹੈ। ਭਾਰਤ, ਸ੍ਰੀਲੰਕਾ ਤੇ ਬੰਗਲਾਦੇਸ਼ ਦੇ ਸੰਵਿਧਾਨਾਂ ਅਨੁਸਾਰ ਇਹ ਦੇਸ਼ ਧਰਮ ਨਿਰਪੱਖ ਜਮਹੂਰੀਅਤਾਂ ਹਨ। ਮਿਆਂਮਾਰ ਦੇ 2008 ’ਚ ਬਣਾਏ ਸੰਵਿਧਾਨ ’ਚ ਮੰਨਿਆ ਗਿਆ ਸੀ ਕਿ ਦੇਸ਼ ਜਮਹੂਰੀਅਤ ਬਣਨ ਦੀ ਰਾਹ ’ਤੇ ਹੈ ਪਰ 2020 ਵਿਚ ਫ਼ੌਜ ਰਾਜ ਪਲਟਾ ਕਰ ਕੇ ਸੱਤਾ ’ਤੇ ਕਾਬਜ਼ ਹੋ ਗਈ। ਇਨ੍ਹਾਂ ਦੇਸ਼ਾਂ ਦੀ ਸਿਆਸਤ ਵਿਚ ਸਾਂਝਾ ਤੱਤ ਧਾਰਮਿਕ ਕੱਟੜਤਾ ਦਾ ਬੋਲਬਾਲਾ ਹੋਣਾ ਹੈ।
ਜਦ ਧਾਰਮਿਕ ਕੱਟੜਤਾ ਵਧੀ ਹੋਵੇ ਤਾਂ ਨਫ਼ਰਤ ਨਾਲ ਭਰੇ ਭਾਸ਼ਣ ਅੱਗ ’ਤੇ ਘਿਉ ਪਾਉਣ ਦਾ ਕੰਮ ਕਰਦੇ ਹਨ। ਭਾਰਤ ਵਿਚ ਕਈ ਵਰ੍ਹਿਆਂ ਤੋਂ ਹਜੂਮੀ ਹਿੰਸਾ, ਲਵ ਜਹਾਦ, ਹਿਜਾਬ ਦਾ ਵਿਰੋਧ ਅਤੇ ਕਈ ਹੋਰ ਤਰੀਕਿਆਂ ਨਾਲ ਧਾਰਮਿਕ ਪਾੜੇ ਵਧਾਉਣ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਹੈ। ਵੱਖ ਵੱਖ ਸੂਬਿਆਂ ਵਿਚ ਧਰਮ ਸੰਸਦਾਂ ਦੇ ਨਾਂ ਹੇਠ ਹੋਏ ਇਕੱਠਾਂ ਵਿਚ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਕਤਲ ਕਰਨ ਦੇ ਸੱਦੇ ਦਿੱਤੇ ਗਏ। ਇਸ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕਾਂ ਦੇ ਕੌਮੀ ਰਜਿਸਟਰ ਬਣਾਉਣ ਜਿਹੇ ਮੁੱਦਿਆਂ ਨਾਲ ਘੱਟਗਿਣਤੀ ਫ਼ਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸੇ ਘਟਨਾਕ੍ਰਮ ਵਿਚ ਹੀ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਦੀ ਇਸਲਾਮ ਦੇ ਬਾਨੀ ਪੈਗੰਬਰ ਹਜ਼ਰਤ ਮੁਹੰਮਦ ਬਾਰੇ ਕੀਤੀ ਟਿੱਪਣੀ ਨੇ ਭਾਵਨਾਵਾਂ ਹੋਰ ਭੜਕਾਈਆਂ। ਮੁਸਲਮਾਨ ਭਾਈਚਾਰੇ ਵਿਚ ਇਸ ਕਾਰਨ ਰੋਸ ਪੈਦਾ ਹੋਣਾ ਸੁਭਾਵਿਕ ਸੀ ਪਰ ਕੱਟੜਪੰਥੀਆਂ ਨੇ ਰੋਸ ਪ੍ਰਗਟਾਉਣ ਦੇ ਨਾਲ ਨਾਲ ਹਿੰਸਾ ਦਾ ਰਾਹ ਅਪਣਾਇਆ। ਉਦੈਪੁਰ (ਰਾਜਸਥਾਨ) ਤੇ ਅਮਰਾਵਤੀ (ਮਹਾਰਾਸ਼ਟਰ) ਵਿਚ ਦੋ ਹੱਤਿਆਵਾਂ ਇਸ ਕਾਰਨ ਹੋਈਆਂ ਦੱਸੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਵਿਅਕਤੀਆਂ ਨੇ ਨੂਪੁਰ ਸ਼ਰਮਾ ਦੀ ਹਮਾਇਤ ਕੀਤੀ ਸੀ। ਇਨ੍ਹਾਂ ਦੇ ਵਿਰੋਧ ਵਿਚ ਕਈ ਸ਼ਹਿਰਾਂ ਵਿਚ ਮੁਜ਼ਾਹਰੇ ਹੋ ਰਹੇ ਹਨ ਜਿਨ੍ਹਾਂ ਵਿਚ ਸਹਿਣਸ਼ੀਲਤਾ ਦੀ ਥਾਂ ’ਤੇ ਧਾਰਮਿਕ ਕੱਟੜਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਮੁਸਲਮਾਨ ਭਾਈਚਾਰੇ ਦੇ ਕੱਟੜਪੰਥੀ ਤੱਤ ਵੀ ਇਕ-ਦੂਜੇ ਤੋਂ ਅਗਾਂਹ ਨਿਕਲਣਾ ਚਾਹੁੰਦੇ ਹਨ। ਹੁਣ ਰਾਜਸਥਾਨ ’ਚ ਅਜਮੇਰ ਸ਼ਰੀਫ਼ ਵਿਖੇ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੀ ਦਰਗਾਹ ਦੇ ਇਕ ਖਾਦਿਮ ਨੇ ਐਲਾਨ ਕੀਤਾ, ‘‘ਜਿਹੜਾ ਨੂਪੁਰ ਸ਼ਰਮਾ ਦਾ ਸਿਰ ਲਿਆ ਕੇ ਦੇਵੇਗਾ, ਮੈਂ ਉਸ ਨੂੰ ਆਪਣਾ ਘਰ ਇਨਾਮ ’ਚ ਦੇਵਾਂਗਾ… ਮੈਂ ਅਜਮੇਰ ਰਾਜਸਥਾਨ ਤੋਂ ਕਹਿ ਰਿਹਾ ਹਾਂ, ਇਹ ਸੰਦੇਸ਼ ਹਜ਼ੂਰ ਖ਼ਵਾਜਾ ਦੇ ਦਰਬਾਰ ਤੋਂ ਹੈ।’’ ਇਸ ਖਾਦਿਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਗਿਆ ਹੈ ਕਿ ਇਹ ਵਿਅਕਤੀ ਆਦਤਨ ਜੁਰਮ ਕਰਨ ਵਾਲਾ (history-sheeter) ਹੈ। 17 ਜੂਨ ਨੂੰ ਵੀ ਇਸੇ ਦਰਗਾਹ ਦੇ ਦਰਬਾਰ ਤੋਂ ਚਾਰ ਬੰਦਿਆਂ ਨੂੰ ਭੜਕਾਊ ਭਾਸ਼ਣ ਦੇਣ ਲਈ ਗ੍ਰਿਫ਼ਤਾਰ ਕੀਤਾ ਸੀ। ਖਾਦਿਮ ਸਲਮਾਨ ਚਿਸ਼ਤੀ ਦੀ ਗ੍ਰਿਫ਼ਤਾਰੀ ਵਿਚ ਮੁੱਖ ਸਵਾਲ ਹੈ ਕਿ ਉਹ ਹਜ਼ਰਤ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੀ ਦਰਗਾਹ ਨਾਲ ਸਬੰਧਿਤ ਹੈ। ਖ਼ਵਾਜਾ ਮੋਇਨ-ਉਦ-ਦੀਨ ਨੇ ਭਾਰਤ ’ਚ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਦੀ ਨੀਂਹ ਰੱਖੀ। ਇਹ ਸਿਲਸਿਲਾ ਹਜ਼ਰਤ ਅਬੂ ਇਸਹਾਕ ਸ਼ਾਮੀ ਨੇ ਇਰਾਕ ਦੇ ਚਸ਼ਤ ਸ਼ਹਿਰ ਤੋਂ ਸ਼ੁਰੂ ਕੀਤਾ ਸੀ। ਖ਼ਵਾਜਾ ਮੋਇਨ-ਉਦ-ਦੀਨ ਨੇ ਸਹਿਣਸ਼ੀਲਤਾ, ਸਮਾਜਿਕ ਬਰਾਬਰੀ ਤੇ ਸਦਾਚਾਰਕ ਜੀਵਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਸ਼ਰਧਾਲੂਆਂ ਨੂੰ ਗਾਉਣ ਤੇ ਸੰਗੀਤ ਦੀ ਵਰਤੋਂ ਦੀ ਆਜ਼ਾਦੀ ਦਿੱਤੀ। ਖ਼ਵਾਜਾ ਮੋਇਨ-ਉਦ-ਦੀਨ 12ਵੀਂ ਸਦੀ ਵਿਚ ਭਾਰਤ ਆਏ ਸਨ। ਉਨ੍ਹਾਂ ਦੀ ਵਿਰਾਸਤ ਖ਼ਵਾਜਾ ਕੁਤਬੁਦੀਨ ਬਖ਼ਤਿਆਰ ਕਾਕੀ ਨੇ ਸਾਂਭੀ ਅਤੇ ਉਨ੍ਹਾਂ ਤੋਂ ਬਾਅਦ ਪੰਜਾਬ ਦੀ ਧਰਤੀ ’ਤੇ ਵੱਸਣ ਵਾਲੇ ਬਾਬਾ ਸ਼ੇਖ ਫ਼ਰੀਦ ਜੀ ਨੇ। ਸ਼ੇਖ ਫ਼ਰੀਦ ਜੀ ਨੇ ਗੱਦੀ ਦਿੱਲੀ ਦੇ ਖ਼ਵਾਜਾ ਨਿਜ਼ਾਮ-ਉਦ-ਦੀਨ ਨੂੰ ਸੌਂਪੀ। ਚਿਸ਼ਤੀ ਸਿਲਸਿਲਾ ਸੱਤਾਧਾਰੀਆਂ ਤੋਂ ਦੂਰ ਰਹਿੰਦਾ ਸੀ ਅਤੇ ਲੋਕਾਂ ਵਿਚ ਹਲੀਮੀ, ਸਮਾਜਿਕ ਸਮਤਾ ਅਤੇ ਇਕ-ਈਸ਼ਵਰਵਾਦ ਦਾ ਪ੍ਰਚਾਰ ਕਰਦਾ ਸੀ। ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਨੂੰ ਗ਼ਰੀਬ-ਨਿਵਾਜ ਕਿਹਾ ਜਾਂਦਾ ਸੀ। ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਦੇ ਲੱਖਾਂ ਲੋਕ ਹਰ ਸਾਲ ਉਨ੍ਹਾਂ ਦੀ ਦਰਗਾਹ ’ਤੇ ਜਾਂਦੇ ਹਨ। ਉਨ੍ਹਾਂ ਦੀ ਦਰਗਾਹ ਦੇ ਖਾਦਿਮ ਦੁਆਰਾ ਹਿੰਸਾ ਭੜਕਾਉਣ ਵਾਲਾ ਸੰਦੇਸ਼ ਦੇਣਾ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋ ਰਹੇ ਸਮਿਆਂ ਦਾ ਸੂਚਕ ਹੈ। ਵੀਹਵੀਂ ਸਦੀ ਵਿਚ ਕੱਟੜਪੰਥੀ ਸੋਚ ਇਨ੍ਹਾਂ ਸਿਲਸਿਲਿਆਂ ਵਿਚ ਵੀ ਫੈਲੀ। 1937 ਦੀਆਂ ਚੋਣਾਂ ਵਿਚ ਮੁਸਲਿਮ ਲੀਗ ਨੂੰ ਪੰਜਾਬ ਵਿਚ ਵੱਡੀ ਹਾਰ ਮਿਲੀ। ਉਸ ਨੂੰ ਸਿਰਫ਼ ਦੋ ਸੀਟਾਂ ਮਿਲੀਆਂ। ਇਤਿਹਾਸਕਾਰ ਆਇਸ਼ਾ ਜਲਾਲ ਅਨੁਸਾਰ ਇਸ ਤੋਂ ਬਾਅਦ ਮੁਸਲਿਮ ਲੀਗ ਨੇ ਸੂਫ਼ੀ ਸਿਲਸਿਲਿਆਂ ਦੇ ਪੀਰਾਂ ਨਾਲ ਰਿਸ਼ਤਾ ਜੋੜਿਆ ਤੇ ਉਨ੍ਹਾਂ ਰਾਹੀਂ ਪੰਜਾਬ ’ਚ ਪੈਰ ਜਮਾਏ। ਖਾਦਿਮ ਸਲਮਾਨ ਚਿਸ਼ਤੀ ਦਾ ਨੂਪੁਰ ਨੂੰ ਕਤਲ ਕਰਨ ਦਾ ਸੱਦਾ ਦੱਸਦਾ ਹੈ ਕਿ ਕੱਟੜਪੰਥੀਆਂ ਨੇ ਧਾਰਮਿਕ ਸਦਭਾਵਨਾ ਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀਆਂ ਸੰਸਥਾਵਾਂ ’ਤੇ ਵੀ ਕਬਜ਼ਾ ਕਰ ਲਿਆ ਹੈ। ਇਹ ਵਰਤਾਰਾ ਮੁਸਲਮਾਨ ਭਾਈਚਾਰੇ ਤਕ ਮਹਿਦੂਦ ਨਹੀਂ, ਸਭ ਧਰਮਾਂ ਤੇ ਧਾਰਮਿਕ ਸੰਸਥਾਵਾਂ ਵਿਚ ਵਾਪਰ ਰਿਹਾ ਹੈ। ਇਸ ਤਰ੍ਹਾਂ ਦੀ ਕੱਟੜਤਾ ਲੋਕਾਂ ਨੂੰ ਨਫ਼ਰਤ ਅਤੇ ਹਿੰਸਾ ਵੱਲ ਧੱਕ ਰਹੀ ਹੈ।