ਦੇਸ਼ ਵਿਚ ਅਨਾਜ ਦੇ ਭਰੇ ਭੰਡਾਰ, ਭੋਜਨ ਸੁਰੱਖਿਆ ਦੀ ਗਰੰਟੀ ਕਾਨੂੰਨ ਅਤੇ ਸਰਕਾਰੀ ਦਾਅਵੇਦਾਰੀਆਂ ਦੇ ਬਾਵਜੂਦ ਅੰਕੜੇ ਦੇਸ਼ ਵਾਸੀਆਂ ਦੀ ਸਿਹਤ ਬਾਰੇ ਕੁਝ ਹੋਰ ਹੀ ਕਹਾਣੀ ਕਹਿ ਰਹੇ ਹਨ। ਕੇਂਦਰੀ ਸਹਿਤ ਮੰਤਰਾਲੇ ਵੱਲੋਂ 2019-20 ਦੇ ਜਾਰੀ ਕੌਮੀ ਸਿਹਤ ਸਰਵੇਖਣ (ਨੈਸ਼ਨਲ ਹੈਲਥ ਸਰਵੇ) ਅਨੁਸਾਰ ਦੇਸ਼ ਅੰਦਰ ਕੁਪੋਸ਼ਣ (ਭੋਜਨ ਦੀ ਘੱਟ ਮਾਤਰਾ ਵਿਚ ਮਿਲਣਾ ਅਤੇ ਉਸ ਵਿਚ ਲੋੜੀਂਦੇ ਤੱਤ ਨਾ ਹੋਣਾ) ਵਧਿਆ ਹੈ। 2015-2019 ਦੇ ਅੰਕੜੇ ਦੱਸਦੇ ਹਨ ਕਿ ਮਹਾਰਾਸ਼ਟਰ, ਬਿਹਾਰ ਤੇ ਪੱਛਮੀ ਬੰਗਾਲ ਵਰਗੇ 17 ਰਾਜਾਂ ਅਤੇ ਜੰਮੂ ਕਸ਼ਮੀਰ ਸਮੇਤ ਪੰਜ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬੱਚਿਆਂ ਅੰਦਰ ਕੁਪੋਸ਼ਣ ਦੀ ਹਾਲਤ ਪਹਿਲਾਂ ਨਾਲੋਂ ਖਰਾਬ ਹੋਈ ਹੈ। ਇਹ ਹਾਲਤ ਕੋਵਿਡ-19 ਤੋਂ ਪਹਿਲਾਂ ਦੀ ਹੈ। ਕੋਵਿਡ-19 ਕਾਰਨ ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਰਾਜਾਂ ਜਿਨ੍ਹਾਂ ਦੇ ਅੰਕੜੇ ਹਾਸਲ ਨਹੀਂ ਹੋ ਸਕੇ, ਦੇ ਮਈ 2021 ਤਕ ਮਿਲਣ ਦੀ ਸੰਭਾਵਨਾ ਹੈ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਸਾਫ਼ ਸਫਾਈ ਦੀਆਂ ਸਹੂਲਤਾਂ, ਬਿਜਲੀ ਅਤੇ ਸਾਫ਼ ਪਾਣੀ ਮਿਲਣ ਦੀ ਸਥਿਤੀ ਵਿਚ ਸੁਧਾਰ ਹੋਣ ਦੇ ਬਾਵਜੂਦ ਬੱਚਿਆਂ ਦਾ ਉਮਰ ਦੇ ਹਿਸਾਬ ਨਾਲ ਕੱਦ ਅਤੇ ਵਜ਼ਨ ਸਹੀ ਵਿਕਸਤ ਨਹੀਂ ਹੋ ਰਿਹਾ।
ਇਕ ਸਾਲ ਅਤੇ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਲਗਭੱਗ ਪਹਿਲਾਂ ਵਾਲੇ ਸਾਲਾਂ ਜਿੰਨੀ ਹੀ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਇਕ ਹਜ਼ਾਰ ਪਿੱਛੇ 74 ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿਚੋਂ 60 ਫ਼ੀਸਦੀ ਮੌਤਾਂ ਪਿੱਛੇ ਮੁੱਖ ਕਾਰਨ ਕੁਪੋਸ਼ਣ ਹੀ ਹੈ। ਗੁਜਰਾਤ, ਮਹਾਰਾਸ਼ਟਰ, ਪੱਛਮੀ ਬੰਗਾਲ, ਤਿਲੰਗਾਨਾ, ਆਸਾਮ ਅਤੇ ਕੇਰਲ ਵਿਚ ਵੀ ਬੱਚਿਆਂ ਦੇ ਕੱਦ ਅਤੇ ਵਜ਼ਨ ਦੇ ਵਿਕਾਸ ਵਿਚ ਸੁਧਾਰ ਨਹੀਂ ਹੋਇਆ। ਕੋਵਿਡ-19 ਦੌਰਾਨ ਲੱਖਾਂ ਲੋਕਾਂ ਦਾ ਰੁਜ਼ਗਾਰ ਚਲੇ ਜਾਣ ਅਤੇ ਗਰਭਵਤੀ ਔਰਤਾਂ ਨੂੰ ਵੀ ਪੂਰੀ ਖ਼ੁਰਾਕ ਨਾ ਮਿਲਣ ਕਰਕੇ ਬਾਅਦ ਦੇ ਅੰਕੜੇ ਇਨ੍ਹਾਂ ਨਾਲੋਂ ਵੀ ਚਿਤਾਵਨੀ ਭਰੇ ਹੋ ਸਕਦੇ ਹਨ। ਦੇਸ਼ ਦੇ ਬਜਟ ਵਿਚ ਸਿਹਤ ਖੇਤਰ ਦਾ ਹਿੱਸਾ ਵੀ ਜ਼ਰੂਰਤ ਅਨੁਸਾਰ ਨਹੀਂ ਹੈ। ਸਾਲ 2008-09 ਤੋਂ 2019-20 ਦੇ ਸਾਲਾਂ ਦੌਰਾਨ ਕੇਂਦਰ ਅਤੇ ਰਾਜ ਸਰਕਾਰਾਂ ਦੇ ਬਜਟ ਨੂੰ ਜੋੜ ਕੇ ਸਿਹਤ ਉੱਤੇ ਕੁੱਲ ਘਰੇਲੂ ਪੈਦਾਵਾਰ ਦਾ ਸਿਰਫ਼ 1.2 ਤੋਂ 1.6 ਫ਼ੀਸਦੀ ਤੱਕ ਖ਼ਰਚ ਕੀਤਾ ਗਿਆ।
ਮਾਹਿਰਾਂ ਅਨੁਸਾਰ ਕੇਵਲ ਅਨਾਜ ਜਾਂ ਹੋਰ ਜ਼ਰੂਰੀ ਵਸਤਾਂ ਦਾ ਮੌਜੂਦ ਹੋਣਾ ਹੀ ਕਾਫ਼ੀ ਨਹੀਂ ਹੁੰਦਾ। ਚੰਗੇ ਭੋਜਨ ਲਈ ਲੋਕਾਂ ਕੋਲ ਖ਼ਰੀਦ ਸ਼ਕਤੀ ਹੋਣ ਦੀ ਜ਼ਰੂਰਤ ਹੈ। ਇਸ ਵੇਲੇ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਵਿਚ ਸਭ ਤੋਂ ਵੱਧ ਰਹੀ ਹੈ। ਜਨਤਕ ਵੰਡ ਪ੍ਰਣਾਲੀ ਵਿਚਲੀਆਂ ਘਾਟਾਂ ਪ੍ਰਤੱਖ ਦਿਖਾਈ ਦਿੰਦੀਆਂ ਹਨ। ਹੋਰਾਂ ਵਸਤਾਂ ਦੀ ਵਧ ਰਹੀ ਮਹਿੰਗਾਈ ਕਰਕੇ ਵੀ ਖ਼ੁਰਾਕੀ ਵਸਤਾਂ ਉੱਤੇ ਖ਼ਰਚ ਘਟ ਜਾਂਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਘੱਟ ਸਾਧਨਾਂ ਵਾਲੇ ਪਰਿਵਾਰਾਂ ਲਈ ਘੱਟੋ-ਘੱਟ ਆਮਦਨ ਦੀ ਗਰੰਟੀ ਕਰਨ ਨੂੰ ਯਕੀਨੀ ਬਣਾਉਣ ਜਿਸ ਨਾਲ ਉਹ ਬੱਚਿਆਂ ਦੀ ਦੇਖ ਭਾਲ ਵਾਜਬਿ ਤਰੀਕੇ ਨਾਲ ਕਰ ਸਕਣ। ਸਰਕਾਰਾਂ ਇਸ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀਆਂ।