ਕੋਵਿਡ-19 ਦੀ ਮਹਾਮਾਰੀ ਭਾਰਤ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ 32,000 ਤੋਂ ਜ਼ਿਆਦਾ ਹੈ। ਹੁਣ ਤਕ ਪ੍ਰਭਾਵਿਤ ਹੋਏ ਲੋਕਾਂ ਦੀ ਕੁੱਲ ਗਿਣਤੀ 9,68,000 ਤੋਂ ਵਧ ਚੁੱਕੀ ਹੈ ਜਦੋਂਕਿ 24,900 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਲਗਭਗ 63 ਫ਼ੀਸਦੀ ਲੋਕ ਸਿਹਤਮੰਦ ਹੋ ਚੁੱਕੇ ਸਨ ਅਤੇ ਇਸ ਵੇਲੇ ਮਰੀਜ਼ਾਂ ਦੀ ਗਿਣਤੀ ਲਗਭਗ 3,30,000 ਹੈ। ਕੁਝ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦਾ ਕਹਿਣਾ ਹੈ ਕਿ ਭਾਰਤ ਵਿਚ ਪ੍ਰਤੀ ਦਿਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ਵਿਚ ਜਾ ਸਕਦੀ ਹੈ।
ਸਾਡੇ ਦੇਸ਼ ਦੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਕਾਮਿਆਂ ਅਤੇ ਹੋਰ ਸਬੰਧਿਤ ਕਰਮੀਆਂ ਨੇ ਕੋਵਿਡ-19 ਦੀ ਮਹਾਮਾਰੀ ਦਾ ਸਾਹਮਣਾ ਮੂਹਰਲੀਆਂ ਸਫ਼ਾਂ ਵਿਚ ਹੋ ਕੇ ਕੀਤਾ ਹੈ। ਇਸ ਦਾ ਜ਼ਿਆਦਾ ਬੋਝ ਸਰਕਾਰੀ ਹਸਪਤਾਲਾਂ ਨੂੰ ਝੱਲਣਾ ਪਿਆ ਹੈ ਕਿਉਂਕਿ ਨਿੱਜੀ ਖੇਤਰ ਦੇ ਬਹੁਤ ਸਾਰੇ ਹਸਪਤਾਲਾਂ ਨੇ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਸਰਕਾਰ ਨੇ ਕੋਵਿਡ-19 ਦਾ ਇਲਾਜ ਕਰਨ ਲਈ ਕੁਝ ਹਸਪਤਾਲਾਂ ਨੂੰ ਨਾਮਜ਼ਦ ਕੀਤਾ। ਇਸ ਕਾਰਨ ਉਨ੍ਹਾਂ ਹਸਪਤਾਲਾਂ ਉੱਤੇ ਮਰੀਜ਼ਾਂ ਦਾ ਬੋਝ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਵਧਦਾ ਰਿਹਾ ਹੈ ਅਤੇ ਉੱਥੋਂ ਦੇ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ਼ ਦਬਾਅ ਹੇਠ ਆਏ ਅਤੇ ਕੋਵਿਡ-19 ਤੋਂ ਪ੍ਰਭਾਵਿਤ ਵੀ ਹੋਏ। ਇਹ ਤੱਥ ਸਾਰੇ ਲੋਕ ਜਾਣਦੇ ਹਨ ਕਿ ਭਾਰਤ ਵਿਚ ਵੱਡੀ ਗਿਣਤੀ ਵਿਚ ਲੋਕ ਹਸਪਤਾਲਾਂ ਵਿਚ ਪਹੁੰਚ ਕੇ ਇਲਾਜ ਨਹੀਂ ਕਰਵਾਉਂਦੇ ਅਤੇ ਪਿੰਡਾਂ ਤੇ ਦੂਰ-ਦਰਾਜ ਇਲਾਕਿਆਂ ਵਿਚ ਗ਼ਰੀਬੀ ਅਤੇ ਅਗਿਆਨਤਾ ਕਾਰਨ ਹਸਪਤਾਲਾਂ ਤਕ ਲੋਕਾਂ ਦੀ ਪਹੁੰਚ ਵੀ ਘੱਟ ਹੈ। ਇਸ ਲਈ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਹਸਪਤਾਲਾਂ ਵਿਚ ਟੈਸਟ ਹੋਣ ਨਾਲ ਪ੍ਰਤੀ ਦਿਨ 32,000 ਲੋਕਾਂ ਦੇ ਕਰੋਨਾ ਤੋਂ ਪ੍ਰਭਾਵਿਤ ਹੋਣ ਦੀ ਖ਼ਬਰ ਆ ਰਹੀ ਹੈ ਤਾਂ ਇਸ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ। ਦੇਸ਼ ਦੇ ਬਹੁਤੇ ਸੂਬਿਆਂ ਵਿਚ ਸਿਹਤ ਪ੍ਰਬੰਧ ਕਾਫ਼ੀ ਕਮਜ਼ੋਰ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਨੂੰ ਕੁਝ ਹਸਪਤਾਲਾਂ ਤਕ ਸੀਮਤ ਕਰਨ ਦੀ ਥਾਂ ’ਤੇ ਵੱਡੀ ਪੱਧਰ ਉੱਤੇ ਸਥਾਨਕ ਡਾਕਟਰਾਂ, ਸਥਾਨਕ ਸੰਸਥਾਵਾਂ ਅਤੇ ਸਮਾਜਿਕ ਆਗੂਆਂ ਨੂੰ ਸਰਗਰਮ ਕਰ ਕੇ ਸੁਲਝਾਇਆ ਜਾ ਸਕਦਾ ਹੈ। ਮੁੰਬਈ ਦੀ ਸਭ ਤੋਂ ਵੱਡੀ ਬਸਤੀ ਧਾਰਵੀ ਦੀ ਉਦਾਹਰਨ ਦਿੰਦਿਆਂ ਇਹ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਸਥਾਨਕ ਲੋਕਾਂ ਅਤੇ ਸਿਹਤ ਕਾਮਿਆਂ ਨੂੰ ਪ੍ਰਭਾਵਿਤ ਮਰੀਜ਼ਾਂ ਦੀ ਘਰਾਂ ਵਿਚ ਹੀ ਦੇਖ-ਭਾਲ ਲਈ ਨਿਯੁਕਤ ਕਰ ਕੇ ਸਫ਼ਲਤਾ ਹਾਸਲ ਕੀਤੀ ਗਈ। ਸਰਕਾਰ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਹਸਪਤਾਲਾਂ ਨੂੰ ਕੋਵਿਡ-19 ਦੇ ਹਸਪਤਾਲਾਂ ਵਿਚ ਤਬਦੀਲ ਕਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਸਿਰਫ਼ ਕੁਝ ਹਸਪਤਾਲਾਂ ਨੂੰ ਹੀ ਕੋਵਿਡ-19 ਹਸਪਤਾਲ ਬਣਾਉਣਾ ਇਉਂ ਹੈ, ਜਿਵੇਂ ਕਿਸੇ ਜੰਗ ਦੌਰਾਨ ਫ਼ੌਜ ਦੇ ਸਿਰਫ਼ ਇਕ ਹਿੱਸੇ ਨੂੰ ਹੀ ਜੰਗ ਕਰਨ ਲਈ ਕਿਹਾ ਜਾਏ ਅਤੇ ਬਾਕੀ ਹਿੱਸਿਆਂ ਨੂੰ ਮਨ੍ਹਾ ਕਰ ਦਿੱਤਾ ਜਾਏ।
ਭਾਰਤ ਨੂੰ ਦਵਾਈਆਂ ਅਤੇ ਵੈਕਸੀਨ ਦੇ ਸਬੰਧ ਵਿਚ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਰੈਮਡੀਸਿਵਿਰ ਨਾਂ ਦੀ ਦਵਾਈ ਬਹੁਤ ਸਾਰੇ ਦੇਸ਼ਾਂ ਵਿਚ ਵਰਤੀ ਜਾ ਰਹੀ ਹੈ ਅਤੇ ਭਾਰਤ ਵਿਚ ਵੀ ਇਸ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਦਵਾਈ ਸਿਰਫ਼ ਮਹਿੰਗੀ ਹੀ ਨਹੀਂ ਸਗੋਂ ਕੁਝ ਲੋਕਾਂ ਨੇ ਜਖ਼ੀਰੇਬਾਜ਼ੀ ਕਰਕੇ ਇਸ ਦੀਆਂ ਕੀਮਤਾਂ ਨੂੰ 5 ਤੋਂ 10 ਗੁਣਾ ਤਕ ਵਧਾ ਦਿੱਤਾ ਹੈ। ਇਸ ਕਾਰਨ ਬਹੁਤ ਸਾਰੇ ਸੂਬਿਆਂ, ਜਿਨ੍ਹਾਂ ਵਿਚ ਪੰਜਾਬ ਵੀ ਸ਼ਾਮਲ ਹੈ, ਇਸ ਦੀ ਵਰਤੋਂ ਤੋਂ ਗੁਰੇਜ਼ ਕਰ ਰਹੇ ਹਨ ਅਤੇ ਇੰਗਲੈਂਡ ਵਿਚ ਸਫ਼ਲ ਰਹੀ ਡੈਕਸਾਮੇਥਾਸੋਨ, ਜਿਹੜੀ ਬਹੁਤ ਸਸਤੀ ਦਵਾਈ ਹੈ, ਵਰਤੀ ਜਾ ਰਹੀ ਹੈ। ਕੋਵਿਡ-19 ਮਹਾਮਾਰੀ ਨਾਲ ਲੜਾਈ ਵਿਚ ਸਭ ਤੋਂ ਜ਼ਿਆਦਾ ਮੁਸ਼ਕਿਲ ਇਸ ਤੋਂ ਪੈਦਾ ਹੋਏ ਡਰ ਅਤੇ ਦਹਿਸ਼ਤ ਨੇ ਕੀਤੀ ਹੈ ਜਿਸ ਕਾਰਨ ਬਹੁਤ ਸਾਰੇ ਡਾਕਟਰ ਕਰੋਨਾ ਮਰੀਜ਼ਾਂ ਦਾ ਇਲਾਜ ਹੀ ਨਹੀਂ ਕਰਦੇ। ਸਰਕਾਰ ਨੂੰ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਇਸ ਸਬੰਧ ਵਿਚ ਨਵੀਂ ਨੀਤੀ ਤੈਅ ਕਰਨੀ ਚਾਹੀਦੀ ਹੈ। ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਜਿਨ੍ਹਾਂ ਲੋਕਾਂ ਦੀ ਇਸ ਨਾਲ ਮੌਤ ਹੋਈ ਹੈ, ਉਨ੍ਹਾਂ ਵਿਚੋਂ ਬਹੁਤੇ ਦੂਸਰੀਆਂ ਬਿਮਾਰੀਆਂ ਤੋਂ ਵੀ ਪੀੜਤ ਸਨ। ਇਸ ਲਈ ਸਮੂਹ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਕਾਮਿਆਂ, ਆਸ਼ਾ ਹੈਲਥ ਵਰਕਰਾਂ ਅਤੇ ਨਿੱਜੀ ਖੇਤਰ ਨੂੰ ਕੋਵਿਡ-19 ਨਾਲ ਲੜਨ ਲਈ ਸਰਗਰਮ ਕੀਤਾ ਜਾਣਾ ਚਾਹੀਦਾ ਹੈ।