ਮਾਲਟਾ ਦੱਖਣੀ ਯੂਰੋਪ ਵਿਚ ਭੂਮੱਧ ਸਾਗਰ ਵਿਚ ਦੀਪ ਸਮੂਹ ਅਤੇ ਛੋਟਾ ਜਿਹਾ ਦੇਸ਼ ਹੈ। 16 ਅਕਤੂਬਰ 2017 ਨੂੰ ਇੱਥੋਂ ਦੀ ਪੱਤਰਕਾਰ ਡੈਫ਼ਨੀ ਕਾਰੂਨ ਗਾਲਿਜ਼ੀਆ (Daphne Caruana Galzia) ਆਪਣੀ ਕਾਰ ਵਿਚ ਘਰ ਜਾ ਰਹੀ ਸੀ। ਕਾਰ ਵਿਚ ਬੰਬ ਫਟਿਆ ਅਤੇ ਉਸ ਦੀ ਮੌਤ ਹੋ ਗਈ। ਉਸ ’ਤੇ ਪਹਿਲਾਂ ਵੀ ਹਮਲੇ ਕੀਤੇ ਗਏ ਸਨ ਅਤੇ 1996 ਅਤੇ 2006 ਵਿਚ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ। ਉਹ ਸਾਰੀ ਉਮਰ ਸਿਆਸਤਦਾਨਾਂ, ਵੱਡੇ ਸਰਮਾਏਦਾਰਾਂ ਤੇ ਵਪਾਰੀਆਂ ਅਤੇ ਹੋਰ ਤਾਕਤਵਰ ਲੋਕਾਂ ਦੁਆਰਾ ਕੀਤੇ ਗਏ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦੀ ਰਹੀ ਸੀ। ਉਸ ਦੀ ਕਹਾਣੀ ਪੜ੍ਹ ਕੇ ਗੌਰੀ ਲੰਕੇਸ਼ ਦੀ ਯਾਦ ਆਉਂਦੀ ਹੈ।
ਡੈਫ਼ਨੀ ਦੀ ਮੌਤ ਤੋਂ ਕੁਝ ਦਿਨ ਬਾਅਦ 30 ਅਕਤੂਬਰ 2017 ਨੂੰ ਫਰਾਂਸੀਸੀ ਪੱਤਰਕਾਰ ਤੇ ਫ਼ਿਲਮਸਾਜ਼ ਲਾਰੈਨ ਰਿਚਰਡ (Laurent Richard) ਨੇ ਦੋ ਸੰਸਥਾਵਾਂ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਤੇ ‘ਫਰੀਡਮ ਆਫ਼ ਪ੍ਰੈਸ ਫ਼ਾਊਂਡੇਸ਼ਨ’ ਦੀ ਸਹਾਇਤਾ ਨਾਲ ਨਵਾਂ ਮੰਚ ‘ਵਰਜਿਤ ਕਹਾਣੀਆਂ’ (ਫਾਰਬਿਡਨ ਸਟੋਰੀਜ਼) ਬਣਾਇਆ ਜਿਸ ਦਾ ਟੀਚਾ ਇਹ ਮਿਥਿਆ ਗਿਆ ਕਿ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਕੈਦ ਕੀਤੇ ਜਾਂ ਧਮਕੀਆਂ ਦਾ ਸਾਹਮਣਾ ਕਰਨ ਵਾਲੇ ਜਾਂ ਕਤਲ ਕਰ ਦਿੱਤੇ ਗਏ ਪੱਤਰਕਾਰਾਂ ਦੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕੀਤਾ ਜਾਏ ਅਤੇ ਉਨ੍ਹਾਂ ਦੇ ਕੰਮ ਨੂੰ ਜਾਰੀ ਰੱਖਿਆ ਜਾਵੇ। ਲਾਰੈਨ ਰਿਚਰਡ ਲਿਖਦਾ ਹੈ ਕਿ ਉਹ ਕੁਝ ਸਮੇਂ ਤੋਂ ਅਜਿਹੀ ਸੰਸਥਾ ਬਣਾਉਣ ਲਈ ਕੰਮ ਕਰ ਰਿਹਾ ਸੀ ਅਤੇ ਡੈਫ਼ਨੀ ਦੀ ਭਿਅੰਕਰ ਮੌਤ ਨੇ ਇਸ ਕੰਮ ਵਿਚ ਤੇਜ਼ੀ ਲਿਆਂਦੀ। 2019 ਵਿਚ ਇਸ ਸੰਸਥਾ ਨੇ ‘ਹਰਾ ਖ਼ੂਨ ਪ੍ਰਾਜੈਕਟ (Green Blood Project)’ ਸ਼ੁਰੂ ਕੀਤਾ ਜਿਸ ਵਿਚ ਵਾਤਾਵਰਨ ਸਬੰਧੀ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰਾਂ ਦੀਆਂ ਲਿਖਤਾਂ ਅਤੇ ਉਨ੍ਹਾਂ ਦੀ ਦੇਣ ਨੂੰ ਇਕੱਠਾ ਕੀਤਾ ਗਿਆ; 13 ਪੱਤਰਕਾਰਾਂ ਦੇ ਕਤਲਾਂ ਬਾਰੇ ਵੇਰਵੇ ਪ੍ਰਕਾਸ਼ਿਤ ਕੀਤੇ ਗਏ ਅਤੇ 16 ਹੋਰ ਪੱਤਰਕਾਰਾਂ ਦੀ ਮੌਤ ਬਾਰੇ ਖੋਜ ਪੜਤਾਲ ਕੀਤੀ ਜਾ ਰਹੀ ਹੈ। ਕਾਰਟੇਲ ਪ੍ਰਾਜੈਕਟ (Cartel Project) ਤਹਿਤ ਸੰਸਥਾ ਨੇ ਮੈਕਸੀਕੋ ਦੇ ਨਸ਼ਾ-ਸਮਗਲਿੰਗ ਕਰਨ ਵਾਲੇ ਗੈਂਗਾਂ ਦੀਆਂ ਜਥੇਬੰਦੀਆਂ (Cartels) ਬਾਰੇ ਖੋਜ ਕੀਤੀ। ਇਸ ਪ੍ਰਾਜੈਕਟ ਤਹਿਤ 28 ਅਪਰੈਲ 2012 ਨੂੰ ਕਤਲ ਕੀਤੀ ਗਈ ਮੈਕਸੀਕੋ ਦੀ ਪੱਤਰਕਾਰ ਰਹੀਨਾ ਮਾਰਤੀਨਿਸ ਪੇਰਿਸ (Regina Martinez Perez) ਦੇ ਕੰਮ ਨੂੰ ਜਾਰੀ ਰੱਖਿਆ ਗਿਆ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗੈਂਗਾਂ ਤੇ ਸਰਕਾਰੀ ਅਧਿਕਾਰੀਆਂ ਦੇ ਗੱਠਜੋੜ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰਾਂ ਦੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ। ਵਾਸ਼ਿੰਗਟਨ ਪੋਸਟ, ਦਿ ਗਾਰਡੀਅਨ, ਲਾ ਮੋਂਡੇ ਅਤੇ ਹੋਰ ਵੱਡੇ ਅਖ਼ਬਾਰਾਂ ਨੇ ਇਸ ਪ੍ਰਾਜੈਕਟ ਨਾਲ ਨਾਤਾ ਜੋੜਿਆ।
ਹੁਣ ਇਸ ਸੰਸਥਾ ਨੇ ਵੱਖ ਵੱਖ ਸਰਕਾਰਾਂ ’ਤੇ ਇਜ਼ਰਾਈਲ ਦੀ ਕੰਪਨੀ ਐੱਨਐੱਸਓ (NSO) ਦੁਆਰਾ ਦਿੱਤੇ ਸਾਫ਼ਟਵੇਅਰ ‘ਪੈਗਾਸਸ’ ਰਾਹੀਂ ਲਗਭਗ 50,000 ਟੈਲੀਫ਼ੋਨਾਂ ’ਤੇ ਨਿਗਾਹਬਾਨੀ ਕਰਨ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਵਿਚ 200 ਤੋਂ ਵੱਧ ਪੱਤਰਕਾਰ ਵੀ ਸ਼ਾਮਲ ਹਨ। ਸਬੰਧਿਤ ਵਿਅਕਤੀਆਂ ਦੇ ਫ਼ੋਨਾਂ ਦੀ ਐਮਨੈਸਟੀ ਇੰਟਰਨੈਸ਼ਨਲ ਦੀ ਸਕਿਉਰਿਟੀ ਲੈਬਾਰਟਰੀ ਤੋਂ ਪੜਤਾਲ ਕਰਾਈ ਗਈ ਹੈ। ਦੋਸ਼ ਲਗਾਇਆ ਜਾ ਰਿਹਾ ਹੈ ਬਹਿਰੀਨ, ਮੋਰੱਕੋ ਤੇ ਸਾਊਦੀ ਅਰਬ ਦੀਆਂ ਤਾਨਾਸ਼ਾਹ ਸਰਕਾਰਾਂ ਤੋਂ ਲੈ ਕੇ ਭਾਰਤ ਤੇ ਮੈਕਸੀਕੋ ਜਿਹੀਆਂ ਜਮਹੂਰੀਅਤਾਂ ਨੇ ਇਹ ਸਾਫ਼ਟਵੇਅਰ ਵਰਤਿਆ; ਭਾਰਤ ਵਿਚ ਕਈ ਨਾਮੀ ਪੱਤਰਕਾਰਾਂ, ਸਿਆਸਤਦਾਨਾਂ ਆਦਿ ਦੇ ਫ਼ੋਨਾਂ ’ਤੇ ਨਿਗਾਹਬਾਨੀ ਕੀਤੀ ਗਈ ਅਤੇ ‘ਫਾਰਬਿਡਨ ਸਟੋਰੀਜ਼’ ਦੀ ਵੈੱਬਸਾਈਟ ਅਨੁਸਾਰ ਲੁਧਿਆਣੇ ਤੋਂ ਛਪਦੇ ਇਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਦੇ ਮੋਬਾਇਲ ’ਤੇ ਵੀ ਇਹ ਸਾਫ਼ਟਵੇਅਰ ਪਾਇਆ ਗਿਆ। ਭਾਰਤ ਸਰਕਾਰ ਅਤੇ ਸਬੰਧਿਤ ਮੰਤਰਾਲੇ ਨੇ ਇਸ ਰਿਪੋਰਟ ਨੂੰ ਝੂਠੀ ਅਤੇ ਦੇਸ਼ ਦੀ ਨਮੋਸ਼ੀ ਕਰਨ ਵਾਲੀ ਸਾਜ਼ਿਸ਼ ਦੱਸਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਾਰਦਰਸ਼ਤਾ ਨਾਲ ਕੰਮ ਕਰਦਿਆਂ ਜ਼ਰੂਰੀ ਜਾਣਕਾਰੀ ਸੰਸਦ ਅਤੇ ਲੋਕਾਂ ਨਾਲ ਸਾਂਝੀ ਕਰੇ।