ਗੁਲਾਮ ਨਬੀ ਆਜ਼ਾਦ ਦੇ ਕਾਂਗਰਸ ਨੂੰ ਅਲਵਿਦਾ ਕਹਿਣ ’ਤੇ ਲੋਕਾਂ ਨੂੰ ਜ਼ਿਆਦਾ ਹੈਰਾਨੀ ਨਹੀਂ ਹੋਈ। ਕਈ ਦਿਨਾਂ ਤੋਂ ਇਹ ਕਿਆਸ-ਅਰਾਈਆਂ ਚੱਲ ਰਹੀਆਂ ਸਨ ਕਿ ਕੇਂਦਰੀ ਲੀਡਰਸ਼ਿਪ ਨਾਲ ਮੱਤਭੇਦ ਰੱਖਣ ਵਾਲੇ 23 ਆਗੂਆਂ ਦੇ ਗਰੁੱਪ (ਜਿਨ੍ਹਾਂ ਨੂੰ ਜੀ-23 ਗਰੁੱਪ ਕਿਹਾ ਜਾਂਦਾ ਹੈ) ਵਿਚੋਂ ਕੁਝ ਕਾਂਗਰਸ ਛੱਡ ਜਾਣਗੇ। ਪਹਿਲਾਂ ਕਪਿਲ ਸਿੱਬਲ ਨੇ ਪਾਰਟੀ ਛੱਡੀ ਅਤੇ ਹੁਣ ਆਜ਼ਾਦ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਹੈ। ਆਜ਼ਾਦ ਨੇ ਪਾਰਟੀ ਪ੍ਰਧਾਨ ਨੂੰ ਲਿਖੇ ਅਸਤੀਫ਼ੇ ਵਿਚ ਬਹੁਤ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਆਜ਼ਾਦ ਨੇ ਆਪਣੇ ਪੰਜ ਪੰਨਿਆਂ ਦੇ ਪੱਤਰ ਵਿਚ ਇੰਦਰਾ ਗਾਂਧੀ, ਸੰਜੇ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੀ ਤਾਰੀਫ਼ ਕਰਦਿਆਂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਅਨੁਸਾਰ 2013 ਵਿਚ ਪਾਰਟੀ ਦੇ ਮੀਤ ਪ੍ਰਧਾਨ ਅਤੇ 2014 ਵਿਚ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਨੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਵਾਲੇ ਢਾਂਚੇ ਨੂੰ ਤਬਾਹ ਕਰ ਦਿੱਤਾ। ਆਜ਼ਾਦ ਨੇ ਇਲਜ਼ਾਮ ਲਗਾਇਆ ਹੈ ਕਿ ਰਾਹੁਲ ਨੇ ਆਪਣੇ ਨਾ-ਤਜਰਬੇਕਾਰ ਸਲਾਹਕਾਰਾਂ ਦੀ ਰਾਏ ਮੰਨ ਕੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ। ਉਨ੍ਹਾਂ ਕਿਹਾ ਹੈ ਕਿ ਪਿਛਲੇ ਅੱਠ ਸਾਲਾਂ ਵਿਚ ਪਾਰਟੀ ਨੂੰ ਲੋਕ ਸਭਾ ਦੀਆਂ ਹੋਈਆਂ ਦੋ ਚੋਣਾਂ ਦੇ ਨਾਲ ਨਾਲ ਵਿਧਾਨ ਸਭਾਵਾਂ ਦੀਆਂ ਹੋਈਆਂ 49 ਚੋਣਾਂ ਵਿਚੋਂ 39 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਜ਼ਾਦ ਅਨੁਸਾਰ ਰਾਹੁਲ ਗਾਂਧੀ ਅਤੇ ਉਸ ਦੇ ਸਲਾਹਕਾਰਾਂ ਦੀ ਟੋਲੀ ਦੀ ਅਗਵਾਈ ਵਿਚ ਪਾਰਟੀ ਦੀ ਦੇਸ਼ ਦੇ ਹਿੱਤ ਵਿਚ ਲੜਾਈ ਕਰਨ ਦੀ ਸਮਰੱਥਾ ਅਤੇ ਇੱਛਾ ਦੋਵੇਂ ਖ਼ਤਮ ਹੋ ਗਈਆਂ ਹਨ। ਆਜ਼ਾਦ ਨੇ ਸਲਾਹ ਦਿੱਤੀ ਹੈ ਕਿ ਕਾਂਗਰਸ ਨੂੰ ‘ਭਾਰਤ ਜੋੜੋ’ ਦੀ ਥਾਂ ‘ਕਾਂਗਰਸ ਜੋੜੋ’ ਦੇ ਮਕਸਦ ਨਾਲ ਯਾਤਰਾ ਕਰਨੀ ਚਾਹੀਦੀ ਹੈ।
ਰਾਹੁਲ ਗਾਂਧੀ ਤੇ ਉਸ ਦੇ ਹਮਾਇਤੀ ਜੀ-23 ਗਰੁੱਪ ਦੇ ਮੈਂਬਰਾਂ ਨੂੰ ਲੋਕਾਂ ਵਿਚ ਅਸਰ ਨਾ ਰੱਖਣ ਵਾਲੇ ਆਗੂ ਮੰਨਦੇ ਹਨ; ਇਸ ਧਾਰਨਾ ਅਨੁਸਾਰ ਇਨ੍ਹਾਂ ਆਗੂਆਂ ਨੇ ਹਮੇਸ਼ਾ ਕਾਂਗਰਸ ਤੋਂ ਫ਼ਾਇਦਾ ਉਠਾਇਆ ਅਤੇ ਸੱਤਾ ਦਾ ਆਨੰਦ ਮਾਣਿਆ ਹੈ। ਇਨ੍ਹਾਂ ਆਗੂਆਂ ਨੂੰ ਕਾਰਪੋਰੇਟ ਅਦਾਰਿਆਂ ਦੇ ਹਮਾਇਤੀ ਵੀ ਮੰਨਿਆ ਜਾਂਦਾ ਹੈ। ਇਨ੍ਹਾਂ ਇਲਜ਼ਾਮਾਂ ਵਿਚੋਂ ਕੁਝ ਸਹੀ ਹੋ ਸਕਦੇ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਵਿਚ ਅੰਦਰੂਨੀ ਜਮਹੂਰੀਅਤ ਖ਼ਤਮ ਹੋ ਚੁੱਕੀ ਹੈ। ਕਾਂਗਰਸ ਕੇਂਦਰੀ ਹਾਈ ਕਮਾਂਡ ਤੋਂ ਮਿਲਦੇ ਫ਼ਰਮਾਨਾਂ ’ਤੇ ਚੱਲਣ ਵਾਲੀ ਪਾਰਟੀ ਬਣ ਗਈ ਹੈ; ਇਹ ਮਾਡਲ ਕਈ ਪਾਰਟੀਆਂ ਵਿਚ ਸਫ਼ਲ ਵੀ ਹੋਇਆ ਹੈ ਪਰ ਕਾਂਗਰਸ ਦੇ ਸੰਦਰਭ ਵਿਚ ਇਉਂ ਲੱਗਦਾ ਹੈ ਜਿਵੇਂ ਆਪਣੀਆਂ ਸਮੱਸਿਆਵਾਂ ਵਧਾਉਣ ਦਾ ਜ਼ਿੰਮਾ ਕੇਂਦਰੀ ਲੀਡਰਸ਼ਿਪ ਨੇ ਖ਼ੁਦ ਆਪਣੇ ਸਿਰ ਲੈ ਲਿਆ ਹੋਵੇ। 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਰਾਹੁਲ ਦੇ ਪ੍ਰਧਾਨਗੀ ਛੱਡਣ ਕਾਰਨ ਕਾਂਗਰਸ ਦੇ ਢਾਂਚੇ ਦੇ ਬਿਖ਼ਰ ਜਾਣ ਅਤੇ ਉਸ ਦੇ ਅਨੁਭਵਹੀਣ ਸਲਾਹਕਾਰਾਂ ਦੀ ਟੋਲੀ ਵਿਚ ਘਿਰੇ ਹੋਣ ਦੇ ਆਜ਼ਾਦ ਦੁਆਰਾ ਲਗਾਏ ਗਏ ਇਲਜ਼ਾਮ ਕਾਫ਼ੀ ਹੱਦ ਤਕ ਸਹੀ ਹਨ। ਇਸ ਤੋਂ ਪਹਿਲਾਂ ਜੀ-23 ਦੇ ਆਗੂਆਂ ਨੇ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਵੀ ਅਜਿਹੇ ਸਵਾਲ ਉਠਾਏ ਗਏ ਸਨ ਪਰ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦਾ ਉਸ ਤਰ੍ਹਾਂ ਜਵਾਬ ਨਹੀਂ ਦਿੱਤਾ ਜਿਵੇਂ ਜਮਹੂਰੀ ਪਾਰਟੀ ਵਿਚ ਦਿੱਤਾ ਜਾਣਾ ਚਾਹੀਦਾ ਹੈ। ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਮੌਕਾਪ੍ਰਸਤੀ ਹਾਵੀ ਰਹੀ ਹੈ ਪਰ ਇਹ ਰੁਝਾਨ ਸਾਰੀਆਂ ਪਾਰਟੀਆਂ ਵਿਚ ਮੌਜੂਦ ਹਨ। ਪਾਰਟੀ ਪ੍ਰਧਾਨ ਅਤੇ ਕੇਂਦਰੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਜਿਹੇ ਰੁਝਾਨਾਂ ’ਤੇ ਕਾਬੂ ਪਾ ਕੇ ਯੋਗ ਵਿਅਕਤੀਆਂ ਨੂੰ ਸਾਹਮਣੇ ਲਿਆਉਣ ਲਈ ਮੌਕੇ ਪ੍ਰਦਾਨ ਕਰੇ। ਕਈ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਜ਼ਾਦ ਜੰਮੂ ਕਸ਼ਮੀਰ ਵਿਚ ਨਵੀਂ ਖੇਤਰੀ ਪਾਰਟੀ ਬਣਾ ਕੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਨਾਲ ਸੱਤਾ ਹਾਸਲ ਕਰਨੀ ਚਾਹੁੰਦਾ ਹੈ। ਭਾਜਪਾ ਅਜਿਹੀ ਕੋਸ਼ਿਸ਼ ਕਰ ਸਕਦੀ ਹੈ ਪਰ ਜੰਮੂ ਕਸ਼ਮੀਰ ਜਿਹੇ ਸੰਵੇਦਨਸ਼ੀਲ ਖ਼ਿੱਤੇ ਵਿਚ ਮੌਕਾਪ੍ਰਸਤੀ ’ਤੇ ਆਧਾਰਿਤ ਸਿਆਸਤ ਕਰਨੀ ਨਾ ਤਾਂ ਸਿਆਸੀ ਪੱਖ ਤੋਂ ਦਰੁਸਤ ਹੈ ਅਤੇ ਨਾ ਹੀ ਕੌਮੀ ਸੁਰੱਖਿਆ ਦੇ ਪੱਖ ਤੋਂ। ਆਜ਼ਾਦ ਦੇ ਅਸਤੀਫ਼ੇ ਨੇ ਕਾਂਗਰਸ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਕਾਂਗਰਸ ਅਜੇ ਵੀ ਭਾਜਪਾ-ਵਿਰੋਧੀ ਮੁਹਾਜ਼ ਉਸਾਰਨ ਵਿਚ ਸੂਤਰਧਾਰ ਦੀ ਭੂਮਿਕਾ ਨਿਭਾ ਸਕਦੀ ਹੈ ਪਰ ਅਜਿਹਾ ਕਰਨ ਲਈ ਪਾਰਟੀ ਨੂੰ ਅੰਦਰੂਨੀ ਜਮਹੂਰੀਅਤ ਬਹਾਲ ਕਰਨ ਦੀ ਲੋੜ ਹੈ। ਕੇਂਦਰੀ ਲੀਡਰਸ਼ਿਪ ਨੂੰ ਇਸ ਦਿਸ਼ਾ ਵਿਚ ਢੁੱਕਵੇਂ ਅਤੇ ਤੁਰੰਤ ਫ਼ੈਸਲੇ ਲੈਣੇ ਚਾਹੀਦੇ ਹਨ।