ਰੂਸ-ਯੂਕਰੇਨ ਜੰਗ ਨੇ ਸਾਡੇ ਦੇਸ਼ ਨੂੰ ਇਸ ਹਕੀਕਤ ਦੇ ਰੂਬਰੂ ਵੀ ਕਰਵਾਇਆ ਹੈ ਕਿ ਸਾਡੇ ਲਗਭਗ 20,000 ਵਿਦਿਆਰਥੀ ਯੂਕਰੇਨ ਵਿਚ ਪੜ੍ਹ ਰਹੇ ਹਨ; ਉਨ੍ਹਾਂ ਵਿਚੋਂ ਲਗਭਗ 18,000 ਐੱਮਬੀਬੀਐੱਸ, ਭਾਵ ਮੈਡੀਕਲ ਵਿਦਿਆ ਦੀ ਪੜ੍ਹਾਈ ਕਰਨ ਗਏ ਹਨ। ਹਾਲਾਤ ਏਨੇ ਵਿਗੜ ਗਏ ਹਨ ਕਿ ਕੇਂਦਰ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਗੁਆਂਢੀ ਦੇਸ਼ਾਂ ਵਿਚ ਜਾਣ ਲਈ ਕਿਹਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਗੁਆਂਢੀ ਦੇਸ਼ਾਂ ਰਾਹੀਂ ਭਾਰਤ ਲਿਆਂਦਾ ਜਾ ਸਕੇ। ਕੂਟਨੀਤਕ ਮਾਹਿਰਾਂ ਨੇ ਸਰਕਾਰ ਦੁਆਰਾ ਕੀਤੀ ਦੇਰ ਬਾਰੇ ਕਈ ਸਵਾਲ ਉਠਾਏ ਹਨ; ਪਹਿਲਾ ਇਹ ਕਿ ਜਦ ਕੂਟਨੀਤਕ ਪੱਧਰ ’ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜੰਗ ਦੇ ਆਸਾਰ ਬਹੁਤ ਵਧ ਗਏ ਹਨ ਤਾਂ ਉਸ ਵੇਲੇ ਵਿਦਿਆਰਥੀਆਂ ਨੂੰ ਵਾਪਸ ਕਿਉਂ ਨਹੀਂ ਲਿਆਂਦਾ ਗਿਆ; ਇਹ ਗਫ਼ਲਤ ਕੂਟਨੀਤਕ ਤੇ ਸਫ਼ਾਰਤੀ ਪੱਧਰ ਦੀ ਹੈ; ਦੂਸਰਾ ਇਹ ਕਿ ਜੰਗ ਦੇ ਬੱਦਲ ਮੰਡਰਾਉਂਦੇ ਵੇਖ ਕੇ ਵੀ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਗਏ; ਜੋ ਵਿਦਿਆਰਥੀ ਦੇਸ਼ ਵਾਪਸ ਪਹੁੰਚੇ ਹਨ, ਉਨ੍ਹਾਂ ਤੋਂ ਕਈ ਗੁਣਾ ਜ਼ਿਆਦਾ ਕਿਰਾਇਆ ਲਿਆ ਗਿਆ।
ਯੂਕਰੇਨ ਵਿਚ ਐੱਮਬੀਬੀਐੱਸ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਵਿਚ ਆ ਕੇ ਮੈਡੀਕਲ ਕੌਂਸਲ ਆਫ਼ ਇੰਡੀਆ (ਐੱਮਸੀਆਈ) ਦਾ ਇਮਤਿਹਾਨ ਪਾਸ ਕਰਨਾ ਪੈਂਦਾ ਹੈ। ਜਾਣਕਾਰੀ ਅਨੁਸਾਰ ਹਰ ਸਾਲ ਯੂਕਰੇਨ ਤੋਂ ਆਏ 4000 ਵਿਦਿਆਰਥੀ ਇਹ ਇਮਤਿਹਾਨ ਦਿੰਦੇ ਹਨ ਪਰ ਪਾਸ ਬਹੁਤ ਘੱਟ ਹੁੰਦੇ ਹਨ। ਇਸ ਦੇ ਬਾਵਜੂਦ ਭਾਰਤ ਤੋਂ ਹਜ਼ਾਰਾਂ ਵਿਦਿਆਰਥੀ ਯੂਕਰੇਨ ਦੀਆਂ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਂਦੇ ਹਨ। ਇਸ ਦੇ ਦੋ ਮੁੱਖ ਕਾਰਨ ਹਨ: ਪਹਿਲਾ, ਉੱਥੇ ਮੈਡੀਕਲ, ਇੰਜਨੀਅਰਿੰਗ ਅਤੇ ਹੋਰ ਖੇਤਰਾਂ ਵਿਚ ਪੜ੍ਹਾਈ ’ਤੇ ਖ਼ਰਚਾ ਭਾਰਤ ਦੇ ਨਿੱਜੀ ਖੇਤਰ ਦੇ ਵਿਦਿਅਕ ਅਦਾਰਿਆਂ ਤੋਂ ਕਿਤੇ ਘੱਟ ਹੈ; ਦੂਸਰਾ, ਦਾਖ਼ਲੇ ਲਈ ਵਿਦਿਆਰਥੀਆਂ ਨੂੰ ਵੱਖਰਾ ਇਮਤਿਹਾਨ ਦੇਣ ਦੀ ਜ਼ਰੂਰਤ ਨਹੀਂ ਹੈ।
ਇਨ੍ਹੀ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਵਾਲ ਪੁੱਛਿਆ ਹੈ ਕਿ ਸਾਡੇ ਵਿਦਿਆਰਥੀ ਇਨ੍ਹਾਂ ਛੋਟੇ ਛੋਟੇ ਦੇਸ਼ਾਂ ’ਚ ਪੜ੍ਹਾਈ ਲਈ ਕਿਉਂ ਜਾਂਦੇ ਹਨ। ਮੈਡੀਕਲ ਵਿੱਦਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਇਹ ਸਵਾਲ ਵੀ ਪੁੱਛਿਆ ਕਿ ਨਿੱਜੀ ਖੇਤਰ ਮੈਡੀਕਲ ਵਿੱਦਿਆ ਵਿਚ ਜ਼ਿਆਦਾ ਨਿਵੇਸ਼ ਕਰਕੇ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਦਾ; ਪ੍ਰਧਾਨ ਮੰਤਰੀ ਨੇ ਸੂਬਾ ਸਰਕਾਰਾਂ ਦਾ ਕਸੂਰ ਕੱਢਦਿਆਂ ਇਹ ਵੀ ਕਿਹਾ ਕਿ ਉਹ ਮੈਡੀਕਲ ਕਾਲਜ ਬਣਾਉਣ ਲਈ ਸਸਤੇ ਭਾਅ ਜ਼ਮੀਨ ਨਹੀਂ ਦਿੰਦੇ। ਸਿਹਤ ਖੇਤਰ ਦੇ ਮਾਹਿਰਾਂ ਦੀ ਰਾਇ ਹੈ ਕਿ ਮੂਲ ਸਮੱਸਿਆ ਸਰਕਾਰਾਂ ਵੱਲੋਂ ਜਨਤਕ ਖੇਤਰ ਵਿਚ ਮੈਡੀਕਲ ਕਾਲਜ ਨਾ ਬਣਾਉਣ ਤੋਂ ਹੀ ਪੈਦਾ ਹੋਈ ਹੈ। ਬਹੁਤ ਸਾਰੇ ਸੂਬਿਆਂ ਵਿਚ ਨਿੱਜੀ ਖੇਤਰ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਲਈ ਸਸਤੇ ਭਾਅ ਜ਼ਮੀਨ ਦਿੱਤੀ ਗਈ ਪਰ ਇਹ ਹਸਪਤਾਲ ਅਤੇ ਕਾਲਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਦਹਾਕਿਆਂ ’ਚ ਨਿੱਜੀ ਖੇਤਰ ਦੇ ਹਸਪਤਾਲ, ਮੈਡੀਕਲ ਅਤੇ ਇੰਜਨੀਅਰਿੰਗ ਕਾਲਜ ਵਧੇ ਫੁੱਲੇ ਹਨ ਪਰ ਉਨ੍ਹਾਂ ਕਾਰਨ ਸਮੱਸਿਆਵਾਂ ਵਧੀਆਂ ਹਨ। ਮੈਡੀਕਲ ਕਾਲਜ ਦੂਸਰੇ ਵਿਦਿਅਕ ਅਦਾਰਿਆਂ ਤੋਂ ਇਸ ਪੱਖ ਤੋਂ ਵੱਖ ਹੁੰਦੇ ਹਨ ਕਿ ਉਨ੍ਹਾਂ ਨਾਲ ਵੱਡੇ ਹਸਪਤਾਲ ਜੁੜੇ ਹੋਣੇ ਚਾਹੀਦੇ ਹਨ। ਯੂਕਰੇਨ ਤੋਂ ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਦੇ ਨਾਲ ਨਾਲ ਸਰਕਾਰ ਨੂੰ ਵਿੱਦਿਆ ਅਤੇ ਖ਼ਾਸ ਕਰਕੇ ਮੈਡੀਕਲ ਵਿੱਦਿਆ ਦੇ ਖੇਤਰ ਵੱਲ ਖ਼ਾਸ ਧਿਆਨ ਦੀ ਜ਼ਰੂਰਤ ਹੈ। ਸਰਕਾਰਾਂ ਨੂੰ ਮੈਡੀਕਲ ਵਿੱਦਿਆ ਦੇ ਖੇਤਰ ਵਿਚ ਵੱਡੀ ਪੱਧਰ ’ਤੇ ਨਿਵੇਸ਼ ਕਰਨਾ ਚਾਹੀਦਾ ਹੈ।