“ਅੱਜ ਤੋਂ ਸਾਡੀ ਪਾਰਟੀ ਪੁਨਰ-ਸੁਰਜੀਤ ਹੋਣੀ ਸ਼ੁਰੂ ਹੋ ਗਈ ਹੈ।’’ ਇਹ ਸ਼ਬਦ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਸ਼ਸ਼ੀ ਥਰੂਰ ਨੇ ਮੰਗਲਵਾਰ ਉਦੋਂ ਕਹੇ ਜਦੋਂ ਪ੍ਰਧਾਨਗੀ ਦੇ ਅਹੁਦੇ ਲਈ ਹੋਈ ਚੋਣ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਮਲਿਕਾਰਜਨ ਖੜਗੇ ਨੂੰ 7897 ਵੋਟ ਮਿਲੇ ਅਤੇ ਥਰੂਰ ਨੂੰ 1072 ਵੋਟ। ਪਾਰਟੀ ਦੀ ਅੰਦਰੂਨੀ ਜਮਹੂਰੀਅਤ ਦੇ ਦ੍ਰਿਸ਼ਟੀਕੋਣ ਤੋਂ 1072 ਵੋਟਾਂ ਕਾਫ਼ੀ ਅਹਿਮ ਹਨ ਕਿਉਂਕਿ ਸਾਰੇ ਸਿਆਸੀ ਮਾਹਿਰ ਇਸ ਗੱਲ ਬਾਰੇ ਇਕਮੱਤ ਹਨ ਕਿ ਖੜਗੇ ਨਹਿਰੂ-ਗਾਂਧੀ ਪਰਿਵਾਰ ਦਾ ਉਮੀਦਵਾਰ ਸੀ/ਹੈ ਅਤੇ ਇਸ ਦੇ ਅਰਥ ਇਹ ਹਨ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ 1072 ਡੈਲੀਗੇਟਾਂ ਨੇ ਨਹਿਰੂ-ਗਾਂਧੀ ਪਰਿਵਾਰ ਦੇ ਉਮੀਦਵਾਰ ਨੂੰ ਵੋਟਾਂ ਨਹੀਂ ਪਾਈਆਂ।
ਖੜਗੇ ਦੇ ਸਾਹਮਣੇ ਇਤਿਹਾਸਕ ਚੁਣੌਤੀ ਹੈ: ਕੀ ਉਹ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਲਈ ਅਜਿਹਾ ਕੁਝ ਕਰ ਸਕਦਾ ਹੈ ਜਿਸ ਦੀ ਉਮੀਦ ਉਸ ਵਿਰੁੱਧ ਚੋਣ ਲੜਨ ਵਾਲੇ ਥਰੂਰ ਦੇ ਸ਼ਬਦਾਂ ਵਿਚ ਨਿਹਿਤ ਹੈ। 1969 ਵਿਚ ਕਾਂਗਰਸ ਵਿਚ ਸਰਗਰਮ ਹੋਣ ਤੋਂ ਬਾਅਦ ਖੜਗੇ ਨੌਂ ਵਾਰ ਕਰਨਾਟਕ ਵਿਧਾਨ ਸਭਾ ਦਾ ਵਿਧਾਇਕ ਅਤੇ ਦੋ ਵਾਰ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ। ਉਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਲਗਾਤਾਰ ਲੋਕਾਂ ਦੇ ਸੰਪਰਕ ਵਿਚ ਰਹਿਣ ਵਾਲਾ ਆਗੂ ਹੈ। ਪੇਸ਼ੇ ਵਜੋਂ ਵਕੀਲ ਖੜਗੇ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤੀਆਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਅਦਾਲਤਾਂ ਵਿਚ ਕੇਸ ਲੜੇ। 2014 ਤੇ 2019 ਦੀਆਂ ਲੋਕ ਸਭਾ ਚੋਣਾਂ ਅਤੇ ਕਈ ਸੂਬਿਆਂ ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਹਾਰਨ ਤੋਂ ਬਾਅਦ ਕਾਂਗਰਸ ਨੂੰ ਬਹੁਤ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ ਅਤੇ ਪਾਰਟੀ ਕਾਰਕੁਨਾਂ ਦੇ ਹੌਸਲੇ ਵੀ ਮਜ਼ਬੂਤ ਨਹੀਂ। 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਕਾਂਗਰਸ ਵਿਚ ਅਨਿਸ਼ਚਿਤਤਾ ਦਾ ਮਾਹੌਲ ਰਿਹਾ ਹੈ। ਲੋਕਾਂ ਵਿਚ ਇਹ ਪ੍ਰਭਾਵ ਹੈ ਕਿ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਵਜੂਦ ਪਾਰਟੀ ਦੇ ਜ਼ਿਆਦਾਤਰ ਫ਼ੈਸਲੇ ਰਾਹੁਲ ਗਾਂਧੀ ਹੀ ਕਰਦਾ ਹੈ। ਬੁੱਧਵਾਰ ਵੀ ਉਸ ਨੇ ਪਾਰਟੀ ਪ੍ਰਧਾਨ ਲਈ ਚੋਣ ਦੇ ਨਤੀਜੇ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਇਹ ਸੰਕੇਤ ਦੇ ਦਿੱਤਾ ਕਿ ਖੜਗੇ ਕਾਂਗਰਸ ਪ੍ਰਧਾਨ ਹੋਵੇਗਾ। ਲਗਭਗ ਹਰ ਕਿਸੇ ਨੂੰ ਭਾਵੇਂ ਇਸ ਦਾ ਪਤਾ ਸੀ ਪਰ ਇਹ ਸਿਆਸੀ ਮਰਿਆਦਾ ਦੀ ਖ਼ਿਲਾਫ਼ਵਰਜ਼ੀ ਹੈ।
ਕਾਂਗਰਸ ਦਾ ਨਹਿਰੂ-ਗਾਂਧੀ ਪਰਿਵਾਰ ਨਾਲ ਰਿਸ਼ਤਾ ਬਹੁਤ ਜਟਿਲ ਤੇ ਡੂੰਘਾ ਹੈ। ਇਸ ਪਰਿਵਾਰ ਦੇ ਤਿੰਨ ਵਿਅਕਤੀ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਜਵਾਹਰਲਾਲ ਨਹਿਰੂ ਦੇ ਪਿਤਾ ਮੋਤੀਲਾਲ ਨਹਿਰੂ ਨੇ ਵੀ ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ ਪਾਇਆ। ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਲਿਖੀ ਉਸ ਦੀ ਰਿਪੋਰਟ ਜਿਸ ਨੂੰ ਨਹਿਰੂ ਰਿਪੋਰਟ ਕਿਹਾ ਜਾਂਦਾ ਹੈ, ਬੁਨਿਆਦੀ ਸੰਵਿਧਾਨਕ ਦਸਤਾਵੇਜ਼ ਸੀ। ਜਵਾਹਰਲਾਲ ਨਹਿਰੂ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੀ ਸਿਆਸਤ ’ਤੇ ਵੱਡੇ ਪ੍ਰਭਾਵ ਪਾਏ ਅਤੇ ਦੇਸ਼ ਵਿਚ ਸੰਵਿਧਾਨਕ ਸੰਸਥਾਵਾਂ ਦੀ ਬੁਨਿਆਦ ਰੱਖ ਕੇ ਰਾਸ਼ਟਰ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਈ। ਇੰਦਰਾ ਗਾਂਧੀ ਦਾ ਰਾਜ-ਕਾਲ ਵਿਰੋਧਾਭਾਸਾਂ ਦਾ ਸ਼ਿਕਾਰ ਸੀ; ਇਕ ਪਾਸੇ ਉਸ ਨੇ ਸਨਅਤਾਂ ਤੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਤੇ ਪਾਕਿਸਤਾਨ ਵਿਰੁੱਧ ਜੰਗ ਜਿੱਤੀ ਤੇ ਦੂਸਰੇ ਪਾਸੇ ਐਮਰਜੈਂਸੀ ਲਗਾਉਣ ਤੇ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਹਮਲਾ ਕਰਨ ਵਰਗੀਆਂ ਬੱਜਰ ਇਤਿਹਾਸਕ ਗ਼ਲਤੀਆਂ ਕੀਤੀਆਂ। ਸੋਨੀਆ ਗਾਂਧੀ 1998 ਵਿਚ ਕਾਂਗਰਸ ਦੀ ਪ੍ਰਧਾਨ ਬਣੀ ਅਤੇ ਉਸ ਦੀ ਅਗਵਾਈ ਵਿਚ ਪਾਰਟੀ ਨੇ 2004 ਵਿਚ ਅਜੇਤੂ ਸਮਝੀ ਜਾ ਰਹੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ। ਪ੍ਰਧਾਨ ਮੰਤਰੀ ਨਾ ਬਣ ਕੇ ਉਸ ਨੇ ਮਿਸਾਲੀ ਸਿਆਸੀ ਸੂਝ-ਬੂਝ ਦਿਖਾਈ ਅਤੇ ਉਸ ਦੀ ਅਗਵਾਈ ਵਾਲੀ ਕੌਮੀ ਸਲਾਹਕਾਰ ਕਮੇਟੀ ਨੇ ਮਗਨਰੇਗਾ ਸਕੀਮ ਲਾਗੂ ਕਰਨ ਅਤੇ ਸੂਚਨਾ ਦਾ ਅਧਿਕਾਰ ਕਾਨੂੰਨ ਜਿਹੇ ਅਹਿਮ ਫ਼ੈਸਲੇ ਕੀਤੇ।
ਬਹੁਤ ਸਾਰੇ ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਪਾਰਟੀ ਵਿਚ ਏਕਤਾ ਬਣਾਈ ਰੱਖਣ ਲਈ ਨਹਿਰੂ-ਗਾਂਧੀ ਪਰਿਵਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਕਾਂਗਰਸ ਲੋਕਾਂ ਦੀ ਪਾਰਟੀ ਸੀ/ਹੈ; ਇਸ ਨੇ ਅੰਗਰੇਜ਼ ਸਰਕਾਰ ਨੂੰ ਅਰਜ਼ੀਆਂ ਦੇਣ ਅਤੇ ਵਫ਼ਦ ਲੈ ਕੇ ਸਰਕਾਰੀ ਅਧਿਕਾਰੀਆਂ ਨੂੰ ਮਿਲਣ ਤੋਂ ਲੈ ਕੇ ਲੋਕਾਂ ਦੀ ਸਮੂਹਿਕ ਐਕਸ਼ਨ ਵਿਚ ਅਗਵਾਈ ਕਰਨ ਤਕ ਦਾ ਸਫ਼ਰ ਤੈਅ ਕੀਤਾ। ਇਸ ਦੀ ਅਗਵਾਈ ਵਿਚ ਲੋਕਾਂ ਨੇ ਨਾਮਿਲਵਰਤਨ, ਸਿਵਲ ਨਾਫ਼ਰਮਾਨੀ, ਭਾਰਤ ਛੱਡੋ ਅੰਦੋਲਨ ਤੇ ਹੋਰ ਲਹਿਰਾਂ ਦੌਰਾਨ ਵੱਡੀਆਂ ਕੁਰਬਾਨੀਆਂ ਦਿੱਤੀਆਂ। ਪਾਰਟੀ ਧਰਮ ਨਿਰਪੱਖ ਤੇ ਉਦਾਰਵਾਦੀ ਸਿਆਸੀ ਕਾਰਕੁਨਾਂ ਤੇ ਆਗੂਆਂ ਦੀ ਪਾਰਟੀ ਬਣੀ ਪਰ 2014 ਦੀਆਂ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਤੋਂ ਬਾਅਦ ਪਾਰਟੀ ਦੇ ਪੈਰ ਥਿੜਕ ਗਏ ਅਤੇ ਉਹ ਅਜੇ ਤਕ ਸੰਭਲ ਨਹੀਂ ਸਕੀ। ਖੜਗੇ ਸਾਹਮਣੇ ਪਾਰਟੀ ਦੀ ਅਗਵਾਈ ਕਰਨ ਦੇ ਨਾਲ ਨਾਲ ਭਾਜਪਾ ਵਿਰੋਧੀ ਮੁਹਾਜ਼ ਉਸਾਰਨ ਦੀ ਵਿਰਾਟ ਚੁਣੌਤੀ ਹੈ। ਖੜਗੇ ਤਜਰਬੇਕਾਰ ਆਗੂ ਹੈ ਜੋ ਦੂਸਰੀਆਂ ਪਾਰਟੀਆਂ ਦੇ ਆਗੂਆਂ ਨਾਲ ਤਾਲਮੇਲ ਪੈਦਾ ਕਰਨ ਦੀ ਕਾਬਲੀਅਤ ਰੱਖਦਾ ਹੈ। ਉਸ ਦੀ ਸਫ਼ਲਤਾ ਨਹਿਰੂ-ਗਾਂਧੀ ਪਰਿਵਾਰ ਦਾ ਸਹਿਯੋਗ ਲੈਣ ਦੇ ਨਾਲ ਨਾਲ ਇਸ ਪਰਿਵਾਰ ਦੇ ਪ੍ਰਛਾਵੇਂ ਤੋਂ ਬਾਹਰ ਆਉਣ ’ਤੇ ਨਿਰਭਰ ਕਰਦੀ ਹੈ। ਖੜਗੇ ਦੇ ਪਾਰਟੀ ਪ੍ਰਧਾਨ ਚੁਣੇ ਜਾਣ ਨਾਲ ਉਸ ਦਾ ਇਮਤਿਹਾਨ ਵੀ ਸ਼ੁਰੂ ਹੋ ਗਿਆ ਹੈ ਅਤੇ ਪਾਰਟੀ ਦਾ ਵੀ।