ਪੰਜਾਬ ਨੂੰ ਆ ਰਹੀ ਹੈਰੋਇਨ ਲਗਾਤਾਰ ਫੜੀ ਜਾ ਰਹੀ ਹੈ। ਪੰਜਾਬ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਨਸ਼ੀਲੇ ਪਦਾਰਥ ਨੂੰ ਕੱਪੜਿਆਂ ਦੇ ਕੰਟੇਨਰ ਵਿਚ ਛੁਪਾ ਕੇ ਰੱਖਿਆ ਗਿਆ ਸੀ। ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 375 ਕਰੋੜ ਰੁਪਏ ਦੱਸੀ ਜਾਂਦੀ ਹੈ। ਮਈ 2022 ਵਿਚ 500 ਕਰੋੜ ਰੁਪਏ ਦੀ 56 ਕਿਲੋ ਕੋਕੇਨ ਇਸੇ ਬੰਦਰਗਾਹ ਅਤੇ ਅਪਰੈਲ 2022 ਵਿਚ 205 ਕਿਲੋ ਹੈਰੋਇਨ (ਕੀਮਤ ਲਗਭਗ 1435 ਕਰੋੜ ਰੁਪਏ) ਕਾਂਡਲਾ ਬੰਦਰਗਾਹ ਤੋਂ ਫੜੀ ਗਈ ਸੀ। ਗੁਜਰਾਤ ਪੁਲੀਸ ਨੇ ਅਪਰੈਲ 2022 ਵਿਚ ਹੀ ਪੀਪਾਵਾਵ ਬੰਦਰਗਾਹ ਤੋਂ 75 ਕਿਲੋ ਹੈਰੋਇਨ (ਕੀਮਤ ਲਗਭਗ 450 ਕਰੋੜ ਰੁਪਏ) ਫੜੀ ਸੀ। ਪਿਛਲੇ ਸਾਲ ਸਤੰਬਰ ਵਿਚ ਮੁੰਦਰਾ ਬੰਦਰਗਾਹ ਤੋਂ 3,000 ਕਿਲੋ ਹੈਰੋਇਨ ਜਿਸ ਦੀ ਕੀਮਤ 21,000 ਕਰੋੜ ਰੁਪਏ ਸੀ, ਬਰਾਮਦ ਕੀਤੀ ਸੀ। ਇਹ ਸਾਰੀਆਂ ਬੰਦਰਗਾਹਾਂ ਗੁਜਰਾਤ ਵਿਚ ਹਨ ਅਤੇ ਸਾਰੇ ਨਸ਼ੀਲੇ ਪਦਾਰਥ ਕੰਟੇਨਰਾਂ ਵਿਚ ਛੁਪਾਏ ਸਨ। ਹਰ ਬੰਦਰਗਾਹ ’ਤੇ ਰੋਜ਼ਾਨਾ ਸੈਂਕੜੇ ਕੰਟੇਨਰ ਉਤਰਦੇ ਹਨ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲੈਣੀ ਸੰਭਵ ਨਹੀਂ ਹੁੰਦੀ। ਪੁਲੀਸ, ਨਾਰਕੋਟਿਕ ਕੰਟਰੋਲ ਬਿਊਰੋ (ਐੱਨਸੀਬੀ) ਅਤੇ ਤਫ਼ਤੀਸ਼ ਕਰਨ ਵਾਲੀਆਂ ਹੋਰ ਏਜੰਸੀਆਂ ਆਪਣੇ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਹੀ ਨਸ਼ੀਲੇ ਪਦਾਰਥ ਫੜ ਸਕਦੀਆਂ ਹਨ।
ਮਹਾਰਾਸ਼ਟਰ ਵਿਚ ਨਵੀਂ ਮੁੰਬਈ ਬੰਦਰਗਾਹ ਤੋਂ ਅਪਰੈਲ 2021 ਵਿਚ 25 ਕਿਲੋ ਅਤੇ ਜੁਲਾਈ 2021 ਵਿਚ 300 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਨ੍ਹਾਂ ਬਰਾਮਦਗੀਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਹੈਰੋਇਨ ਸਮੁੰਦਰੀ ਜਹਾਜ਼ਾਂ ਰਾਹੀਂ ਦੇਸ਼ ਵਿਚ ਲਿਆਂਦੀ ਅਤੇ ਮੁੱਖ ਤੌਰ ’ਤੇ ਪੱਛਮੀ ਤੱਟ ਦੀਆਂ ਬੰਦਰਗਾਹਾਂ ’ਤੇ ਉਤਾਰੀ ਜਾ ਰਹੀ ਹੈ। ਹੈਰੋਇਨ ਦੇ ਵੱਡੀ ਮਾਤਰਾ ਵਿਚ ਫੜੇ ਜਾਣ ਤੋਂ ਇਸ ਤੱਥ ਦੀ ਤਸਦੀਕ ਵੀ ਹੁੰਦੀ ਹੈ ਕਿ ਇਹ ਕੰਮ ਤਸਕਰਾਂ ਦੇ ਵੱਡੇ ਟੋਲਿਆਂ (ਸਿੰਡੀਕੇਟਾਂ) ਦੁਆਰਾ ਕੀਤਾ ਜਾ ਰਿਹਾ ਹੈ।
ਭਾਰਤ ਵਿਚ ਆਉਂਦੀ ਹੈਰੋਇਨ ਦਾ ਮੁੱਖ ਸੋਮਾ ਅਫ਼ਗ਼ਾਨਿਸਤਾਨ ਵਿਚ ਉਗਾਈ ਜਾਂਦੀ ਅਫ਼ੀਮ ਹੈ। ਕੁਝ ਦੇਰ ਪਹਿਲਾਂ ਤਕ ਮਾਹਿਰਾਂ ਦਾ ਅੰਦਾਜ਼ਾ ਸੀ ਕਿ ਅਫ਼ਗ਼ਾਨਿਸਤਾਨ ਵਿਚ ਬਣਾਈ ਜਾਂਦੀ ਹੈਰੋਇਨ ਦਾ 40 ਫ਼ੀਸਦੀ ਹਿੱਸਾ ਇਰਾਨ, ਮੱਧ ਏਸ਼ੀਆ ਦੇ ਦੇਸ਼ਾਂ ਅਤੇ ਪਾਕਿਸਤਾਨ ਦੇ ਥਲ-ਮਾਰਗਾਂ ਰਾਹੀਂ ਯੂਰੋਪ ਵਿਚ ਭੇਜਿਆ ਜਾਂਦਾ ਹੈ ਅਤੇ 40 ਫ਼ੀਸਦੀ ਹਿੱਸਾ ਪਾਕਿਸਤਾਨ ਦੀਆਂ ਬੰਦਰਗਾਹਾਂ ਰਾਹੀਂ ਅਫ਼ਰੀਕੀ ਦੇਸ਼ਾਂ ’ਚੋਂ ਹੁੰਦਾ ਹੋਇਆ ਅਫ਼ਰੀਕਾ, ਅਮਰੀਕਾ ਤੇ ਯੂਰੋਪ ਵਿਚ ਪਹੁੰਚਦਾ ਹੈ; 8 ਫ਼ੀਸਦੀ ਹਿੱਸਾ ਰਾਜਸਥਾਨ, ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਰਾਹੀਂ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਪਹੁੰਚਾਇਆ ਜਾਂਦਾ ਹੈ। ਹੁਣ ਬੰਦਰਗਾਹਾਂ ਤੋਂ ਹੋ ਰਹੀ ਬਰਾਮਦਗੀ ਤੋਂ ਇਹ ਸੰਕੇਤ ਮਿਲਦੇ ਹਨ ਕਿ ਸਮੁੰਦਰੀ ਜਹਾਜ਼ਾਂ ਰਾਹੀਂ ਸਮਗਲਿੰਗ ਵਧ ਰਹੀ ਹੈ। ਨਸ਼ੀਲੇ ਪਦਾਰਥਾਂ ਦਾ ਏਨੀ ਜ਼ਿਆਦਾ ਮਾਤਰਾ ਵਿਚ ਪਹੁੰਚਣ ਦਾ ਮਤਲਬ ਇਹ ਵੀ ਹੈ ਕਿ ਦੇਸ਼ ਵਿਚ ਬਹੁਤ ਵੱਡੀ ਪੱਧਰ ’ਤੇ ਲੋਕ ਨਸ਼ੇ ਕਰਦੇ ਹਨ। ਹੈਰੋਇਨ ਸਭ ਤੋਂ ਖ਼ਤਰਨਾਕ ਨਸ਼ਾ ਹੈ। ਇਸ ਵਿਚ ਕੁਝ ਮਿਲਾਵਟ ਕਰ ਕੇ ਇਸ ਨੂੰ ਪੰਜਾਬ ਵਿਚ ‘ਚਿੱਟੇ’ ਦੇ ਨਾਂ ਹੇਠ ਵੇਚਿਆ ਜਾਂਦਾ ਹੈ। ਇਸ ਦੇ ਆਦੀ ਹੋ ਗਏ ਬੰਦੇ ਤੋਂ ਇਹ ਨਸ਼ਾ ਛੁਡਾਉਣਾ ਲਗਭਗ ਨਾਮੁਮਕਿਨ ਹੈ। ਨਸ਼ਾ ਛੁਡਾਉਣ ਲਈ ਘੱਟ ਨਸ਼ੇ ਵਾਲੀਆਂ ਦਵਾਈਆਂ ਲਗਾਤਾਰ ਦੇਣੀਆਂ ਪੈਂਦੀਆਂ ਹਨ। ਪੰਜਾਬ ਲਗਭਗ ਢਾਈ ਦਹਾਕਿਆਂ ਤੋਂ ਇਸ ਨਸ਼ੇ ਦੀ ਮਾਰ ਝੱਲ ਰਿਹਾ ਹੈ। ਇਸ ਦੇ ਮਹਿੰਗੇ ਹੋਣ ਅਤੇ ਇਕ ਵਾਰ ਬੰਦੇ ਦੇ ਆਦੀ ਹੋ ਜਾਣ ਤੋਂ ਬਾਅਦ ਛੱਡੇ ਨਾ ਜਾਣ ਦੀ ਮਜਬੂਰੀ ਕਾਰਨ ਤਸਕਰ ਹੋਰ ਨਸ਼ਿਆਂ ਦੀ ਥਾਂ ਇਸ ਦੀ ਤਸਕਰੀ ਤੇ ਵਿਕਰੀ ਨੂੰ ਤਰਜੀਹ ਦਿੰਦੇ ਹਨ। ਵੱਡੇ ਪੱਧਰ ’ਤੇ ਤਸਕਰੀ ਅਪਰਾਧੀ ਤੱਤਾਂ, ਪੁਲੀਸ ਅਤੇ ਸਿਆਸੀ ਜਮਾਤ ਦੀ ਮਿਲੀਭੁਗਤ ਤੋਂ ਬਿਨਾ ਸੰਭਵ ਨਹੀਂ ਹੈ। ਬਹੁਤ ਵਾਰ ਇਹ ਦੇਖਣ ਨੂੰ ਮਿਲਦਾ ਹੈ ਕਿ ਤਫ਼ਤੀਸ਼ ਖ਼ਾਸ ਸੀਮਾ ’ਤੇ ਪਹੁੰਚ ਕੇ ਰੁਕ ਜਾਂਦੀ ਹੈ। ਸਿਆਸੀ ਪਾਰਟੀਆਂ ਨਸ਼ਿਆਂ ਨੂੰ ਜੜ੍ਹੋਂ ਉਖਾੜਨ ਬਾਰੇ ਦਾਅਵੇ ਤਾਂ ਬਹੁਤ ਕਰਦੀਆਂ ਰਹੀਆਂ ਪਰ ਇਸ ਵਿਚ ਮਿਲੀ ਸਫ਼ਲਤਾ ਤਸੱਲੀਬਖ਼ਸ਼ ਨਹੀਂ ਹੈ। ਨਸ਼ਿਆਂ ਨੇ ਪੰਜਾਬ ਦੇ ਹਜ਼ਾਰਾਂ ਘਰ ਉਜਾੜੇ ਹਨ। ਪੰਜਾਬ ਸਰਕਾਰ ਅਤੇ ਪੁਲੀਸ ਨੂੰ ਨਸ਼ਿਆਂ ਦੇ ਫੈਲਾਉ ਵਿਰੁੱਧ ਲਗਾਤਾਰ ਮੁਹਿੰਮ ਚਲਾਉਣੀ ਚਾਹੀਦੀ ਹੈ। ਅਜਿਹੀ ਮੁਹਿੰਮ ਦੀ ਨਿਗਾਹਬਾਨੀ ਵੀ ਬੇਰੋਕ-ਟੋਕ ਅਤੇ ਉੱਚ ਪੱਧਰੀ ਹੋਣੀ ਚਾਹੀਦੀ ਹੈ।