ਖੋਜ ਕਰਨ ਵਾਲੀ ਸੰਸਥਾ ਲੋਕਨੀਤੀ ਅਤੇ ਵਿਕਾਸਸ਼ੀਲ ਸਮਾਜਾਂ ਦੇ ਅਧਿਐਨ ਲਈ ਕੇਂਦਰ (Centre for the study of Developing Societies-ਸੀਐੱਸਡੀਐੱਸ) ਦੇ ਅਧਿਐਨ ਨੇ ਵੱਖ ਵੱਖ ਵਰਗਾਂ ’ਚ ਸਾਧਨਾਂ ਦੀ ਕਾਣੀ ਵੰਡ ਬਾਰੇ ਤੱਥ ਸਾਹਮਣੇ ਲਿਆਂਦੇ ਹਨ। ਇਹ ਸੰਸਥਾਵਾਂ ਆਮ ਤੌਰ ’ਤੇ ਚੋਣਾਂ ਦੌਰਾਨ ਸਰਵੇ ਦੇ ਨਾਲ ਹੀ ਵੱਖ ਵੱਖ ਵਰਗਾਂ ਦੀ ਆਰਥਿਕ ਸਮਾਜਿਕ ਸਥਿਤੀ ਦਾ ਅਨੁਮਾਨ ਲਗਾਉਣ ਦਾ ਕੰਮ ਵੀ ਕਰਦੀਆਂ ਹਨ। ਇਹ ਸਰਵੇਖਣ 2019 ਦੀਆਂ ਚੋਣਾਂ ਵੇਲੇ ਕੀਤਾ ਗਿਆ। ਖੁਸ਼ਹਾਲ ਪਰਿਵਾਰ ਲਈ ਸਮਝੇ ਜਾਂਦੇ ਆਮ ਮਾਪਦੰਡ ਮੁਤਾਬਿਕ ਕਿਸੇ ਪਰਿਵਾਰ ਕੋਲ ਆਪਣਾ ਘਰ ਜਾਂ ਜ਼ਮੀਨ ਦੇ ਟੁਕੜੇ ਤੋਂ ਇਲਾਵਾ ਪੰਜ ਵਸਤਾਂ ਹੋਣੀਆਂ ਚਾਹੀਦੀਆਂ ਹਨ: ਕਾਰ, ਘਰ ਵਿਚ ਏਅਰਕੰਡੀਸ਼ਨਰ, ਡੈਸਕਟਾਪ ਜਾਂ ਲੈਪਟਾਪ ਕੰਪਿਊਟਰ, ਫਰਿੱਜ਼ ਅਤੇ ਟੈਲੀਵੀਜ਼ਨ। ਸਰਵੇਖਣ ਅਨੁਸਾਰ ਇਨ੍ਹਾਂ ਪੰਜ ਸਾਧਨਾਂ ਵਾਲੇ ਘਰਾਂ ਦੀ ਗਿਣਤੀ ਦੇਸ਼ ਦੇ ਕੁਲ ਪਰਿਵਾਰਾਂ ਦਾ ਕੇਵਲ 3 ਫ਼ੀਸਦੀ ਹੈ। ਇਸ ਦੀ ਵਰਗਾਂ ਅਨੁਸਾਰ ਸਮੀਖਿਆ ਵਿਚ ਕਈ ਹੋਰ ਤਰ੍ਹਾਂ ਦਾ ਅਸਾਵਾਂਪਨ ਸਪੱਸ਼ਟ ਦਿਖਾਈ ਦਿੰਦਾ ਹੈ।
ਦਲਿਤ ਅਤੇ ਮੁਸਲਿਮ ਪਰਿਵਾਰਾਂ ਦੇ ਮੁਕਾਬਲੇ ਤਥਾਕਥਿਤ ਉੱਚ ਜਾਤੀਆਂ ਦੇ ਸੱਤ ਗੁਣਾ ਹਿੰਦੂ ਪਰਿਵਾਰਾਂ ਕੋਲ ਇਹ ਪੰਜੇ ਸਾਧਨ ਹਨ। ਉੱਚ ਸਮਝੀਆਂ ਜਾਂਦੀਆਂ ਜਾਤਾਂ ਦੇ ਪਰਿਵਾਰਾਂ ਦੇ ਵੀਹ ਫ਼ੀਸਦੀ ਕੋਲ ਕਾਰਾਂ ਹਨ ਜਦੋਂਕਿ ਦਲਿਤ ਅਤੇ ਹੋਰ ਘੱਟ ਸਾਧਨਾਂ ਵਾਲੇ ਪਰਿਵਾਰਾਂ ਕੋਲ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਸ਼ਹਿਰਾਂ ਦੇ 13 ਫ਼ੀਸਦੀ ਪਰਿਵਾਰਾਂ, ਕਸਬਿਆਂ ਦੇ 5 ਫ਼ੀਸਦੀ ਅਤੇ ਪਿੰਡਾਂ ਦੇ ਇਕ ਫ਼ੀਸਦੀ ਪਰਿਵਾਰਾਂ ਕੋਲ ਇਹ ਪੰਜੇ ਸਾਧਨ ਮੌਜੂਦ ਹਨ। ਖੁਸ਼ਹਾਲੀ ਦੇ ਪੈਮਾਨੇ ਵਿਚ ਸਿੱਖ ਭਾਈਚਾਰੇ ਦੀ ਹਾਲਤ ਬਿਹਤਰ ਹੈ। ਰਾਜਾਂ ਵਿਚੋਂ ਵੀ ਦਿੱਲੀ, ਪੰਜਾਬ, ਕੇਰਲ ਅਤੇ ਗੋਆ ਸਾਧਨਾਂ ਦੇ ਪੱਖ ਤੋਂ ਵੱਧ ਖੁਸ਼ਹਾਲ ਹਨ ਜਦੋਂਕਿ ਝਾਰਖੰਡ ਅਤੇ ਆਸਾਮ ਦੇ ਕੇਵਲ ਇਕ ਫ਼ੀਸਦੀ ਪਰਿਵਾਰਾਂ ਕੋਲ ਇਹ ਪੰਜੇ ਸਾਧਨ ਹਨ। 1999 ਤੋਂ 2004 ਤੱਕ ਇਨ੍ਹਾਂ ਸਾਧਨਾਂ ਦੀ ਖ਼ਰੀਦ ਦੀ ਰਫ਼ਤਾਰ ਵਿਚ 2 ਤੋਂ 5 ਫ਼ੀਸਦੀ ਦਾ ਵਾਧਾ ਹੋਇਆ ਜਦੋਂਕਿ ਇਸ ਤੋਂ ਬਾਅਦ ਇਨ੍ਹਾਂ ਸਾਧਨਾਂ ਦੇ ਦੁੱਗਣੇ ਹੋਣ ਲਈ ਪੰਦਰਾਂ ਸਾਲ ਲੱਗੇ ਹਨ। ਜੇਕਰ ਕਿਸੇ ਪਰਿਵਾਰ ਕੋਲ ਕਾਰ ਹੈ ਤਾਂ ਉਹ ਦੇਸ਼ ਦੇ 11 ਫ਼ੀਸਦੀ ਖੁਸ਼ਹਾਲ ਪਰਿਵਾਰਾਂ ਦਾ ਹਿੱਸਾ ਹੈ।
ਇਹ ਸਰਵੇਖਣ ਮੌਜੂਦਾ ਮਾਡਲ ਤਹਿਤ ਹੋ ਰਹੇ ਵਿਕਾਸ ’ਚ ਹਿੱਸੇਦਾਰੀ ’ਚ ਵੱਖ ਵੱਖ ਵਰਗਾਂ ਦਾ ਨਮੂਨਾ ਦਿਖਾ ਰਿਹਾ ਹੈ। ਵੱਡੇ ਮੱਧਵਰਗ ਦੀ ਚਰਚਾ ਹੋਣ ਦੇ ਬਾਵਜੂਦ ਅਜਿਹੀਆਂ ਸਹੂਲਤਾਂ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਨਹੀਂ ਵਧੀ। ਇਸ ਤੋਂ ਇਹ ਪਤਾ ਵੀ ਚੱਲਦਾ ਹੈ ਕਿ ਕੁਝ ਪਰਿਵਾਰਾਂ ਕੋਲ ਅਜਿਹੇ ਸਾਧਨਾਂ ਦੀ ਭਰਮਾਰ ਹੈ। ਕੋਵਿਡ-19 ਦੌਰਾਨ ਅਰਥਵਿਵਸਥਾ ਵਿਚ ਵੱਡੀ ਗਿਰਾਵਟ ਆਈ ਹੈ। ਕਰੋੜਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਇਸੇ ਦੌਰਾਨ ਡੀਜ਼ਲ, ਪੈਟਰੋਲ, ਰਸੋਈ ਗੈਸ, ਦਾਲਾਂ ਆਦਿ ਦੀਆਂ ਕੀਮਤਾਂ ਤੇਜ਼ੀ ਨਾਲ ਵਧਣ ਕਾਰਨ ਅਜਿਹੇ ਸਾਧਨਾਂ ਦੇ ਜ਼ਿਆਦਾ ਲੋਕਾਂ ਕੋਲ ਪਹੁੰਚਣ ਦੀ ਰਫ਼ਤਾਰ ਹੋਰ ਵੀ ਸੁਸਤ ਹੋ ਜਾਣ ਦੀ ਸੰਭਾਵਨਾ ਹੈ। ਇਸ ਵਾਧੇ ਦੇ ਪਿੱਛੇ ਬੈਂਕ ਕਰਜ਼ੇ ਦਾ ਵਧ ਰਿਹਾ ਰੁਝਾਨ ਵੀ ਹੈ। ਕਿੰਨੇ ਲੋਕ ਅਜਿਹੇ ਸਾਧਨ ਪ੍ਰਾਪਤ ਕਰਨ ਲਈ ਕਰਜ਼ੇ ਚੁੱਕਦੇ ਹਨ, ਕਿਸੇ ਅਗਲੇ ਅਧਿਐਨ ਦਾ ਹਿੱਸਾ ਹੋ ਸਕਦਾ ਹੈ। ਨੀਤੀ ਘਾੜਿਆਂ ਨੂੰ ਵਧ ਰਹੀ ਆਰਥਿਕ ਅਸਮਾਨਤਾ ਵੱਲ ਧਿਆਨ ਦੇਣਾ ਚਾਹੀਦਾ ਹੈ।