ਦਿੱਲੀ ਦੀ ਨੌਂ-ਸਾਲਾ ਨਾਬਾਲਗ਼ ਦਲਿਤ ਪਰਿਵਾਰ ਦੀ ਲੜਕੀ ਨਾਲ ਕਥਿਤ ਜਬਰ-ਜਨਾਹ ਅਤੇ ਕਤਲ ਪਿੱਛੋਂ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖ਼ਿਲਾਫ਼ ਸਸਕਾਰ ਕਰਨ ਦੀ ਘਟਨਾ ਪਿਛਲੇ ਸਾਲ ਸਤੰਬਰ ਵਿਚ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੀ ਘਟਨਾ ਯਾਦ ਕਰਵਾਉਂਦੀ ਹੈ। ਹਾਥਰਸ ਇਲਾਕੇ ਦੀ ਅਨੁਸੂਚਿਤ ਜਾਤੀ ਨਾਲ ਸਬੰਧਿਤ 19 ਸਾਲਾਂ ਦੀ ਲੜਕੀ ਨਾਲ ਜਬਰ-ਜਨਾਹ ਕੀਤਾ ਗਿਆ ਸੀ ਜਿਸ ਦੀ ਦਿੱਲੀ ਦੇ ਹਸਪਤਾਲ ਵਿਚ ਕਈ ਦਿਨਾਂ ਪਿੱਛੋਂ ਮੌਤ ਹੋ ਗਈ। ਪੁਲੀਸ ਦੀ ਮੌਜੂਦਗੀ ਵਿਚ ਅੱਧੀ ਰਾਤ ਨੂੰ ਪਰਿਵਾਰ ਵਾਲਿਆਂ ਨੂੰ ਭਰੋਸੇ ਵਿਚ ਲਏ ਬਿਨਾਂ ਹੀ ਸਸਕਾਰ ਕਰ ਦਿੱਤਾ ਗਿਆ। ਦਿੱਲੀ ਕੈਂਟ ਖੇਤਰ ਦੀ ਛੋਟੀ ਉਮਰ ਦੀ ਬੱਚੀ ਨਾਲ ਹੋਈ ਇਸ ਘਿਨਾਉਣੀ ਘਟਨਾ ਨੇ ਫਿਰ ਮਨੁੱਖੀ ਜੀਵਨ ਦਾ ਦਿਲ ਦਹਿਲਾਉਣ ਵਾਲਾ ਪੱਖ ਸਾਡੇ ਸਾਹਮਣੇ ਲਿਆਂਦਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ, ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਭਾਜਪਾ ਅਤੇ ਆਪ ਦੇ ਕਾਰਕੁਨ ਇਕ-ਦੂਸਰੇ ਉੱਤੇ ਦੋਸ਼-ਪ੍ਰਤੀ-ਦੋਸ਼ ਵੀ ਲਗਾ ਰਹੇ ਹਨ।
ਘਟਨਾ ਐਤਵਾਰ ਦੀ ਦੱਸੀ ਜਾਂਦੀ ਹੈ ਜਦੋਂ ਨਾਬਾਲਗ਼ ਲੜਕੀ ਨੇੜਲੇ ਸ਼ਮਸ਼ਾਨਘਾਟ ਵਿਚ ਵਾਟਰ ਕੂਲਰ ਤੋਂ ਪਾਣੀ ਪੀਣ ਗਈ। ਸ਼ਾਮ ਛੇ ਵਜੇ ਤੱਕ ਵਾਪਸ ਨਾ ਆਉਣ ਉੱਤੇ ਸ਼ਮਸ਼ਾਨਘਾਟ ਦੇ ਪੁਜਾਰੀ ਨੇ ਲੜਕੀ ਦੀ ਮਾਤਾ ਨੂੰ ਜਾਣਕਾਰੀ ਦਿੱਤੀ। ਮਾਤਾ ਅਨੁਸਾਰ ਉਸ ਉੱਤੇ ਦਬਾਅ ਪਾ ਕੇ ਪੁਜਾਰੀ ਅਤੇ ਉਸ ਦੇ ਤਿੰਨ ਸਹਿਯੋਗੀਆਂ ਨੇ ਕੁੜੀ ਦਾ ਸਸਕਾਰ ਕਰ ਦਿੱਤਾ। ਪੁਲੀਸ ਨੇ ਚਾਰਾਂ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਸਸਕਾਰ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੀਤਾ ਗਿਆ ਹੈ। ਪੁਜਾਰੀ ਅਤੇ ਉਸ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਘਰ ਜਾ ਕੇ ਸੌਂ ਜਾਣ ਲਈ ਕਿਹਾ ਅਤੇ ਪੁਲੀਸ ਤੇ ਅਦਾਲਤੀ ਝਮੇਲੇ ਵਿਚ ਨਾ ਪੈਣ ਦੀ ਤਾਕੀਦ ਕੀਤੀ। ਇਸ ਸਬੰਧ ਵਿਚ ਅਣਗਹਿਲੀ ਦਿਖਾਉਣ ਵਾਲੇ ਪੁਲੀਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨਾ ਬੁਨਿਆਦੀ ਹੈ।
ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਇਕ ਵੱਡਾ ਸਮਾਜਿਕ ਮੁੱਦਾ ਹੈ। ਹਰ ਜਬਰ-ਜਨਾਹ ਦੀ ਘਟਨਾ ਤੋਂ ਪਿੱਛੋਂ ਇਸ ਵਾਰ ਵੀ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕਥਿਤ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਹਰ ਵਾਰ ਅਜਿਹੀ ਮੰਗ ਉੱਠਦੀ ਹੈ ਅਤੇ ਕੁਝ ਦੇਰ ਚਰਚਾ ਤੋਂ ਪਿੱਛੋਂ ਮਾਮਲਾ ਠੰਡੇ ਬਸਤੇ ਵਿਚ ਜਾ ਪੈਂਦਾ ਹੈ। ਦਿੱਲੀ ਵਿਚ ਸਾਲ 2020 ਦੇ ਅੰਕੜਿਆਂ ਅਨੁਸਾਰ ਹਰ ਪੰਜ ਘੰਟੇ ਵਿਚ ਜਬਰ-ਜਨਾਹ ਦੀ ਘਟਨਾ ਵਾਪਰਦੀ ਹੈ। ਦੇਸ਼ ਦੀ ਰਾਜਧਾਨੀ ਵਿਚ ਔਰਤਾਂ ਦਾ ਸੁਰੱਖਿਅਤ ਨਾ ਹੋਣਾ ਇਕ ਗੰਭੀਰ ਮਾਮਲਾ ਹੈ। ਦਿੱਲੀ ਵਿਚ 2012 ਵਿਚ ਵਾਪਰੇ ਨਿਰਭਯਾ ਕਾਂਡ ਨੇ ਦੇਸ਼ ਹਿਲਾ ਕੇ ਰੱਖ ਦਿੱਤਾ ਸੀ; ਕਮੇਟੀ ਵੀ ਬਣੀ ਅਤੇ ਸਿਫ਼ਾਰਸ਼ਾਂ ਵੀ ਸਾਹਮਣੇ ਆਈਆਂ ਪਰ ਹਾਲਾਤ ਵਿਚ ਕੋਈ ਵੱਡਾ ਸੁਧਾਰ ਨਹੀਂ ਹੋਇਆ। ਇਸ ਵਾਸਤੇ ਕਾਨੂੰਨ ਦੇ ਨਾਲ ਨਾਲ ਲੋਕਾਂ ਦੀ ਮਾਨਸਿਕਤਾ ਤਬਦੀਲ ਕਰਨ ਦੇ ਉਪਰਾਲਿਆਂ ਦੀ ਵੀ ਲੋੜ ਹੈ।