ਕੋਵਿਡ-19 ਕਾਰਨ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੇ ਸੂਬਿਆਂ ਦੀ ਕੇਂਦਰ ਤੋਂ ਸਹਿਯੋਗ ਮਿਲਣ ਦੀ ਉਮੀਦ ਨਿਰਾਸ਼ਾ ਵਿਚ ਬਦਲ ਗਈ ਹੈ। ਕੇਂਦਰ ਸਰਕਾਰ ਵੱਲੋਂ ਵਿੱਤ ਨਾਲ ਸਬੰਧਿਤ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਸਾਹਮਣੇ ਲਏ ਸਟੈਂਡ ਮੁਤਾਬਿਕ ਕੋਵਿਡ ਕਾਰਨ ਮਾਲੀਆ ਇਕੱਠਾ ਨਾ ਹੋਣ ਕਰ ਕੇ ਕੇਂਦਰੀ ਸਰਕਾਰ ਰਾਜ ਸਰਕਾਰਾਂ ਦੇ ਵਿੱਤੀ ਘਾਟੇ ਨੂੰ ਪੂਰਾ ਕਰਨ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਸਕਦੀ। ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋ ਬੁਲਾਈ ਮੀਟਿੰਗ ਦੌਰਾਨ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਕੇਂਦਰ ਉੱਤੇ ਆਪਣੇ ਵਾਅਦੇ ਤੋਂ ਪਿੱਛੇ ਹਟਣ ਦਾ ਦੋਸ਼ ਲਗਉਂਦਿਆਂ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਸੀ। ਜੀਐੱਸਟੀ ਕੌਂਸਲ ਦੀ ਕੇਂਦਰੀ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ 41ਵੀਂ ਬੈਠਕ ਵਿਚ ਮੁੱਖ ਮੰਤਰੀਆਂ ਦੀ ਅਪੀਲ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ। ਕੇਂਦਰ ਨੇ ਰਾਜਾਂ ਨੂੰ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਦੋ ਤਰੀਕੇ ਅਪਨਾਉਣ ਦੇ ਹਿਸਾਬ ਕਿਤਾਬ ਵਿਚ ਉਲਝਾ ਦਿੱਤਾ ਹੈ।
ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਕਾਨੂੰਨ (ਐੱਫ਼ਆਰਬੀਐੱਮ) ਵਿਚ ਢਿੱਲ ਦੇ ਕੇ ਰਾਜਾਂ ਨੂੰ ਆਪਣੀ ਕੁਲ ਘਰੇਲੂ ਪੈਦਾਵਾਰ ਦਾ 0.5 ਫ਼ੀਸਦੀ ਹੋਰ ਕਰਜ਼ਾ ਲੈਣ ਦੀ ਖੁੱਲ੍ਹ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰਾਂ 0.5 ਫ਼ੀਸਦੀ ਹੋਰ ਕਰਜ਼ਾ ਲੈ ਸਕਦੀਆਂ ਹਨ। ਇਸ ਵਿਚ ਫ਼ਰਕ ਇਹ ਹੈ ਕਿ ਪਹਿਲੇ 0.5 ਫ਼ੀਸਦੀ ਕਰਜੇ ਦਾ ਨਬਿੇੜਾ ਜੀਐੱਸਟੀ ਤੋਂ ਮਿਲਣ ਵਾਲੇ ਹਿੱਸੇ ਨਾਲ ਹੋ ਜਾਵੇਗਾ ਪਰ ਵੱਧ ਕਰਜ਼ ਲੈਣ ਵਾਲਿਆਂ ਨੂੰ ਆਪਣੇ ਵਸੀਲਿਆਂ ਤੋਂ ਵਿਆਜ ਦੇਣ ਦੇ ਨਾਲ ਨਾਲ ਕਰਜ਼ੇ ਦੀ ਰਕਮ ਵੀ ਵਾਪਸ ਕਰਨੀ ਪਵੇਗੀ। ਕੇਂਦਰ ਸਕਰਾਰ ਰਿਜ਼ਰਵ ਬੈਂਕ ਰਾਹੀਂ ਕਰਜ਼ ਦਿਵਾਉਣ ਵਿਚ ਸਹਾਇਤਾ ਕਰ ਸਕਦੀ ਹੈ। ਕੇਂਦਰੀ ਵਿੱਤ ਮੰਤਰੀ ਮੁਤਾਬਿਕ ਰਾਜ ਸਰਕਾਰਾਂ ਨੇ ਸੋਚਣ ਲਈ 7 ਦਿਨ ਦਾ ਸਮਾਂ ਮੰਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਸ਼ਾਸਿਤ ਰਾਜ ਕੇਂਦਰ ਦੀ ਤਜਵੀਜ਼ ਨਾਲ ਸਹਿਮਤ ਨਹੀਂ ਹਨ। ਕੇਂਦਰੀ ਸਰਕਾਰ ਅਨੁਸਾਰ ਉਸ ਨੂੰ 2.35 ਲੱਖ ਕਰੋੜ ਰੁਪਏ ਮਾਲੀਆ ਘੱਟ ਇਕੱਠਾ ਹੋਇਆ ਹੈ ਜਿਸ ਵਿਚ ਜੀਐੱਸਟੀ ਰਾਹੀਂ ਘਾਟੇ ਦਾ ਹਿੱਸਾ 97 ਹਜ਼ਾਰ ਕਰੋੜ ਰੁਪਏ ਹਨ।
ਰਾਜ ਸਰਕਾਰਾਂ ਨੂੰ ਇਹ ਉਮੀਦ ਨਹੀਂ ਸੀ ਕਿ ਉਨ੍ਹਾਂ ਨੂੰ ਕੋਵਿਡ-19 ਕਾਰਨ ਮਾਲੀਏ ਵਿਚ ਘਾਟੇ ਦੀ ਪੂਰਤੀ ਲਈ ਕੋਈ ਰਾਹਤ ਨਹੀਂ ਮਿਲੇਗੀ। ਜੀਐੱਸਟੀ ਲਾਗੂ ਕਰਨ ਸਮੇਂ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ 1 ਜੁਲਾਈ 2017 ਤੋਂ ਲੈ ਕੇ ਅਗਲੇ ਪੰਜ ਸਾਲ ਹਰ ਵਰ੍ਹੇ 14 ਫ਼ੀਸਦੀ ਮਾਲੀ ਵਾਧੇ ਦੀ ਦਰ ਵਿਚ ਜੋ ਕਮੀ ਰਹੇਗੀ, ਉਸ ਦੀ ਭਰਪਾਈ ਕੇਂਦਰ ਸਰਕਾਰ ਕਰੇਗੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਜੀਐੱਸਟੀ ਛੱਡ ਕੇ ਪੁਰਾਣੀ ਟੈਕਸ ਪ੍ਰਣਾਲੀ ਵੱਲ ਪਰਤਣ ਲਈ ਕਿਹਾ ਹੈ। ਰਾਜ ਸਰਕਾਰਾਂ ਮਹਿਸੂਸ ਕਰ ਰਹੀਆਂ ਹਨ ਕਿ ਉਨ੍ਹਾਂ ਦੀ ਟੈਕਸ ਲਗਾਉਣ ਦੀ ਤਾਕਤ ਵੀ ਚਲੀ ਗਈ ਹੈ ਅਤੇ ਕੇਂਦਰ ਸਰਕਾਰ ਦੇ ਸਹਾਇਤਾ ਨਾ ਕਰਨ ਕਾਰਨ ਰਾਜਾਂ ਦਾ ਪ੍ਰਬੰਧ ਚਲਾਉਣਾ ਵੀ ਮੁਸ਼ਕਿਲ ਹੋ ਜਾਵੇਗਾ।