ਉੱਤਰੀ ਭਾਰਤ ਦੇ ਸੂਬਿਆਂ ਵਿਚ ਡੇਂਗੂ ਬੁਖਾਰ ਫਿਰ ਫੈਲ ਰਿਹਾ ਹੈ। ਪੰਜਾਬ ਵਿਚ 13000 ਤੋਂ ਵੱਧ ਲੋਕ ਡੇਂਗੂ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। 2017 ਵਿਚ ਪੰਜਾਬ ’ਚ 15000 ਤੋਂ ਵੱਧ ਲੋਕਾਂ ਨੂੰ ਇਹ ਬੁਖਾਰ ਹੋਇਆ ਸੀ ਜਦੋਂਕਿ ਪੂਰੇ ਦੇਸ਼ ਵਿਚ 1.88 ਲੱਖ ਲੋਕ ਪ੍ਰਭਾਵਿਤ ਹੋਏ ਸਨ। ਡੇਂਗੂ ਵਾਇਰਸ ਦੀਆਂ ਚਾਰ ਕਿਸਮਾਂ ਹਨ ਅਤੇ ਇਹ ਮੁੱਖ ਤੌਰ ’ਤੇ ਏਡੀਜ਼ ਏਜਿਪਟਾਈ (Aedes aegypti) ਮੱਛਰ ਕੱਟਣ ਰਾਹੀਂ ਫੈਲਦਾ ਹੈ। ਇਹ ਮੱਛਰ ਜ਼ੀਕਾ ਅਤੇ ਚਿਕਨਗੁਨੀਆ ਵਾਇਰਸ, ਪੀਲਾ ਬੁਖਾਰ ਅਤੇ ਕਈ ਹੋਰ ਵਾਇਰਲ ਬਿਮਾਰੀਆਂ ਵੀ ਫੈਲਾ ਸਕਦਾ ਹੈ। ਏਡੀਜ਼ ਪਰਿਵਾਰ ਦੀਆਂ ਹੋਰ ਸ਼੍ਰੇਣੀਆਂ ਦੇ ਮੱਛਰ ਵੀ ਡੇਂਗੂ ਫੈਲਾਉਂਦੇ ਹਨ। ਮਾਦਾ ਮੱਛਰ ਹੀ ਮਨੁੱਖਾਂ ਨੂੰ ਕੱਟਦਾ ਹੈ ਕਿਉਂਕਿ ਉਸ ਨੂੰ ਆਪਣੇ ਆਂਡਿਆਂ ਨੂੰ ਪਕਿਆਉਣ ਲਈ ਲਹੂ ਦੀ ਜ਼ਰੂਰਤ ਹੁੰਦੀ ਹੈ। ਇਹ ਮੱਛਰ ਦਿਨ ਵੇਲੇ ਜ਼ਿਆਦਾ ਕੱਟਦਾ ਹੈ। ਇਸ ਨੂੰ ਇਸ ਦੀਆਂ ਲੱਤਾਂ ਤੇ ਧੜ ਦੇ ਉੱਪਰਲੇ ਹਿੱਸੇ ਵਿਚ ਪਏ ਚਿੱਟੇ ਚਟਾਕਾਂ/ਨਿਸ਼ਾਨਾਂ ਤੋਂ ਪਛਾਣਿਆ ਜਾ ਸਕਦਾ ਹੈ। ਇਹ ਜ਼ਿਆਦਾ ਤੌਰ ’ਤੇ ਘਰਾਂ ਵਿਚ ਖੜ੍ਹੇ ਪਾਣੀ ਵਿਚ ਪਨਪਦਾ ਹੈ। ਜਿੱਥੇ ਵੀ ਪਾਣੀ ਖੜ੍ਹਾ ਹੋਵੇ, ਟੁੱਟੇ ਭਾਂਡਿਆਂ, ਬੋਤਲਾਂ ਜਾਂ ਪਾਟੇ ਹੋਏ ਟਾਇਰਾਂ ਵਿਚ, ਕੂਲਰਾਂ, ਛੱਪੜਾਂ ਨਾਲੀਆਂ ਜਾਂ ਖੁੱਲ੍ਹੇ ਮੈਦਾਨਾਂ ਵਿਚ, ਅਜਿਹੀ ਹਰ ਥਾਂ ’ਤੇ ਇਸ ਮੱਛਰ ਦਾ ਪਨਪਣਾ ਸੁਭਾਵਿਕ ਹੈ। ਇਹ ਬਿਮਾਰੀ ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿਚ ਪਾਈ ਜਾਂਦੀ ਹੈ।
ਇਕ ਅਨੁਮਾਨ ਅਨੁਸਾਰ ਪੰਜਾਬ ਵਿਚ 21 ਅਕਤੂਬਰ ਨੂੰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 11000 ਤੋਂ ਜ਼ਿਆਦਾ ਸੀ ਅਤੇ ਮੁਹਾਲੀ, ਅੰਮ੍ਰਿਤਸਰ ਤੇ ਬਠਿੰਡਾ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ। ਪਿਛਲੇ ਕੁਝ ਹਫ਼ਤਿਆਂ ਦੌਰਾਨ ਮਰੀਜ਼ਾਂ ਦੀ ਗਿਣਤੀ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰ ਦਾ ਦਾਅਵਾ ਹੈ ਕਿ ਉਹ ਪਿਛਲੇ ਸਾਲ ਤੋਂ ਕਿਤੇ ਜ਼ਿਆਦਾ ਲੋਕਾਂ ਦਾ ਟੈਸਟ ਕਰ ਰਹੀ ਹੈ ਜਦੋਂਕਿ ਲੋਕਾਂ ਵਿਚ ਇਹ ਪ੍ਰਭਾਵ ਹੈ ਕਿ ਲਾਪ੍ਰਵਾਹੀ ਵਰਤੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਪਿਛਲੇ ਸਾਲਾਂ ਵਾਂਗ ਸਰਗਰਮ ਨਹੀਂ ਹੈ।
ਵੱਖ ਵੱਖ ਖੋਜਾਂ ਅਨੁਸਾਰ ਡੇਂਗੂ ਵਾਇਰਸ ਦੇ ਖ਼ੂਨ ਵਿਚ ਜਾਣ ਨਾਲ 25 ਫ਼ੀਸਦੀ ਲੋਕਾਂ ਨੂੰ ਬੁਖਾਰ ਹੁੰਦਾ ਹੈ। ਕਈ ਲੋਕਾਂ ਨੂੰ ਹਲਕਾ ਬੁਖਾਰ, ਸਰੀਰ ਦੇ ਵੱਖ ਵੱਖ ਅੰਗਾਂ ਵਿਚ ਪੀੜ, ਉਲਟੀਆਂ, ਸਰੀਰ ਦੇ ਕਿਸੇ ਹਿੱਸੇ ਵਿਚ ਲਾਲਗੀ ਆਦਿ ਜਿਹੇ ਮਾਮੂਲੀ ਲੱਛਣ ਪ੍ਰਗਟ ਹੁੰਦੇ ਹਨ। ਲਗਭਗ ਪੰਜ ਫ਼ੀਸਦੀ ਪ੍ਰਭਾਵਿਤ ਵਿਅਕਤੀਆਂ ਵਿਚ ਲੱਛਣ ਗੰਭੀਰ ਹੁੰਦੇ ਹਨ ਜਿਵੇਂ ਪੇਟ ਵਿਚ ਦਰਦ, ਨੱਕ ਤੇ ਮਸੂੜਿਆਂ ਤੇ ਖ਼ੂਨ ਵਹਿਣਾ, ਪਿਸ਼ਾਬ ਜਾਂ ਪਖ਼ਾਨੇ ਵਿਚ ਲਹੂ ਆਉਣਾ, ਸਾਹ ਵਿਚ ਤੇਜ਼ੀ, ਚਮੜੀ ਹੇਠ ਖ਼ੂਨ ਦੇ ਧੱਬੇ ਆਦਿ। ਡੇਂਗੂ ਵਾਇਰਸ ਖ਼ੂਨ ਵਿਚਲੇ ਪਲੇਟਲੈਟਸ (Platelets) ’ਤੇ ਪਲਦਾ ਅਤੇ ਉਨ੍ਹਾਂ ਦਾ ਵਿਨਾਸ਼ ਕਰਦਾ ਹੈ। ਪਲੇਟਲੈਟਸ ਦਾ ਮੁੱਖ ਕਾਰਜ ਕੋਈ ਜ਼ਖ਼ਮ ਹੋਣ ’ਤੇ ਖ਼ੂਨ ਨੂੰ ਵਹਿਣ ਤੋਂ ਰੋਕਣਾ ਹੁੰਦਾ ਹੈ। ਡੇਂਗੂ ਹੋਣ ਨਾਲ ਖ਼ੂਨ ਵਿਚ ਪਲੇਟਲੈਟਸ ਦੀ ਗਿਣਤੀ (ਜਿਹੜੀ 1.5 ਤੋਂ 4 ਲੱਖ ਪ੍ਰਤੀ ਮਾਈਕਰੋਲਿਟਰ ਹੋਣੀ ਚਾਹੀਦੀ ਹੈ) ਘਟਦੀ ਹੈ। ਜੇ ਗਿਣਤੀ 40,000 ਤੋਂ ਘਟ ਜਾਵੇ ਤਾਂ ਮਰੀਜ਼ ਦੀ ਹਾਲਤ ਕਾਫ਼ੀ ਗੰਭੀਰ ਹੋ ਸਕਦੀ ਹੈ ਅਤੇ ਗਿਣਤੀ 20,000 ਤੋਂ ਥੱਲੇ ਹੋਣ ਨਾਲ ਮਰੀਜ਼ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ। ਪਲੇਟਲੈਟਸ ਘਟਣ ਨਾਲ ਖ਼ੂਨ ਰਗਾਂ ਤੋਂ ਬਾਹਰ ਚਮੜੀ ਥੱਲੇ, ਆਂਦਰਾਂ, ਮਿਹਦੇ ਜਾਂ ਦਿਮਾਗ਼ ਵਿਚ ਰਿਸ ਸਕਦਾ ਹੈ। ਖ਼ੂਨ ਵਹਿਣ ਕਾਰਨ ਮਰੀਜ਼ ਦਾ ਬਲੱਡ ਪ੍ਰੈਸ਼ਰ ਡਿੱਗਦਾ ਹੈ ਅਤੇ ਕਈ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਮਰੀਜ਼ ਨੂੰ ਸਮੇਂ ਸਿਰ ਸਹੀ ਡਾਕਟਰੀ ਸਹਾਇਤਾ ਮਿਲਣੀ ਜ਼ਰੂਰੀ ਹੈ। ਪੰਜਾਬ ਵਿਚ ਸਭ ਤੋਂ ਜ਼ਿਆਦਾ ਕੇਸ ਮੁਹਾਲੀ ਵਿਚ ਹੋਏ ਹਨ ਅਤੇ ਇਨ੍ਹਾਂ ਵਿਚ ਹੋਈਆਂ ਮੌਤਾਂ (ਲਗਭਗ 26) ਵਿਚੋਂ 73 ਫ਼ੀਸਦੀ ਸ਼ਹਿਰੀ ਜਾਂ ਸ਼ਹਿਰ ਦੇ ਨਾਲ ਲੱਗਦੇ ਇਲਾਕੇ ਵਿਚ ਹੋਈਆਂ। ਇਸ ਦਾ ਕਾਰਨ ਸੜਕਾਂ, ਟੋਇਆਂ, ਛੱਪੜਾਂ ਆਦਿ ਵਿਚ ਜਾਂ ਇਮਾਰਤਾਂ ਬਣਾਉਣ ਲਈ ਹੋ ਰਹੇ ਕੰਮਾਂ ਕਾਰਨ ਖੜ੍ਹਾ ਹੋਇਆ ਪਾਣੀ ਹੈ। ਸਰਕਾਰ ਨੂੰ ਇਸ ਬਿਮਾਰੀ ਨਾਲ ਨਜਿੱਠਣ ਵੱਲ ਤੁਰੰਤ ਧਿਆਨ ਦਿੰਦਿਆਂ ਛਿੜਕਾਅ ਕਰਨ ਅਤੇ ਖੜ੍ਹੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਸਰਕਾਰੀ ਹਸਪਤਾਲਾਂ ਵਿਚ ਇਲਾਜ ਦੇ ਮੁਫ਼ੀਦ ਪ੍ਰਬੰਧ ਕਰਨੇ ਚਾਹੀਦੇ ਹਨ। ਸਹੀ ਸਮੇਂ ’ਤੇ ਦਖ਼ਲ ਦੇ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।