ਭਾਰਤ ਸਰਕਾਰ ਦੀ ਸਾਲ 2021-22 ਦੀ ਕੁੱਲ ਘਰੇਲੂ ਵਿਕਾਸ ਦਰ ਦਾ ਟੀਚਾ ਹਾਸਿਲ ਕਰਨ ਵਿਚ ਕਾਮਯਾਬੀ ਨਹੀਂ ਮਿਲੀ। ਚੌਥੀ ਤਿਮਾਹੀ ਭਾਵ ਜਨਵਰੀ ਤੋਂ ਮਾਰਚ 2022 ਤੱਕ ਦੀ ਵਿਕਾਸ ਦਰ 4.1 ਫ਼ੀਸਦੀ ਤੱਕ ਹੇਠਾਂ ਆ ਗਈ ਹੈ। ਇਹ ਦੂਜੀ ਤਿਮਾਹੀ ਦੀ 5.4 ਫ਼ੀਸਦੀ ਵਿਕਾਸ ਦਰ ਤੋਂ ਵੀ ਘੱਟ ਹੈ।
ਸ਼ੁਰੂਆਤੀ ਸਮੇਂ ਸਾਲਾਨਾ ਵਿਕਾਸ ਦਰ 8.9 ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਹੁਣ ਇਹ ਅਨੁਮਾਨ 8.7 ਫ਼ੀਸਦੀ ਤੱਕ ਸੀਮਤ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅੱਠ ਸਾਲ ਪੂਰੇ ਹੋਣ ਉੱਤੇ ਦੇਸ਼ ਭਰ ਵਿਚ ਆਪਣੀਆਂ ਪ੍ਰਾਪਤੀਆਂ ਬਾਰੇ ਮੁਹਿੰਮ ਚਲਾ ਰਹੀ ਹੈ ਜਿਸ ਵਿਚ ‘ਸਬ ਕਾ ਸਾਥ, ਸਬ ਕਾ ਵਿਕਾਸ’ ਅਤੇ ‘ਸਬ ਕਾ ਵਿਸ਼ਵਾਸ’ ਦੇ ਨਾਅਰੇ ਉੱਤੇ ਸਹੀ ਰੂਪ ਵਿਚ ਅਮਲ ਕਰਨ ਦੇ ਦਾਅਵੇ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ 8 ਨਵੰਬਰ 2016 ਨੂੰ ਰਾਤ ਅੱਠ ਵਜੇ ਨੋਟਬੰਦੀ ਦਾ ਐਲਾਨ ਕਰਦੇ ਹੋਏ 500 ਅਤੇ 1000 ਰੁਪਏ ਦੇ ਕਰੰਸੀ ਨੋਟ ਬੰਦ ਕਰਨ ਦਾ ਹੁਕਮ ਦਿੱਤਾ ਸੀ। ਉਸ ਵਕਤ ਤੋਂ ਹੀ ਦੇਸ਼ ਦੇ ਅਰਥਚਾਰੇ ਦੀ ਗੱਡੀ ਲੀਹ ਉੱਤੇ ਨਹੀਂ ਚੜ੍ਹੀ। ਇਸ ਕਦਮ ਨਾਲ ਅਤਿਵਾਦੀਆਂ ਨੂੰ ਫੰਡ ਰੋਕਣ, ਫ਼ਰਜ਼ੀ ਕਰੰਸੀ ਦੇ ਨਾ ਛਪਣ ਅਤੇ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਖਾਤਮੇ ਦੀ ਗਰੰਟੀ ਦਾ ਦਾਅਵਾ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਇਸ ਕਾਰਨ ਕੁੱਲ ਘਰੇਲੂ ਪੈਦਾਵਾਰ ਦੀ ਦਰ ਵਿਚ ਦੋ ਫ਼ੀਸਦੀ ਗਿਰਾਵਟ ਆਵੇਗੀ। ਇਸ ਫ਼ੈਸਲੇ ਕਾਰਨ ਬਹੁਤ ਸਾਰੇ ਕਾਰੋਬਾਰ ਬੰਦ ਹੋਏ ਅਤੇ ਬੇਰੁਜ਼ਗਾਰੀ ਤੇਜ਼ੀ ਨਾਲ ਵਧਣ ਲੱਗ ਗਈ। 2017-18 ਤੱਕ ਦੇ ਕੇਂਦਰ ਸਰਕਾਰ ਦੇ ਆਪਣੇ ਸਰਵੇਖਣ ਅਨੁਸਾਰ ਦੇਸ਼ ਵਿਚ ਬੇਰੁਜ਼ਗਾਰੀ ਪਿਛਲੇ 45 ਸਾਲਾਂ ਨਾਲੋਂ ਸਭ ਤੋਂ ਵੱਧ ਰਹੀ। ਕੋਵਿਡ ਦੀ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਨੇ 24 ਮਾਰਚ 2020 ਨੂੰ ਅਸੀਮਤ ਸਮੇਂ ਲਈ ਤਾਲਾਬੰਦੀ ਦਾ ਐਲਾਨ ਕਰ ਦਿੱਤਾ। ਇਸ ਫ਼ੈਸਲੇ ਨਾਲ ਕਈ ਕਾਰੋਬਾਰ ਠੱਪ ਹੋਏ ਅਤੇ ਲੱਖਾਂ ਲੋਕ ਬੇਕਾਰ ਹੋਏ।
ਆਰਥਿਕ ਮਾਹਿਰ ਇਸ ਹਾਲਤ ਵਿਚੋਂ ਉੱਭਰਨ ਲਈ ਇਹ ਸਿਫ਼ਾਰਿਸ਼ ਕਰਦੇ ਰਹੇ ਹਨ ਕਿ ਇਹ ਮੌਕਾ ਬਾਜ਼ਾਰ ਵਿਚ ਵਸਤਾਂ ਦੀ ਮੰਗ ਵਧਾਉਣ ਵੱਲ ਧਿਆਨ ਦੇਣ ਦਾ ਹੈ; ਇਸ ਲਈ ਗ਼ਰੀਬ ਲੋਕਾਂ ਤੱਕ ਕਿਸੇ ਵੀ ਤਰੀਕੇ ਪੈਸਾ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਪਰ ਉਸ ਵਿਚ ਜ਼ਿਆਦਾ ਹਿੱਸਾ ਕਰਜ਼ਾ ਲੈਣ ਵਿਚ ਸਹਾਇਤਾ ਕਰਨ ਵਾਲਾ ਸੀ। ਸਰਕਾਰ ਮਗਨਰੇਗਾ ਜਿਹੀ ਸਕੀਮ ਤਹਿਤ ਰੁਜ਼ਗਾਰ ਦੇਣ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਪਿਛਲੇ ਸਾਲ ਇਸ ਸਕੀਮ ਤਹਿਤ 98000 ਕਰੋੜ ਰੁਪਏ ਖਰਚ ਹੋਏ ਸਨ ਪਰ ਇਸ ਸਾਲ ਦਾ ਬਜਟ 73000 ਕਰੋੜ ਰੁਪਏ ਦਾ ਹੈ। ਬੇਰੁਜ਼ਗਾਰੀ ਕਾਰਨ ਘੱਟ ਸਾਧਨਾਂ ਵਾਲੇ ਲੋਕਾਂ ਦੀ ਆਮਦਨ ਬਹੁਤ ਘਟੀ ਹੈ। ਅਜਿਹੀ ਸਥਿਤੀ ਵਿਚ ਮੰਡੀ ਵਿਚ ਵਸਤਾਂ ਦੀ ਮੰਗ ਨਹੀਂ ਵਧ ਸਕਦੀ ਜਿਸ ਕਾਰਨ ਅਰਥਚਾਰੇ ਵਿਚ ਮੰਦੀ ਆਉਣ ਦੀ ਸੰਭਾਵਨਾ ਹੈ। ਸਰਕਾਰਾਂ ਨੂੰ ਬੇਰੁਜ਼ਗਾਰੀ ਦੇ ਸੰਕਟ ਨਾਲ ਨਜਿੱਠਣ ਅਤੇ ਘੱਟ ਸਾਧਨਾਂ ਵਾਲੇ ਲੋਕਾਂ ਦੀ ਆਮਦਨ ਵਧਾਉਣ ਵਾਲੀਆਂ ਨੀਤੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ।