ਦਹਿਸ਼ਤਗਰਦ ਜਥੇਬੰਦੀ ਅਲ-ਕਾਇਦਾ ਦਾ ਮੁਖੀ ਆਇਮਨ ਅਲ-ਜ਼ਵਾਹਰੀ 31 ਜੁਲਾਈ ਨੂੰ ਕਾਬੁਲ ਵਿਚ ਹੋਏ ਡਰੋਨ ਹਮਲੇ ਵਿਚ ਮਾਰਿਆ ਗਿਆ। 25 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਅਪਰੇਸ਼ਨ ਦੀ ਮਨਜ਼ੂਰੀ ਦਿੱਤੀ ਸੀ। ਬਾਇਡਨ ਅਨੁਸਾਰ ਅਲ-ਜ਼ਵਾਹਰੀ ਦੀ ਮੌਤ ਨਾਲ 11 ਸਤੰਬਰ 2001 ਨੂੰ ਅਮਰੀਕਾ ਵਿਚ ਹੋਏ ਦਹਿਸ਼ਤਗਰਦ ਹਮਲਿਆਂ ਵਿਚ ਮਾਰੇ ਗਏ ਅਮਰੀਕੀ ਨਾਗਰਿਕਾਂ ਦੇ ਪਰਿਵਾਰਾਂ ਨੂੰ ਨਿਆਂ ਮਿਲਿਆ ਹੈ। ਜਾਣਕਾਰਾਂ ਅਨੁਸਾਰ ਅਲ-ਜ਼ਵਾਹਰੀ ਦੇ ਕਾਬੁਲ ਟਿਕਾਣੇ ਦਾ ਪਤਾ ਪਾਕਿਸਤਾਨੀ ਫ਼ੌਜ ਦੇ ਅਧਿਕਾਰੀਆਂ ਨੇ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਦਿੱਤਾ ਸੀ। ਅਲ-ਜ਼ਵਾਹਰੀ 2011 ਵਿਚ ਉਸਾਮਾ ਬਿਨ-ਲਾਦਿਨ ਦੀ ਮੌਤ ਤੋਂ ਬਾਅਦ ਅਲ-ਕਾਇਦਾ ਦਾ ਮੁਖੀ ਬਣਿਆ ਸੀ। ਉਹ ਲੰਮੇ ਸਮੇਂ ਲਈ ਬਿਨ-ਲਾਦਿਨ ਦਾ ਸਾਥੀ ਰਿਹਾ ਅਤੇ ਉਸ ਨੂੰ ਅਮਰੀਕਾ ਵਿਚ ਹੋਏ 11 ਸਤੰਬਰ 2001 ਦੇ ਦਹਿਸ਼ਤਗਰਦ ਹਮਲਿਆਂ ਜਿਨ੍ਹਾਂ ਵਿਚ ਜੌੜੇ ਟਾਵਰ ਤੇ ਹੋਰ ਇਮਾਰਤਾਂ ਤਬਾਹ ਹੋ ਗਈਆਂ ਅਤੇ ਹਜ਼ਾਰਾਂ ਲੋਕ ਮਾਰੇ ਗਏ ਸਨ, ਦੀ ਸਾਜ਼ਿਸ਼ ਘੜਨ ਵਾਲਾ ਦਿਮਾਗ਼ ਮੰਨਿਆ ਜਾਂਦਾ ਸੀ। ਉਸ ਨੇ ਜੂਨ 2022 ਵਿਚ ਭਾਰਤ ਨੂੰ ਧਮਕੀ ਦਿੱਤੀ ਸੀ ਕਿ ਉਸ ਦੀ ਜਥੇਬੰਦੀ ਦਿੱਲੀ, ਮੁੰਬਈ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਵਿਚ ਬੰਬ ਧਮਾਕੇ ਕਰੇਗੀ।
ਮਿਸਰ ਦਾ ਰਹਿਣ ਵਾਲਾ ਅਲ-ਜ਼ਵਾਹਰੀ ਵਿਦਵਾਨਾਂ ਤੇ ਡਾਕਟਰਾਂ ਦੇ ਖ਼ਾਨਦਾਨ ਨਾਲ ਸਬੰਧ ਰੱਖਦਾ ਸੀ। ਉਸ ਦਾ ਦਾਦਾ ਮਿਸਰ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਅਲ-ਅਜ਼ਹਰ ਦਾ ਮੁੱਖ ਇਮਾਮ ਸੀ ਤੇ ਪਿਤਾ ਫਾਰਮਾਕੋਲੇਜੀ ਦਾ ਡਾਕਟਰ। ਉਹ ਖ਼ੁਦ ਡਾਕਟਰ ਬਣਿਆ ਤੇ ਬਾਅਦ ’ਚ ਇਸਲਾਮੀ ਮੂਲਵਾਦੀ ਵਿਚਾਰਾਂ ਵੱਲ ਖਿੱਚਿਆ ਗਿਆ। ਉਸ ਨੂੰ 1980 ’ਚ ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਦੇ ਕਤਲ ਦੀ ਸਾਜ਼ਿਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਤੇ ਹਥਿਆਰ ਰੱਖਣ ਦੇ ਦੋਸ਼ ’ਚ 3 ਸਾਲ ਦੀ ਸਜ਼ਾ ਹੋਈ। ਉਹ 1980ਵਿਆਂ ’ਚ ਪਾਕਿਸਤਾਨ ਪਹੁੰਚਿਆ ਤੇ ਦੂਸਰੀਆਂ ਦਹਿਸ਼ਤਪਸੰਦ ਜਥੇਬੰਦੀਆਂ ਨਾਲ ਮਿਲ ਕੇ ਅਫ਼ਗ਼ਾਨਿਸਤਾਨ ’ਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਨਾਲ ਲੜਨ ਲਈ ਜਹਾਦੀ ਤਿਆਰ ਕੀਤੇ। ਉਸ ਨੇ 1989 ’ਚ ਮਿਸਰੀ ਇਸਲਾਮੀ ਜਹਾਦ ਨਾਂ ਦੀ ਦਹਿਸ਼ਤਗਰਦ ਜਥੇਬੰਦੀ ਬਣਾਈ ਅਤੇ ਬਾਅਦ ਵਿਚ ਉਸਾਮਾ ਬਿਨ-ਲਾਦਿਨ, ਅਬਦੁੱਲਾ ਆਜ਼ਮ ਅਤੇ ਹੋਰਨਾਂ ਨਾਲ ਮਿਲ ਕੇ ਵਰਲਡ ਇਸਲਾਮਿਕ ਫਰੰਟ (World Islamic Front) ਅਤੇ ਅਲ-ਖ਼ਿਦਮਤ ਨਾਂ ਦੀਆਂ ਜਥੇਬੰਦੀਆਂ ਕਾਇਮ ਕੀਤੀਆਂ। ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਅਨੁਸਾਰ ਉਹ ਉਨ੍ਹਾਂ 22 ਸਿਖ਼ਰਲੇ ਦਹਿਸ਼ਤਗਰਦਾਂ ਵਿਚ ਸ਼ਾਮਲ ਸੀ ਜਿਨ੍ਹਾਂ ਦੇ ਸਿਰਾਂ ’ਤੇ ਅਮਰੀਕਾ ਨੇ ਇਨਾਮ ਰੱਖੇ ਹੋਏ ਹਨ। ਅਲ-ਜ਼ਵਾਹਰੀ ਦੇ ਸਿਰ ’ਤੇ 25 ਮਿਲੀਅਨ ਡਾਲਰ ਦਾ ਇਨਾਮ ਸੀ। ਮਿਸਰ ਦੀਆਂ ਅਦਾਲਤਾਂ ਨੇ ਉਸ ਨੂੰ ਦਹਿਸ਼ਤਗਰਦ ਕਾਰਵਾਈਆਂ ਕਾਰਨ ਮੌਤ ਦੀ ਸਜ਼ਾ ਦਿੱਤੀ ਹੋਈ ਸੀ।
ਅਲ-ਜ਼ਵਾਹਰੀ ਦੀ ਮੌਤ ਤੋਂ ਬਾਅਦ ਮਿਸਰੀ ਮੂਲ ਦੇ ਹੀ ਸੈਫ਼ ਅਲ-ਆਦਿਲ ਦੇ ਅਲ-ਕਾਇਦਾ ਮੁਖੀ ਬਣਨ ਦੀ ਸੰਭਾਵਨਾ ਹੈ। ਉਹ ਮਿਸਰੀ ਫ਼ੌਜ ਵਿਚ ਕਰਨਲ ਦੇ ਅਹੁਦੇ ’ਤੇ ਰਹਿ ਚੁੱਕਾ ਹੈ। ਵੀਹਵੀਂ ਸਦੀ ਵਿਚ ਇਸਲਾਮੀ ਮੂਲਵਾਦ ਮਿਸਰ ਵਿਚ ਵੱਡੀ ਪੱਧਰ ’ਤੇ ਪਨਪਿਆ। ਇਸਲਾਮੀ ਵਿਦਵਾਨ ਹਸਨ ਅਲ-ਬੰਨਾ ਨੇ 1928 ਵਿਚ ਜਮਾਤ-ਏ-ਅਲ-ਇਖ਼ਵਾਨ-ਅਲ-ਮੁਸਲਮੀਨ ਨਾਂ ਦੀ ਜਥੇਬੰਦੀ ਬਣਾਈ ਜਿਸ ਨੂੰ ਆਮ ਕਰ ਕੇ ਮੁਸਲਿਮ ਬ੍ਰਦਰਹੁੱਡ (Muslim Brotherhood) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਹੁਤ ਸਾਰੇ ਵਿਦਵਾਨ ਇਸ ਮੂਲਵਾਦ ਦੇ ਪਨਪਣ ਦਾ ਕਾਰਨ ਵੀਹਵੀਂ ਸਦੀ ਵਿਚ ਯੂਰੋਪੀਅਨ ਦੇਸ਼ਾਂ ਵੱਲੋਂ ਮੁਸਲਮਾਨ ਦੇਸ਼ਾਂ ਵਿਚ ਦਿੱਤੇ ਦਖ਼ਲ ਨੂੰ ਮੰਨਦੇ ਹਨ। ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਤਾਲਿਬਾਨ ਅਮਰੀਕਾ ਨਾਲ ਹੋਏ ਸਮਝੌਤੇ ਦੀ ਪਾਲਣਾ ਨਹੀਂ ਕਰ ਰਹੇ ਅਤੇ ਉਨ੍ਹਾਂ ਨੇ ਸਿਖ਼ਰਲੇ ਦਹਿਸ਼ਤਗਰਦਾਂ ਨੂੰ ਪਨਾਹ ਦਿੱਤੀ ਹੋਈ ਹੈ। 1979-1992 ਦੇ ਸਮਿਆਂ ਵਿਚ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਅਫ਼ਗ਼ਾਨਿਸਤਾਨ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਵਿਰੁੱਧ ਕੀਤੇ ਗਏ ‘ਅਪਰੇਸ਼ਨ ਸਾਈਕਲੋਨ’ ਦੌਰਾਨ ਕਈ ਦਹਿਸ਼ਤਗਰਦ ਜਥੇਬੰਦੀਆਂ, ਜਿਨ੍ਹਾਂ ਵਿਚ ਅਲ-ਕਾਇਦਾ ਵੀ ਸ਼ਾਮਲ ਸੀ, ਨੂੰ ਉਤਸ਼ਾਹਿਤ ਕੀਤਾ। ਇੰਗਲੈਂਡ ਦੇ ਸਾਬਕਾ ਵਿਦੇਸ਼ ਮੰਤਰੀ ਰਾਬਰਟ ਕੁੱਕ ਅਨੁਸਾਰ ਅਲ-ਕਾਇਦਾ ਨੂੰ ਉਤਸ਼ਾਹਿਤ ਕਰਨਾ ਸੀਆਈਏ ਦੀ ਭਿਅੰਕਰ ਗ਼ਲਤੀ ਸੀ। ਅਮਰੀਕਾ ਅਜਿਹੇ ਦੋਸ਼ਾਂ ਦਾ ਖੰਡਨ ਕਰਦਾ ਆ ਰਿਹਾ ਹੈ ਪਰ ਇਸ ’ਚ ਕੋਈ ਸ਼ੱਕ ਨਹੀਂ ਕਿ ਇਹ ਦਹਿਸ਼ਤੀ ਜਥੇਬੰਦੀਆਂ 1979-1992 ’ਚ ਪਾਕਿਸਤਾਨ ਦੀ ਭੋਇੰ ’ਤੇ ਅਮਰੀਕਾ ਤੇ ਸਾਊਦੀ ਅਰਬ ਦੀ ਹਮਾਇਤ ਕਾਰਨ ਪਨਪੀਆਂ ਅਤੇ ਇਨ੍ਹਾਂ ਨੂੰ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਵਿਰੁੱਧ ਵਰਤਿਆ ਗਿਆ। ਬਾਅਦ ’ਚ ਇਨ੍ਹਾਂ ਨੇ ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ’ਚ ਦਹਿਸ਼ਤੀ ਕਾਰਵਾਈਆਂ ਕੀਤੀਆਂ। ਅਲ-ਜ਼ਵਾਹਰੀ ਦੀ ਮੌਤ ਅਮਰੀਕਾ ਲਈ ਵੱਡੀ ਜਿੱਤ ਹੈ।