ਅਕਤੂਬਰ ਵਿਚ ਦੁਰਗਾ ਪੂਜਾ ਦੌਰਾਨ ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਫ਼ਿਰਕੂ ਹਿੰਸਾ ਭੜਕੀ ਅਤੇ ਪੂਜਾ ਪੰਡਾਲਾਂ, ਮੰਦਰਾਂ, ਹਿੰਦੂ ਭਾਈਚਾਰੇ ਦੀਆਂ ਦੁਕਾਨਾਂ ਆਦਿ ਨੂੰ ਨਿਸ਼ਾਨਾ ਬਣਾਇਆ ਗਿਆ। ਕੱਟੜਪੰਥੀ ਮੁਸਲਮਾਨ ਜਥੇਬੰਦੀਆਂ ਦੁਆਰਾ ਉਕਸਾਈਆਂ ਭੀੜਾਂ ਨੇ ਥਾਂ ਥਾਂ ’ਤੇ ਹਮਲੇ ਕੀਤੇ ਅਤੇ ਇਸ ਹਿੰਸਾ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਈ ਅਤੇ ਲਗਭਗ 150 ਫੱਟੜ ਹੋਏ। ਬਾਕੀ ਥਾਵਾਂ ’ਤੇ ਹੁੰਦੀ ਫ਼ਿਰਕੂ ਹਿੰਸਾ ਵਾਂਗ ਬੰਗਲਾਦੇਸ਼ ਦੇ ਚਿਟਾਗਾਂਗ ਖੇਤਰ ਵਿਚ ਇਹ ਅਫ਼ਵਾਹ ਫੈਲਾਈ ਗਈ ਕਿ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ ਦੀ ਬੇਅਦਬੀ ਕੀਤੀ ਗਈ ਹੈ। ਬੰਗਲਾਦੇਸ਼ ਪੁਲੀਸ ਅਤੇ ਸੁਰੱਖਿਆ ਦਲਾਂ ਨੇ ਲਗਭਗ 4,000 ਲੋਕਾਂ ਵਿਰੁੱਧ ਕੇਸ ਦਰਜ ਕਰਕੇ 400 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਇਸ ਸਾਲ ਦੀ ਸਭ ਤੋਂ ਵੱਡੀ ਫ਼ਿਰਕੂ ਘਟਨਾਵਾਂ ਦੀ ਲੜੀ ਹੈ। ਬੰਗਲਾਦੇਸ਼ ਜੋ ਪਹਿਲਾਂ ਪੱਛਮੀ ਪਾਕਿਸਤਾਨ ਸੀ, ਵਿਚ ਹਿੰਦੂ ਘੱਟਗਿਣਤੀ ਵਿਰੁੱਧ ਹਿੰਸਾ ਹੁੰਦੀ ਰਹੀ ਹੈ। ਇਸ ਦੇ ਨਤੀਜੇ ਵਜੋਂ ਹਿੰਦੂਆਂ ਦੀ ਗਿਣਤੀ ਜੋ ਵੰਡ ਤੋਂ ਬਾਅਦ 27 ਫ਼ੀਸਦੀ ਸੀ, ਘਟ ਕੇ 8.5 ਫ਼ੀਸਦੀ ਰਹਿ ਗਈ ਹੈ।
ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਹੋਈ ਹਿੰਸਾ ਦਾ ਇਵਜ਼ਾਨਾ ਭਾਰਤ ਅਤੇ ਨੇਪਾਲ ਵਿਚ ਰਹਿੰਦੇ ਮੁਸਲਮਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਖ਼ਬਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਵਿਚ ਤ੍ਰਿਪੁਰਾ ਵਿਚ ਕੱਟੜਪੰਥੀ ਜਥੇਬੰਦੀਆਂ ਦੀ ਅਗਵਾਈ ਵਿਚ ਭੜਕੀਆਂ ਭੀੜਾਂ ਨੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਮਸਜਿਦਾਂ ਨੂੰ ਨੁਕਸਾਨ ਪਹੁੰਚਾਇਆ ਹੈ। ਕੇਂਦਰ ਅਤੇ ਤ੍ਰਿਪੁਰਾ ਸਰਕਾਰਾਂ ਅਨੁਸਾਰ ਮਸਜਿਦਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਕੋਈ ਘਟਨਾ ਨਹੀਂ ਵਾਪਰੀ।
ਸਾਰੀ ਦੁਨੀਆ ਵਿਚ ਹਰ ਭਾਈਚਾਰੇ ਦੀਆਂ ਕੱਟੜਪੰਥੀ ਜਥੇਬੰਦੀਆਂ ਨੂੰ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ਬਹੁਤ ਰਾਸ ਆਉਂਦੀਆਂ ਹਨ। ਕੱਟੜਪੰਥੀ ਜਥੇਬੰਦੀਆਂ ਕਿਸੇ ਥਾਂ ’ਤੇ ਸ਼ਰਾਰਤੀ ਤੱਤਾਂ ਵੱਲੋਂ ਕੀਤੀ ਗਈ ਕਾਰਵਾਈ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਲੱਭਣ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਥਾਂ ’ਤੇ ਅਜਿਹੀ ਘਟਨਾ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਵਰਤਦੀਆਂ ਹਨ। ਬਹੁਗਿਣਤੀ ਫ਼ਿਰਕਿਆਂ ਦੀਆਂ ਜਥੇਬੰਦੀਆਂ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਤੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਅਤੇ ਲੋਕਾਂ ਨੂੰ ਹਿੰਸਾ ਦੇ ਅਜਿਹੇ ਚੱਕਰਵਿਊ ਵਿਚ ਫਸਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਉਸ ਵਿਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਪੱਛਮੀ ਪਾਕਿਸਤਾਨ ਵਿਚ ਕੱਟੜਪੰਥੀ ਅਨਸਰਾਂ ਦਾ ਬੋਲਬਾਲਾ ਸੀ ਅਤੇ ਉਨ੍ਹਾਂ ਨੇ ਆਜ਼ਾਦੀ ਪਸੰਦ ਬੰਗਾਲੀ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ। 1970-71 ਵਿਚ ਪਾਕਿਸਤਾਨੀ ਫ਼ੌਜਾਂ ਨੇ ਬੰਗਾਲੀ ਮੁਸਲਮਾਨਾਂ ਅਤੇ ਹਿੰਦੂਆਂ ਦੋਹਾਂ ’ਤੇ ਜ਼ੁਲਮ ਢਾਏ। ਬੰਗਲਾਦੇਸ਼ ਬਣਨ ਤੋਂ ਬਾਅਦ ਕੱਟੜਪੰਥੀ ਤਾਕਤਾਂ ਨੇ ਫਿਰ ਸਿਰ ਉਭਾਰਿਆ। ਨਾ ਸਿਰਫ਼ ਮੁਜ਼ੀਬ-ਉਰ-ਰਹਿਮਾਨ ਜਿਹੇ ਆਗੂ ਕਤਲ ਕੀਤੇ ਗਏ ਸਗੋਂ ਲੰਮੇ ਸੰਘਰਸ਼ ਬਾਅਦ ਕਾਇਮ ਕੀਤੇ ਗਏ ਲੋਕਤੰਤਰ ਦੀ ਵੀ ਕੁਰਬਾਨੀ ਦੇ ਦਿੱਤੀ ਗਈ। ਇਸ ਸਮੇਂ ਹਿੰਦੂ ਭਾਈਚਾਰੇ ’ਤੇ ਅੱਤਿਆਚਾਰ ਹੋਰ ਵਧੇ। ਜਮਹੂਰੀ ਤਾਕਤਾਂ ਨੇ ਪੁਰਜ਼ੋਰ ਤਹਿਰੀਕਾਂ ਚਲਾ ਕੇ ਜਮਹੂਰੀਅਤ ਬਹਾਲ ਕੀਤੀ ਪਰ ਕੱਟੜਪੰਥੀ ਜਥੇਬੰਦੀਆਂ ਹਮੇਸ਼ਾ ਇਸ ਤਾਕ ਵਿਚ ਰਹਿੰਦੀਆਂ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਬੰਗਲਾਦੇਸ਼ ਵਿਚ ਫ਼ਿਰਕੂ ਹਿੰਸਾ ਭੜਕਾਈ ਜਾਵੇ; 2013 ਵਿਚ ਵੀ ਜਮਾਤ-ਏ-ਇਸਲਾਮੀ ਅਤੇ ਹੋਰ ਕੱਟੜਪੰਥੀ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਹਿੰਸਕ ਕਾਰਵਾਈਆਂ ਕੀਤੀਆਂ ਸਨ। ਅਜਿਹੀ ਰਣਨੀਤੀ ਭਾਰਤ ਦੀਆਂ ਕੱਟੜਪੰਥੀ ਜਥੇਬੰਦੀਆਂ ਨੂੰ ਵੀ ਬਹੁਤ ਰਾਸ ਆਉਂਦੀ ਹੈ ਜਿਹੜੀਆਂ ਇਨ੍ਹਾਂ ਘਟਨਾਵਾਂ ਨੂੰ ਭਾਰਤ ਵਿਚ ਮੁਸਲਮਾਨ ਭਾਈਚਾਰੇ ਵਿਰੁੱਧ ਘਿਰਣਾ ਭਰਿਆ ਪ੍ਰਚਾਰ ਕਰਨ ਅਤੇ ਹਿੰਸਾ ਭੜਕਾਉਣ ਲਈ ਵਰਤਦੀਆਂ ਹਨ। ਦੋਹਾਂ ਦੇਸ਼ਾਂ ਵਿਚ ਜਮਹੂਰੀ ਤਾਕਤਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਕੱਟੜਪੰਥੀ ਜਥੇਬੰਦੀਆਂ ਦੀਆਂ ਅਜਿਹੀਆਂ ਕਾਰਵਾਈਆਂ ਦਾ ਕਰਾਰਾ ਜਵਾਬ ਦੇਣ।