ਪੰਜਾਬ ਦੀ ਨਰਮਾ ਪੱਟੀ ਦੇ ਸੁੰਡੀ ਦੀ ਮਾਰ ਹੇਠ ਆਉਣ ਕਰਕੇ ਸੂਬੇ ਦੇ ਕਈ ਹਿੱਸਿਆਂ ਦੇ ਕਿਸਾਨ ਸੰਕਟ ਵਿਚ ਹਨ। ਸੂਬੇ ਵਿਚ ਲਗਭਗ 3.15 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਹੋਈ ਹੈ। ਇਸ ਵਿਚੋਂ ਬਠਿੰਡਾ ਅਤੇ ਮਾਨਸਾ ਵਿਚ ਸੁੰਡੀ ਦਾ ਹਮਲਾ ਜ਼ਿਆਦਾ ਹੈ। ਬਠਿੰਡਾ ਦੇ ਲਗਭਗ 95 ਹਜ਼ਾਰ ਹੈਕਟੇਅਰ ਰਕਬੇ ਵਿਚੋਂ 60 ਫ਼ੀਸਦੀ ਅਤੇ ਮਾਨਸਾ ਦੇ 60 ਹਜ਼ਾਰ ਹੈਕਟੇਅਰ ਰਕਬੇ ਵਿਚੋਂ ਤਕਰੀਬਨ 45 ਹਜ਼ਾਰ ਹੈਕਟੇਅਰ ਨਰਮੇ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ, ਮੁਕਤਸਰ ਅਤੇ ਸੰਗਰੂਰ ਵਿਚ ਵੀ ਨਰਮੇ ਦੀ ਕਾਸ਼ਤ ਹੁੰਦੀ ਹੈ। ਲੰਮੇ ਸਮੇਂ ਤੋਂ ਸਾਹਮਣੇ ਆ ਰਹੀਆਂ ਸੂਚਨਾਵਾਂ ਦੇ ਬਾਵਜੂਦ ਪੰਜਾਬ ਸਰਕਾਰ ਮੰਤਰੀ ਮੰਡਲ ਦੀ ਰੱਦੋਬਦਲ ਵਿਚ ਉਲਝੀ ਰਹੀ। ਇਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੁਕਸਾਨਗ੍ਰਸਤ ਇਲਾਕੇ ਦਾ ਦੌਰਾ ਕਰਦਿਆਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇ ਨਾਲ ਨਾਲ ਮੁਫ਼ਤ ਸਪਰੇਅ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਦੇ ਇਨ੍ਹਾਂ ਐਲਾਨਾਂ ਦੇ ਬਾਵਜੂਦ ਕਿਸਾਨਾਂ ਅਤੇ ਖ਼ਾਸ ਤੌਰ ਉੱਤੇ ਖੇਤ ਮਜ਼ਦੂਰਾਂ ਦੇ ਹਾਲਾਤ ਸੁਧਰਨ ਦੀ ਉਮੀਦ ਨਹੀਂ ਹੈ।
ਸਪਰੇਅ ਲਈ ਕੀਟਨਾਸ਼ਕ ਖਰੀਦਣ ਦਾ ਕੰਮ ਮਾਰਕਫੈੱਡ ਨੂੰ ਦਿੱਤਾ ਗਿਆ ਹੈ। ਖੇਤੀ ਵਿਭਾਗ ਦੇ ਅਨੁਮਾਨ ਅਨੁਸਾਰ ਇਸ ਮੌਕੇ 1.10 ਲੱਖ ਲਿਟਰ ਕੀਟਨਾਸ਼ਕ ਦਵਾਈ ਦੀ ਲੋੜ ਹੈ ਅਤੇ ਇਸ ਉੱਤੇ ਲਗਭਗ 5.5 ਕਰੋੜ ਰੁਪਏ ਖ਼ਰਚ ਹੋਣੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸੁੰਡੀ ਦਾ ਹਮਲਾ ਆਏ ਦਿਨ ਤੇਜ਼ੀ ਨਾਲ ਵਧਦਾ ਹੈ। ਮਾਰਕਫੈੱਡ ਦੇ ਟੈਂਡਰ ਇਕ ਅਕਤੂਬਰ ਨੂੰ ਖੁੱਲ੍ਹਣ ਦਾ ਅਨੁਮਾਨ ਹੈ। ਇਸ ਸਮੇਂ ਤੱਕ ਹੋਰ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਸਪਰੇਅ ਅਗਲੀ ਲਾਗ ਨੂੰ ਰੋਕਣ ਲਈ ਸਹਾਈ ਹੋ ਸਕਦੀ ਹੈ। ਇਸ ਸੁੰਡੀ ਦਾ ਪਿੰਡਾਂ ਦੇ ਨੇੜਲੇ ਨਰਮੇ ਉੱਤੇ ਜ਼ਿਆਦਾ ਅਸਰ ਹੈ ਕਿਉਂਕਿ ਇਸ ਦਾ ਮੁੱਖ ਸ੍ਰੋਤ ਬਾਲਣ ਵਾਸਤੇ ਰੱਖੀਆਂ ਛਟੀਆਂ ਹੁੰਦੀਆਂ ਹਨ। ਪਿੰਡਾਂ ਵਿਚ ਛਟੀਆਂ ਦੇ ਢੇਰ ਲੱਗੇ ਹੁੰਦੇ ਹਨ। ਸੁੰਡੀ ਜਿਨਿੰਗ ਉਦਯੋਗ ਅਤੇ ਤੇਲ ਕੱਢਣ ਵਾਲੀਆਂ ਸਨਅਤਾਂ ਵਿਚ ਵੀ ਉਪਜਦੀ ਹੈ।
ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਫ਼ਸਲ ਦੇ 75 ਤੋਂ 100 ਫ਼ੀਸਦੀ ਖਰਾਬੇ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ 12000 ਹਜ਼ਾਰ ਰੁਪਏ ਪ੍ਰਤੀ ਏਕੜ ਰਾਹਤ ਦਿੱਤੀ ਜਾਂਦੀ ਹੈ। ਨਰਮਾ ਪੱਟੀ ਵਿਚ ਔਸਤਨ ਠੇਕਾ 50 ਤੋਂ 55 ਹਜ਼ਾਰ ਰੁਪਏ ਪ੍ਰਤੀ ਏਕੜ ਸਾਲਾਨਾ ਹੈ। ਅਜਿਹੇ ਸਮੇਂ 12 ਹਜ਼ਾਰ ਰੁਪਏ ਦੀ ਰਾਹਤ ਖ਼ਰਚੇ ਦਾ ਮੁੱਲ ਵੀ ਨਹੀਂ ਮੋੜਦੀ। ਇਸ ਨਾਲ ਨਰਮਾ ਚੁਗਣ ਵਾਲੇ ਦਿਹਾੜੀਦਾਰਾਂ ਦੀ ਪੂਰੇ ਸੀਜ਼ਨ ਦੀ ਦਿਹਾੜੀ ਚਲੀ ਗਈ ਹੈ। ਉਨ੍ਹਾਂ ਲਈ ਕਿਸੇ ਰਾਹਤ ਦੀ ਕੋਈ ਤਜਵੀਜ਼ ਨਹੀਂ ਹੈ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਦਬਾਅ ਕਾਰਨ ਇਕ ਵਾਰ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਰਾਸ਼ੀ ਰੱਖੀ ਸੀ ਪਰ ਉਨ੍ਹਾਂ ਵਿਚ ਵੰਡਣ ਦੇ ਤਰੀਕੇ ਵਿਚਲੇ ਸੰਕਟ ਕਾਰਨ ਉਨ੍ਹਾਂ ਨੂੰ ਰਾਹਤ ਦੇਣਾ ਸੰਭਵ ਨਹੀਂ ਸੀ ਹੋਇਆ। ਨੁਕਸਾਨ ਦੇ ਅਨੁਮਾਨ ਲਈ ਸਰਕਾਰੀ ਮਸ਼ੀਨਰੀ ਦੇ ਨਾਲ ਨਾਲ ਗ੍ਰਾਮ ਸਭਾਵਾਂ ਦੀ ਰਾਇ ਲੈਣੀ ਅਤੇ ਤੇਜ਼ੀ ਨਾਲ ਕਾਰਵਾਈ ਕਰਨੀ ਜ਼ਰੂਰੀ ਹੈ।