ਪੰਥਕ ਸਿਆਸਤ ਅੰਦਰ ਮੁੜ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਚ ਸਿਆਸੀ ਸੰਕਟ ਡੂੰਘਾ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਚਾਰ ਵਾਰ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਨੂੰ ਮੁਅੱਤਲ ਕਰ ਕੇ 48 ਘੰਟੇ ਦਾ ਨੋਟਿਸ ਦੇਣ ਨਾਲ ਮਾਮਲਾ ਹੋਰ ਉਲਝ ਗਿਆ ਹੈ। ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕੀਤਾ ਹੋਇਆ ਹੈ ਪਰ ਸੀਨੀਅਰ ਆਗੂਆਂ ਦੀ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਸਮੇਂ ਕਈ ਆਗੂਆਂ ਦੀ ਰਾਇ ਨੂੰ ਨਜ਼ਰਅੰਦਾਜ਼ ਕਰ ਕੇ ਬੀਬੀ ਜਗੀਰ ਕੌਰ ਨੂੰ ਬਾਹਰ ਦਾ ਰਾਹ ਦਿਖਾਉਣ ਲਈ ਇਹ ਫ਼ੈਸਲਾ ਅਨੁਸ਼ਾਸਨ ਕਮੇਟੀ ਦੁਆਰਾ ਕੀਤਾ ਗਿਆ। ਬੀਬੀ ਉੱਤੇ ਦੋਸ਼ ਹੈ ਕਿ ਉਸ ਨੇ ਪਾਰਟੀ ਦੀ ਇੱਛਾ ਦੇ ਖ਼ਿਲਾਫ਼ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 9 ਨਵੰਬਰ ਨੂੰ ਹੋਣ ਜਾ ਰਹੀ ਪ੍ਰਧਾਨਗੀ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਜਗਮੀਤ ਸਿੰਘ ਬਰਾੜ ਨੂੰ ਸੱਤ ਦਿਨ ਦਾ ਨੋਟਿਸ ਦਿੱਤਾ ਗਿਆ ਸੀ, ਉਸ ਨੇ ਜਵਾਬ ਵੀ ਦੇ ਦਿੱਤਾ ਪਰ ਇਸ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ।
ਮੀਟਿੰਗ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਤਕਨੀਕੀ ਸੁਆਲ ਉਠਾਇਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਅਜੇ ਤੱਕ ਪਾਰਟੀ ਨੇ ਕਿਸੇ ਨੂੰ ਉਮੀਦਵਾਰ ਨਹੀਂ ਐਲਾਨਿਆ ਅਤੇ ਇਸ ਕਰ ਕੇ ਬੀਬੀ ਜਗੀਰ ਕੌਰ ਉੱਤੇ ਅਨੁਸ਼ਾਸਨ ਦਾ ਉਲੰਘਣਾ ਕਰਨ ਦਾ ਇਲਜ਼ਾਮ ਨਹੀਂ ਲੱਗ ਸਕਦਾ; ਉਮੀਦਵਾਰ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪਾਰਟੀ ਉਮੀਦਵਾਰ ਖ਼ਿਲਾਫ਼ ਕੰਮ ਕਰਨ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾ ਸਕਦਾ ਹੈ। ਸਿਆਸੀ ਮਾਹਿਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਚੋਣ ਮੌਕੇ ਪ੍ਰਧਾਨ ਦਾ ਨਾਮ ਲਿਫ਼ਾਫ਼ੇ ਵਿਚੋਂ ਨਿਕਲਣ ਦਾ ਮੁੱਦਾ ਉਠਾਉਣ ਕਰ ਕੇ ਅਕਾਲੀ ਦਲ ਦਾ ਭਾਰੂ ਗਰੁੱਪ ਬੀਬੀ ਜਗੀਰ ਕੌਰ ਖ਼ਿਲਾਫ਼ ਕਾਰਵਾਈ ਦਾ ਮਨ ਬਣਾ ਚੁੱਕਾ ਸੀ।
ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਬਣਾਈ ਕਮੇਟੀ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਪਾਰਟੀ ਵਿਚ ਅੰਦਰੂਨੀ ਜਮਹੂਰੀਅਤ ਦੀ ਬਹਾਲੀ ਵੱਡਾ ਨੁਕਤਾ ਹੈ; ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪਾਰਦਰਸ਼ੀ ਬਣਾਉਣ ਅਤੇ ਸਰਕਾਰ ਦੇ ਸਮੇਂ ਹੋਈਆਂ ਗ਼ਲਤੀਆਂ ਦਾ ਪਛਤਾਵਾ ਕਰਨ ਲਈ ਕਿਹਾ ਗਿਆ ਸੀ। ਇਸ ਨਵੇਂ ਫ਼ੈਸਲੇ ਨਾਲ ਸੀਨੀਅਰ ਆਗੂਆਂ ਦਾ ਇਕ ਹਿੱਸਾ ਨਿਰਾਸ਼ ਅਤੇ ਲਾਚਾਰ ਮਹਿਸੂਸ ਕਰ ਰਿਹਾ ਹੈ। ਅਜਿਹੀ ਹਾਲਤ ਵਿਚ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਪਾਰਟੀ ਦੇ ਅੰਦਰੋਂ ਹੀ ਇਕ ਸੀਨੀਅਰ ਆਗੂ ਦਾ ਬਾਗੀ ਹੋਣਾ ਵੀ ਪਾਰਟੀ ਲਈ ਵੱਡੀ ਚੁਣੌਤੀ ਹੈ। ਸੂਬੇ ਲਈ ਖੇਤਰੀ ਪਾਰਟੀ ਦੀ ਲੋੜ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸਾਖ਼ ਬਹਾਲ ਕਰਵਾਉਣ ਵਿਚ ਸਫ਼ਲਤਾ ਮਿਲਦੀ ਦਿਖਾਈ ਨਹੀਂ ਦੇ ਰਹੀ। ਜਥੇਬੰਦਕ ਢਾਂਚੇ ਵਿਚੋਂ ਪਰਿਵਾਰਵਾਦ ਅਤੇ ਤਾਕਤਾਂ ਦੇ ਕੇਂਦਰੀਕਰਨ ਦੇ ਖਾਤਮੇ ਦੀਆਂ ਆਵਾਜ਼ਾਂ ਲਗਾਤਾਰ ਉੱਠ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਇਸ ਵਾਰ ਬੇਹੱਦ ਦਿਲਚਸਪ ਰਹਿਣ ਅਤੇ ਅਕਾਲੀ ਦਲ ਦੇ ਭਵਿੱਖ ਦਾ ਰਾਹ ਤਿਆਰ ਕਰਨ ਵਾਲੀਆਂ ਸਾਬਤ ਹੋ ਸਕਦੀਆਂ ਹਨ।