ਦੇਸ਼ ਵਿਚ 1996 ਦੀਆਂ ਲੋਕ ਸਭਾ ਚੋਣਾਂ ਸਮੇਂ ਵਿਚਾਰਧਾਰਕ ਵਖਰੇਵਿਆਂ ਕਾਰਨ ਕੋਈ ਵੀ ਸਿਆਸੀ ਧਿਰ ਭਾਰਤੀ ਜਨਤਾ ਪਾਰਟੀ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਪਹਿਲੀ ਸਿਆਸੀ ਪਾਰਟੀ ਸੀ ਜਿਸ ਨੇ ਤਤਕਾਲੀ ਭਾਜਪਾ ਸਰਕਾਰ ਦੀ ਬਿਨਾਂ ਸ਼ਰਤ ਹਮਾਇਤ ਕਰਨ ਦਾ ਐਲਾਨ ਕੀਤਾ ਸੀ। ਲਗਭਗ ਇਕੋ ਜਿਹੀ ਵਿਚਾਰਧਾਰਾ ਵਾਲੀ ਸ਼ਿਵ ਸੈਨਾ ਦੂਸਰੀ ਖੇਤਰੀ ਪਾਰਟੀ ਸੀ ਜਿਸ ਨੇ ਭਾਜਪਾ ਨਾਲ ਸਾਂਝ ਪਾਈ। ਇਸ ਤੋਂ ਪਿੱਛੋਂ ਬਹੁਤ ਸਾਰੀਆਂ ਧਰਮਨਿਰਪੱਖ ਕਹਾਉਣ ਵਾਲੀਆਂ ਪਾਰਟੀਆਂ ਗੱਠਜੋੜ ਦਾ ਹਿੱਸਾ ਬਣ ਲੱਗੀਆਂ। ਕੌਮੀ ਜਮਹੂਰੀ ਗੱਠਜੋੜ ਵਿਚ ਜਨਤਾ ਦਲ, ਨੈਸ਼ਨਲ ਕਾਨਫ਼ਰੰਸ, ਪੀਡੀਪੀ ਸਮੇਤ ਹੋਰ ਅਨੇਕ ਪਾਰਟੀਆਂ ਨੇ ਸਮੇਂ ਸਮੇਂ ’ਤੇ ਸਾਂਝ ਪਾਈ। ਜਿਵੇਂ ਹੀ ਭਾਜਪਾ ਦੀ ਸਿਆਸੀ ਤਾਕਤ ਵਧਦੀ ਗਈ ਤਾਂ ਗੱਠਜੋੜ ਦੀਆਂ ਕਈ ਭਾਈਵਾਲ ਪਾਰਟੀਆਂ ਅਸਹਿਜ ਮਹਿਸੂਸ ਕਰਨ ਲੱਗੀਆਂ ਹਨ। ਅਰੁਣਾਚਲ ਪ੍ਰਦੇਸ਼ ਅੰਦਰ ਜਨਤਾ ਦਲ (ਯੂਨਾਈਟਡ) ਦੇ ਸੱਤ ਵਿਚੋਂ ਛੇ ਵਿਧਾਇਕਾਂ ਨੂੰ ਦਲ-ਬਦਲੀ ਕਰਵਾ ਕੇ ਭਾਜਪਾ ਵਿਚ ਸ਼ਾਮਿਲ ਕਰਵਾ ਲੈਣ ਨਾਲ ਦੋਵਾਂ ਸਹਿਯੋਗੀਆਂ ਦੇ ਸਬੰਧਾਂ ਵਿੱਚ ਤਰੇੜਾਂ ਦਿਖਾਈ ਦੇਣ ਲੱਗੀਆਂ ਹਨ।
ਹਾਲ ਹੀ ਵਿਚ ਭਾਜਪਾ ਅਤੇ ਜਨਤਾ ਦਲ (ਯੂ) ਦੇ ਗੱਠਜੋੜ ਨੇ ਚੋਣਾਂ ਜਿੱਤ ਕੇ ਮੁੜ ਬਿਹਾਰ ਅੰਦਰ ਸਰਕਾਰ ਬਣਾਈ ਹੈ। ਇਨ੍ਹਾਂ ਚੋਣਾਂ ਵਿਚ ਵੀ ਸਭ ਕੁਝ ਅੱਛਾ ਨਹੀਂ ਰਿਹਾ। ਜਨਤਾ ਦਲ (ਯੂ) ਦੇ ਆਗੂ ਇਹ ਮਹਿਸੂਸ ਕਰ ਰਹੇ ਹਨ ਕਿ ਭਾਜਪਾ ਨੇ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰਾਂ ਨੂੰ ਜਨਤਾ ਦਲ (ਯੂ) ਦੇ ਉਮੀਦਵਾਰਾਂ ਖ਼ਿਲਾਫ਼ ਖੜ੍ਹੇ ਕਰਨ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਉੱਤੇ ਸਿਆਸੀ ਹਮਲੇ ਕਰਨ ਲਈ ਉਕਸਾਇਆ ਸੀ। ਭਾਜਪਾ ਦੀ ਇਸ ਰਣਨੀਤੀ ਨੇ ਭਾਜਪਾ ਨੂੰ ਬਿਹਾਰ ਦੀ ਵੱਡੀ ਪਾਰਟੀ ਬਣਾ ਦਿੱਤਾ। ਜਨਤਾ ਦਲ (ਯੂ) ਨੇ ਵਿਧਾਇਕਾਂ ਦੀ ਦਲ-ਬਦਲੀ ਬਾਰੇ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਬੁਲਾਈ ਸੀ। ਮੀਟਿੰਗ ਤੋਂ ਦੂਸਰੇ ਦਿਨ ਨਿਤੀਸ਼ ਕੁਮਾਰ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਪੱਸ਼ਟ ਕੀਤਾ ਸੀ ਕਿ ਉਹ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਸਨ।
ਜਨਤਾ ਦਲ ਦੇ ਵੱਡੇ ਆਗੂ ਕੇ.ਸੀ. ਤਿਆਗੀ ਭਾਜਪਾ ਦੀ ਕਾਰਵਾਈ ਨੂੰ ਗੱਠਜੋੜ ਧਰਮ ਦੀ ਉਲੰਘਣਾ ਕਹਿ ਰਹੇ ਹਨ। ਕਿਸਾਨ ਅੰਦੋਲਨ ਦੇ ਦਬਾਅ ਹੇਠ ਭਾਜਪਾ ਨਾਲੋਂ ਨਾਤਾ ਤੋੜ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਕਦੇ ਵੀ ਕੌਮੀ ਜਮਹੂਰੀ ਗੱਠਜੋੜ ਵਿਚਲੀਆਂ ਪਾਰਟੀਆਂ ਦੀ ਮੀਟਿੰਗ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਵੱਡੇ ਮੁੱਦੇ ਉੱਤੇ ਪਾਰਟੀਆਂ ਤੋਂ ਸਲਾਹ ਲਈ ਜਾਂਦੀ ਹੈ। ਸ਼ਿਵ ਸੈਨਾ ਦਾ ਵੀ ਇਹੀ ਇਲਜ਼ਾਮ ਸੀ ਕਿ ਭਾਜਪਾ ਮਹਾਰਾਸ਼ਟਰ ਵਿਚ ਵੀ ਚਾਲਬਾਜ਼ੀ ਨਾਲ ਸੱਤਾ ਉੱਤੇ ਆਪਣੀਆਂ ਸ਼ਰਤਾਂ ਮੁਤਾਬਿਕ ਸਰਕਾਰ ਬਣਾਉਣ ਲਈ ਮਜਬੂਰ ਕਰਨਾ ਚਾਹੁੰਦੀ ਸੀ। ਪਿਛਲੇ ਦਿਨਾਂ ਵਿਚ ਭਾਜਪਾ ਵੱਲੋਂ ਕਰਨਾਟਕ ਸਮੇਤ ਕਈ ਰਾਜਾਂ ਵਿੱਚ ਕਰਵਾਈਆਂ ਦਲ-ਬਦਲੀਆਂ ਪਾਰਟੀ ਦੀ ਸੱਤਾ ਉੱਤੇ ਕਾਬਜ਼ ਹੋਣ ਦੀ ਲਾਲਸਾ ਨੂੰ ਪ੍ਰਗਟਾਉਂਦੀਆਂ ਹਨ। ਨਿਤੀਸ਼ ਕੁਮਾਰ ਅਤੇ ਜਨਤਾ ਦਲ (ਯੂਨਾਈਟਡ) ਦੇ ਆਗੂਆਂ ਦੀ ਨਿਰਾਸ਼ਾ ’ਚੋਂ ਇਹ ਤੱਥ ਸਪੱਸ਼ਟ ਝਲਕਦਾ ਹੈ ਕਿ ਭਾਜਪਾ ਵੱਡੀ ਸਿਆਸੀ ਪਾਰਟੀ ਹੋਣ ਕਾਰਨ ਆਪਣੀਆਂ ਸਹਿਯੋਗੀ ਪਾਰਟੀਆਂ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਰੱਖ ਰਹੀ।