ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ (ਬਰਮਾ) ਵਿਚ ਜਮਹੂਰੀ ਸਰਕਾਰਾਂ ਦਾ ਦੌਰ ਲੰਮਾ ਨਹੀਂ ਚੱਲ ਸਕਿਆ। ਲੰਘੇ ਸੋਮਵਾਰ ਫ਼ੌਜ ਨੇ ਸੱਤਾ ਆਪਣੇ ਕਬਜ਼ੇ ਵਿਚ ਲੈ ਕੇ ਇਕ ਸਾਲ ਲਈ ਐਮਰਜੈਂਸੀ ਲਗਾ ਦਿੱਤੀ ਹੈ। ਨੈਸ਼ਨਲ ਲੀਗ ਫਾਰ ਡੈਮੋਕਰੇਸੀ ਦੀ ਪ੍ਰਮੁੱਖ ਆਗੂ ਅਤੇ ਦੇਸ਼ ਦੀ ਪ੍ਰਧਾਨ ਮੰਤਰੀ (ਸਟੇਟ ਕਾਊਂਸਲਰ) ਆਂਗ ਸਾਂ ਸੂ ਕੀ ਸਮੇਤ ਬਹੁਤ ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੋਕਾਂ ਨੇ ਇਸ ਫ਼ੈਸਲੇ ਖ਼ਿਲਾਫ਼ ਵਿਰੋਧ ਦਰਜ ਕਰਵਾਇਆ ਹੈ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਸਮੇਤ ਦੁਨੀਆ ਦੇ ਆਗੂਆਂ ਨੇ ਫ਼ੌਜ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਫ਼ੌਜ ਦਾ ਕਹਿਣਾ ਹੈ ਕਿ ਸਾਲ 2020 ਵਿਚ ਹੋਈਆਂ ਚੋਣਾਂ ਦੌਰਾਨ ਵੱਡੇ ਪੈਮਾਨੇ ਉੱਤੇ ਹੇਰਾ-ਫੇਰੀ ਹੋਈ ਅਤੇ ਚੋਣ ਕਮਿਸ਼ਨ ਨੇ ਵਿਰੋਧੀ ਧਿਰਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ। ਫ਼ੌਜ ਵਿਰੋਧੀ ਧਿਰ ਦੀ ਮਦਦ ਕਰ ਰਹੀ ਸੀ। ਸੋਮਵਾਰ ਨੂੰ ਨਵੀਂ ਸੰਸਦ ਦਾ ਇਜਲਾਸ ਹੋਣਾ ਸੀ।
ਮਿਆਂਮਾਰ ਵਿਚ 1962 ਤੋਂ 2011 ਤੱਕ ਫ਼ੌਜੀ ਹਕੂਮਤ ਰਹੀ ਹੈ। ਲੰਮੇ ਸਮੇਂ ਤੋਂ ਜਮਹੂਰੀਅਤ ਬਹਾਲੀ ਦੀ ਮੰਗ ਕਰ ਰਹੀ ਆਂਗ ਸਾਂ ਸੂ ਕੀ ਦੀ ਜਦੋਜਹਿਦ ਦੇ ਕਾਰਨ 2011 ਵਿਚ ਜਮਹੂਰੀ ਸਰਕਾਰ ਬਣਨ ਲਈ ਰਾਹ ਸਾਫ਼ ਹੋਇਆ। ਸੂ ਕੀ 1989 ਤੋਂ 2010 ਦੇ ਵਿਚਕਾਰ ਪੰਦਰਾਂ ਸਾਲ ਘਰ ਵਿਚ ਨਜ਼ਰਬੰਦ ਕੀਤੀ ਗਈ ਅਤੇ ਜਮਹੂਰੀਅਤ ਤੇ ਅਮਨ ਦੀ ਲੜਾਈ ਲਈ ਉਸ ਨੂੰ 1991 ਵਿਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 2015 ਵਿਚ ਚੋਣਾਂ ਦੌਰਾਨ ਉਸ ਦੀ ਅਗਵਾਈ ਵਾਲੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਦੀ ਸਰਕਾਰ ਬਣੀ। ਅੰਤਰਰਾਸ਼ਟਰੀ ਪੱਧਰ ਉੱਤੇ ਜਮਹੂਰੀਅਤ ਦੀ ਲੜਾਈ ਲੜਨ ਵਾਲੀ ਇਹ ਪਾਰਟੀ ਨੇ ਦੇਸ਼ ਅੰਦਰ ਜਮਹੂਰੀ ਅਸੂਲਾਂ ਨੂੰ ਤਿਲਾਂਜਲੀ ਦੇ ਦਿੱਤੀ। ਇਸੇ ਸਰਕਾਰ ਨੇ ਮੁਸਲਿਮ ਰੋਹਿੰਗੀਆਂ ਨੂੰ ਗ਼ੈਰ-ਕਾਨੂੰਨੀ ਨਾਗਰਿਕ ਐਲਾਨਿਆ ਜਿਸ ਕਾਰਨ ਫ਼ੌਜ ਨੇ ਹਜ਼ਾਰਾਂ ਰੋਹਿੰਗੀਆ ਮਾਰੇ ਅਤੇ ਸੱਤ ਲੱਖ ਦੇ ਕਰੀਬ ਰੋਹਿੰਗੀਆਂ ਨੂੰ ਬੰਗਲਾਦੇਸ਼ ਵਿਚ ਪਨਾਹ ਲੈਣੀ ਪਈ। ਸੂ ਕੀ ਦੀ ਪਾਰਟੀ ਨੂੰ ਬੋਧੀ ਬਹੁਗਿਣਤੀ ਦੀ ਹਮਾਇਤ ਹਾਸਲ ਹੈ।
ਦੁਨੀਆ ਵਿਚ ਬਹੁਤ ਸਾਰੀਆਂ ਥਾਵਾਂ ’ਤੇ ਮਿਆਂਮਾਰ ਦੀ ਤਰ੍ਹਾਂ ਹੀ ਸ੍ਰੀਲੰਕਾ ਸਮੇਤ ਜਮਹੂਰੀ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਉੱਤੇ ਵੀ ਘੱਟ ਗਿਣਤੀਆਂ ਜਾਂ ਖ਼ਾਸ ਵਰਗਾਂ ਦੇ ਖ਼ਿਲਾਫ਼ ਕਤਲੇਆਮ ਕਰਵਾਉਣ ਦੇ ਦੋਸ਼ ਹਨ। ਜਮਹੂਰੀ ਤਰੀਕੇ ਨਾਲ ਚੁਣੀਆਂ ਸਰਕਾਰਾਂ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਹੀ ਫ਼ੌਜੀ ਜਾਂ ਨਿਰੰਕੁਸ਼ ਸ਼ਾਸਨ ਪ੍ਰਣਾਲੀ ਵਾਸਤੇ ਰਾਹ ਸਾਫ਼ ਹੁੰਦਾ ਹੈ। ਦੁਨੀਆ ਦਾ ਤਜਰਬਾ ਦੱਸਦਾ ਹੈ ਕਿ ਜਮਹੂਰੀ ਤਰੀਕੇ ਨਾਲ ਚੁਣੀਆਂ ਸਰਕਾਰਾਂ ਵੀ ਭਾਵੇਂ ਅਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕੰਮ ਕਰਦੀਆਂ ਹਨ ਪਰ ਉਨ੍ਹਾਂ ਦਾ ਬਦਲ ਫ਼ੌਜੀ ਜਾਂ ਤਾਨਾਸ਼ਾਹੀ ਰਾਜ ਨਹੀਂ ਹੋ ਸਕਦਾ। ਜਮਹੂਰੀਅਤ ਦੇ ਆਧਾਰ ਅਤੇ ਆਕਾਰ ਨੂੰ ਵਿਸ਼ਾਲ ਕਰਨ ਦੀ ਜ਼ਰੂਰਤ ਹੁੰਦੀ ਹੈ। ਪੰਜ ਸਾਲ ਬਾਅਦ ਵੋਟਾਂ ਪਾ ਕੇ ਸਰਕਾਰ ਚੁਣੀ ਜਾਣਾ ਜਮਹੂਰੀਅਤ ਦਾ ਮਹੱਤਵਪੂਰਨ ਪਹਿਲੂ ਹੈ ਪਰ ਸਰਕਾਰਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਈ ਰੱਖਣ ਦਾ ਪ੍ਰਬੰਧ ਕਰਨਾ ਜਮਹੂਰੀਅਤ ਲਈ ਬੇਹੱਦ ਲਾਜ਼ਮੀ ਹੁੰਦਾ ਹੈ।