ਕੇਂਦਰ ਅਤੇ ਸੂਬਾ ਸਰਕਾਰਾਂ ਦੇ ਦਾਅਵਿਆਂ ਦੇ ਬਾਵਜੂਦ ਕੋਵਿਡ-19 ਦੀ ਮਹਾਮਾਰੀ ਕਾਰਨ ਹਾਲਾਤ ਵਿਗੜ ਰਹੇ ਦਿਖਾਈ ਦਿੰਦੇ ਹਨ। ਗੰਗਾ ਵਿਚ ਮਿਲੀਆਂ ਰੁੜ੍ਹੀਆਂ ਜਾਂਦੀਆਂ ਲਾਸ਼ਾਂ ਬਸਤੀਵਾਦੀ ਸਮਿਆਂ ਦੀ ਯਾਦ ਦਿਵਾਉਂਦੀਆਂ ਹਨ ਜਦੋਂ ਮਹਾਮਾਰੀ ਅਤੇ ਕਾਲ ਦੇ ਸਮਿਆਂ ਵਿਚ ਲੋਕ ਆਪਣੇ ਨਜ਼ਦੀਕੀਆਂ ਦੇ ਮ੍ਰਿਤਕ ਸਰੀਰਾਂ ਨੂੰ ਦਰਿਆਵਾਂ ਵਿਚ ਰੋੜ੍ਹ ਦਿੰਦੇ ਸਨ। ਸੋਮਵਾਰ ਇਹ ਲਾਸ਼ਾਂ ਜਿਨ੍ਹਾਂ ਦੀ ਗਿਣਤੀ ਕਿਸੇ ਨੇ 48 ਦੱਸੀ ਅਤੇ ਕਈਆਂ ਨੇ 150, ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ ਗੰਗਾ ਵਿਚ ਦੇਖੀਆਂ ਗਈਆਂ। ਇੰਟਰਨੈੱਟ ’ਤੇ ਪਾਈਆਂ ਤਸਵੀਰਾਂ ਤੋਂ ਇਹ ਲਾਸ਼ਾਂ ਮਿਲਣ ਦੀ ਤਸਦੀਕ ਹੁੰਦੀ ਹੈ। ਬਿਹਾਰ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਲੋਕਾਂ ਨੇ ਇਹ ਲਾਸ਼ਾਂ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਗੰਗਾ ਵਿਚ ਸੁੱਟੀਆਂ ਅਤੇ ਰੁੜ੍ਹ ਕੇ ਬਿਹਾਰ ਪਹੁੰਚੀਆਂ ਹਨ। ਮੰਗਲਵਾਰ ਕੁਝ ਲਾਸ਼ਾਂ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਮਿਲੀਆਂ। ਉੱਤਰ ਪ੍ਰਦੇਸ਼ ਵਿਚ ਸਿਹਤ-ਸੰਭਾਲ ਦਾ ਪ੍ਰਬੰਧ ਪਹਿਲਾਂ ਤੋਂ ਕਮਜ਼ੋਰ ਹੈ ਅਤੇ ਕੁਝ ਵਰ੍ਹੇ ਪਹਿਲਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਆਪਣੇ ਜ਼ਿਲ੍ਹੇ ਗੋਰਖਪੁਰ ਦੇ ਇਕ ਹਸਪਤਾਲ ਵਿਚ ਕੁਝ ਬੱਚਿਆਂ ਦੀ ਆਕਸੀਜਨ ਦੀ ਕਮੀ ਨਾਲ ਮੌਤ ਹੋ ਗਈ ਸੀ। ਇਉਂ ਲੱਗਦਾ ਹੈ ਕਿ ਸਰਕਾਰ ਨੇ ਬੱਚਿਆਂ ਅਤੇ ਇਸ ਮਹਾਮਾਰੀ ਦੌਰਾਨ ਵਾਪਰੇ ਦੁਖਾਂਤਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਸੂਬਾ ਸਰਕਾਰ ਇਹੀ ਦੁਹਰਾਉਂਦੀ ਰਹੀ ਹੈ ਕਿ ਸੂਬੇ ਵਿਚ ਸਭ ਕੁਝ ਠੀਕ-ਠਾਕ ਹੈ। ਇਹੀ ਨਹੀਂ, ਮੁੱਖ ਮੰਤਰੀ ਨੇ ਇਹ ਧਮਕੀ ਵੀ ਦਿੱਤੀ ਸੀ ਕਿ ਸੋਸ਼ਲ ਮੀਡੀਆ ਉੱਤੇ ‘ਅਫ਼ਵਾਹਾਂ’ ਫੈਲਾਉਣ ਵਾਲਿਆਂ ਵਿਰੁੱਧ ਕੌਮੀ ਸੁਰੱਖਿਆ ਕਾਨੂੰਨ ਅਧੀਨ ਕਾਰਵਾਈ ਕੀਤੀ ਜਾਵੇਗੀ।
ਹੁਣ ਕੋਈ ਅਫ਼ਵਾਹਾਂ ਨਹੀਂ ਫੈਲਾ ਰਿਹਾ। ਸਥਿਤੀ ਅਤੇ ਸੱਚ ਸਭ ਦੇ ਸਾਹਮਣੇ ਹਨ। ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੰਤੋਸ਼ ਗੰਗਵਾਰ ਨੇ ਪਿਛਲੇ ਹਫ਼ਤੇ ਯੋਗੀ ਆਦਿੱਤਿਆਨਾਥ ਨੂੰ ਨਾਰਾਜ਼ਗੀ ਭਰੀ ਚਿੱਠੀ ਲਿਖ ਕੇ ਉਸ ਦਾ ਧਿਆਨ ਆਕਸੀਜਨ ਦੀ ਕਮੀ ਤੇ ਡਾਕਟਰਾਂ ਦੀ ਲਾਪਰਵਾਹੀ ਵੱਲ ਖਿੱਚਿਆ ਸੀ। ਯੋਗੀ ਦੀ ਆਪਣੀ ਸਰਕਾਰ ਵਿਚ ਮੰਤਰੀ ਬਰਜੇਸ਼ ਪਾਠਕ ਜੋ ਲਖਨਊ ਤੋਂ ਐੱਮਐੱਲਏ ਹੈ, ਨੇ ਮੁੱਖ ਮੰਤਰੀ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਪੇਸ਼ ਦੁੱਖ-ਤਕਲੀਫ਼ਾਂ ਬਾਰੇ ਲਿਖਿਆ ਸੀ। ਇਸੇ ਤਰ੍ਹਾਂ ਭਾਜਪਾ ਦੇ ਕਈ ਹੋਰ ਐੱਮਐੱਲਏ ਅਤੇ ਐੱਮਪੀ ਵੀ ਮੁੱਖ ਮੰਤਰੀ ਨੂੰ ਅਜਿਹੇ ਪੱਤਰ ਲਿਖ ਚੁੱਕੇ ਸਨ। ਇਨ੍ਹਾਂ ਵਿਚ ਮੋਹਨਲਾਲਗੰਜ ਦਾ ਐੱਮਪੀ ਕੌਸ਼ਲ ਕਿਸ਼ੋਰ, ਬਸਤੀ ਦਾ ਐੱਮਪੀ ਹਰਸ਼ ਦਿਵੇਦੀ ਅਤੇ ਕਾਨਪੁਰ ਦਾ ਐੱਮਪੀ ਸਤਿਆਦੇਵ ਪਚੌਰੀ ਸ਼ਾਮਲ ਹਨ। ਸਭ ਤੋਂ ਦਰਦਨਾਕ ਸਥਿਤੀ ਜਸਰਾਨਾ ਦੇ ਭਾਜਪਾ ਐੱਮਐੱਲਏ ਪੱਪੂ ਲੋਧੀ ਨੇ ਬਿਆਨ ਕੀਤੀ ਜਿਸ ਦੀ ਪਤਨੀ ਕੋਵਿਡ ਵਾਰਡ ਵਿਚ ਫਰਸ਼ ’ਤੇ ਲੇਟੀ ਹੋਈ ਸੀ।
ਭਾਜਪਾ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਦਾ ਧਿਆਨ ਆਪਣੇ ਹਲਕਿਆਂ ਦੇ ਦਰਦਨਾਕ ਹਾਲਾਤ ਵੱਲ ਖਿੱਚਦਿਆਂ ਕੁੰਭ ਦੇ ਸਮਾਗਮਾਂ ਅਤੇ ਪੰਚਾਇਤੀ ਚੋਣਾਂ ਕਰਾਉਣ ਦੇ ਉੱਤਰ ਪ੍ਰਦੇਸ਼ ਦੇ ਫ਼ੈਸਲੇ ਦੀ ਵੀ ਆਲੋਚਨਾ ਕੀਤੀ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕੇਸ ਘਟ ਰਹੇ ਹਨ ਪਰ ਆਮ ਪ੍ਰਭਾਵ ਇਹ ਹੈ ਕਿ ਜਦ ਲਾਸ਼ਾਂ ਦਰਿਆਵਾਂ ਵਿਚ ਰੁੜ੍ਹਦੀਆਂ ਮਿਲਣ, ਲੋਕ ਆਪਣੇ ਨਜ਼ਦੀਕੀਆਂ ਦੇ ਮ੍ਰਿਤਕ ਸਰੀਰਾਂ ਦਾ ਸਸਕਾਰ ਕਰਨ ਲਈ ਸ਼ਮਸ਼ਾਨ ਘਾਟਾਂ ਦੇ ਬਾਹਰ ਇੰਤਜ਼ਾਰ ਕਰ ਰਹੇ ਅਤੇ ਮਰੀਜ਼ ਹਸਪਤਾਲਾਂ ਤੋਂ ਬਾਹਰ ਦਮ ਤੋੜ ਰਹੇ ਹੋਣ ਤਾਂ ਸਰਕਾਰਾਂ ਕੋਲ ਆਪਣੀ ਕਾਰਗੁਜ਼ਾਰੀ ਨੂੰ ਵਾਜਬਿ ਠਹਿਰਾਉਣ ਦੀ ਕੋਈ ਦਲੀਲ ਨਹੀਂ ਬਚਦੀ। ਹੁਣ ਤਾਂ ਲੋਕ ਇਹ ਕਹਿਣ ਲੱਗ ਪਏ ਹਨ ਕਿ ਸਰਕਾਰਾਂ ਪਾਰਦਰਸ਼ਤਾ ਦਿਖਾਉਂਦੇ ਹੋਏ ਕੋਵਿਡ-19 ਕਾਰਨ ਵਿਗੜੇ ਹੋਏ ਹਾਲਾਤ ਨੂੰ ਸਵੀਕਾਰ ਕਰਨ ਅਤੇ ਲੋਕਾਂ ਤਕ ਸਹੀ ਜਾਣਕਾਰੀ ਪਹੁੰਚਾਏ। ਲੋਕਾਂ ਦੇ ਸਾਹਮਣੇ ਦੇਸ਼ ਦੀ ਉਹ ਤਸਵੀਰ ਦਿਸ ਰਹੀ ਹੈ ਜਿਸ ਵਿਚ ਸਿਆਸੀ ਤੇ ਧਾਰਮਿਕ ਕਾਰਨਾਂ ਕਰ ਕੇ ਲੱਖਾਂ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਪਾਈਆਂ ਜਾ ਸਕਦੀਆਂ ਹਨ, ਸਿਹਤ-ਸੰਭਾਲ ਦਾ ਢਾਂਚਾ ਲੜਖੜਾ ਰਿਹਾ ਹੈ ਅਤੇ ਸਿਆਸੀ ਜਮਾਤ ਤੇ ਪ੍ਰਸ਼ਾਸਕ ਅਗਾਊਂ ਯੋਜਨਾਬੰਦੀ ਕਰਨ ਬਾਰੇ ਅਸਮਰੱਥ ਦਿਖਾਈ ਦਿੰਦੇ ਹਨ।