ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਲਈ ਚੋਣਾਂ ਵਾਸਤੇ ਵੋਟਰ ਸੂਚੀਆਂ ਵਿਚ ਸੋਧ ਅਤੇ ਨਵੀਆਂ ਵੋਟਾਂ ਬਣਾਉਣ ਦੇ ਐਲਾਨ ਨੇ ਸਿਆਸੀ ਮਾਹੌਲ ਭਖਾ ਦਿੱਤਾ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਪੰਦਰਾਂ ਸਾਲਾਂ ਤੋਂ ਜੰਮੂ ਕਸ਼ਮੀਰ ਵਿਚ ਰਹਿ ਰਹੇ ਬਾਹਰੀ ਵਿਅਕਤੀ ਵੀ ਵੋਟ ਬਣਾ ਸਕਦੇ ਹਨ। ਬਾਹਰੀ ਵਿਅਕਤੀਆਂ ਸਮੇਤ ਨਵੇਂ ਵੋਟਰਾਂ ਦੀ ਗਿਣਤੀ 25 ਲੱਖ ਦੇ ਕਰੀਬ ਹੋ ਸਕਦੀ ਹੈ। ਕੇਂਦਰ ਸਰਕਾਰ ਵੱਲੋਂ ਧਾਰਾ 370 ਅਤੇ 35ਏ ਮਨਸੂਖ਼ ਕਰਨ ਪਿੱਛੋਂ ਪਹਿਲੀ ਵਾਰ ਸੋਧੀਆਂ ਹੋਈਆਂ ਵੋਟਰ ਸੂਚੀਆਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਭਾਜਪਾ ਤੋਂ ਬਿਨਾ ਬਾਕੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਉੱਤੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਇਸ ਮੁੱਦੇ ਉੱਤੇ ਵਿਚਾਰ ਕਰਨ ਵਾਸਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ 22 ਅਗਸਤ ਨੂੰ ਗ਼ੈਰ-ਭਾਜਪਾ ਪਾਰਟੀਆਂ ਦੀ ਮੀਟਿੰਗ ਬੁਲਾ ਲਈ ਹੈ।
2011 ਦੀ ਜਨਗਣਨਾ ਅਨੁਸਾਰ ਜੰਮੂ ਕਸ਼ਮੀਰ ਦੀ ਆਬਾਦੀ ਲਗਭਗ 1 ਕਰੋੜ 30 ਲੱਖ ਸੀ। ਇਨ੍ਹਾਂ ਵਿਚ 14 ਲੱਖ ਦੇ ਕਰੀਬ ਦਸ ਸਾਲ ਤੋਂ ਰਹਿਣ ਵਾਲੇ ਗ਼ੈਰ-ਸਥਾਨਕ (ਬਾਹਰੀ) ਵਿਅਕਤੀ ਸਨ। 3.35 ਲੱਖ ਵਿਅਕਤੀ ਲਗਭਗ ਪੰਜ ਸਾਲਾਂ ਤੋਂ ਇਸ ਖੇਤਰ ਵਿਚ ਟਿਕੇ ਹੋਏ ਸਨ। ਇਸ ਤਰ੍ਹਾਂ ਇਹ ਵਸੋਂ ਕੁੱਲ ਆਬਾਦੀ ਦਾ ਕਰੀਬ 14 ਫ਼ੀਸਦੀ ਹਿੱਸਾ ਬਣਦਾ ਹੈ, ਭਾਵ 17.35 ਲੱਖ ਆਬਾਦੀ ਬਾਹਰੀ ਹੈ। ਇਹ ਲਗਭਗ ਸਾਰੇ ਹੀ 15 ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੰਜ ਲੱਖ ਦੇ ਕਰੀਬ ਸੁਰੱਖਿਆ ਕਰਮੀਆਂ ਦੀਆਂ ਵੋਟਾਂ ਬਣਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੀਡੀਪੀ ਦੀ ਮੁਖੀ ਮਹਬਿੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਸਿੱਖਿਆ, ਰੁਜ਼ਗਾਰ ਅਤੇ ਵਪਾਰ ਲਈ ਅਸਥਾਈ ਤੌਰ ’ਤੇ ਆਏ ਵਿਅਕਤੀਆਂ ਦੀ ਵੋਟ ਬਣਾ ਕੇ ਭਾਜਪਾ ਇਸ ਖੇਤਰ ਅੰਦਰ ਜਮਹੂਰੀ ਅਮਲ ਨੂੰ ਵੱਡਾ ਨੁਕਸਾਨ ਪਹੁੰਚਾ ਰਹੀ ਹੈ; ਸਾਰੀਆਂ ਧਿਰਾਂ ਨੂੰ ਮਿਲ ਕੇ ਇਸ ਸਬੰਧੀ ਠੋਸ ਰਣਨੀਤੀ ਬਣਾਉਣੀ ਹੋਵੇਗੀ।
ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਸੰਸਦ ਵਿਚ ਕਾਨੂੰਨ ਪਾਸ ਕਰਕੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਸੀ। ਉਸ ਸਮੇਂ ਤੋਂ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਉੱਤੇ ਕੇਂਦਰ ਦਾ ਸਿੱਧਾ ਰਾਜ ਸਥਾਪਿਤ ਹੈ। ਕਸ਼ਮੀਰ ਦੀਆਂ ਪਾਰਟੀਆਂ ਨੇ ਜੰਮੂ ਕਸ਼ਮੀਰ ਨੂੰ ਮੁੜ ਇਕ ਰਾਜ ਵਜੋਂ ਬਹਾਲ ਕਰਵਾਉਣ ਵਾਸਤੇ ਸਾਂਝਾ ਐਲਾਨਨਾਮਾ ਜਾਰੀ ਕੀਤਾ ਸੀ ਜਿਸ ਨੂੰ ਗੁਪਕਾਰ ਐਲਾਨਨਾਮਾ ਕਿਹਾ ਜਾਂਦਾ ਹੈ। ਇਹ ਅੱਠ ਪਾਰਟੀਆਂ ਦੇ ਸਾਂਝੇ ਗੱਠਜੋੜ ਦਾ ਐਲਾਨਨਾਮਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਆਗੂਆਂ ਨਾਲ ਮੀਟਿੰਗ ਵੀ ਕੀਤੀ ਹੈ। ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਲਗਭਗ ਚਾਰ ਸਾਲਾਂ ਤੋਂ ਸਿੱਧੇ ਤੌਰ ਉੱਤੇ ਰਾਜ ਕਰਨ ਦੇ ਬਾਵਜੂਦ ਲੋਕਾਂ ਦਾ ਵਿਸ਼ਵਾਸ ਜਿੱਤਣ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਕੇਂਦਰ ਸਰਕਾਰ ਨੂੰ ਸਥਾਨਕ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹੇ ਤਰੀਕਿਆਂ ਨਾਲ ਸਥਾਨਕ ਲੋਕਾਂ ਅੰਦਰ ਬੇਗ਼ਾਨਗੀ ਦੀ ਭਾਵਨਾ ਹੋਰ ਵਧਣ ਦੀ ਸੰਭਾਵਨਾ ਹੋ ਸਕਦੀ ਹੈ।