ਮੁਲਕ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦਾ ਕੋਈ ਵੀ ਪਾਸਾ ਸਿੱਧਾ ਪੈਂਦਾ ਨਜ਼ਰ ਨਹੀਂ ਆ ਰਿਹਾ। ਪਾਰਟੀ ਨੂੰ ਮੁੜ ਸਰਗਰਮ ਕਰਕੇ ਭਾਜਪਾ ਨਾਲ ਮੁਕਾਬਲੇ ਦੇ ਯੋਗ ਬਣਾਉਣ ਵਾਸਤੇ ਪ੍ਰਸ਼ਾਂਤ ਕਿਸ਼ੋਰ ਨਾਲ ਚੱਲ ਰਹੀ ਗੱਲਬਾਤ ਦਾ ਨਤੀਜਾ ਵੀ ਪਾਰਟੀ ਦੇ ਖ਼ਿਲਾਫ਼ ਗਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਗੱਲ ਜਨਤਕ ਕੀਤੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ’ਚ ਸ਼ਾਮਿਲ ਹੋਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪਾਰਟੀ ਦੀ ਮੁੜ ਉਸਾਰੀ ਲਈ ਕਿਸ਼ੋਰ ਦੀ ਪੇਸ਼ਕਾਰੀ ਅਤੇ ਪਾਰਟੀ ’ਚ ਸ਼ਾਮਿਲ ਹੋਣ ਦੀ ਚਰਚਾ ਸੁਰਖੀਆਂ ’ਚ ਰਹੀ। ਪ੍ਰਸ਼ਾਂਤ ਨੇ 23 ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਦਿੱਤੀ ਸਲਾਹ ਵਾਂਗ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਪਾਰਟੀ ਦੇ ਢਾਂਚੇ ਦਾ ਪੁਨਰਗਠਨ ਜ਼ਰੂਰੀ ਹੈ। ਇਸ ਕਵਾਇਦ ’ਚ ਪਾਰਟੀ ਦੀ ਥਾਂ ਕਿਸ਼ੋਰ ਦਾ ਕੱਦ ਹੋਰ ਉੱਚਾ ਹੋਣ ਦੇ ਆਸਾਰ ਹਨ।
ਕਾਂਗਰਸ ਵਿਚ ਅੱਜ ਵੀ ਤਜਰਬੇਕਾਰ ਅਤੇ ਸਿਆਸਤ ਨੂੰ ਸਮਝਣ ਵਾਲੇ ਬਹੁਤ ਸਾਰੇ ਆਗੂ ਮੌਜੂਦ ਹਨ। ਕੀ ਚੋਣ ਰਣਨੀਤੀ ਵਿਚ ਮੁਹਾਰਤ ਦੇ ਇਕ ਦਾਅਵੇਦਾਰ ਨੂੰ ਪਾਰਟੀ ਇਕ ਤਰ੍ਹਾਂ ਠੇਕੇ ਉੱਤੇ ਦੇ ਕੇ ਉਸ ਦੇ ਸਭ ਫ਼ੈਸਲੇ ਮੰਨਣ ਦਾ ਰਾਹ ਪਾਰਟੀ ਲਈ ਸਹੀ ਹੋ ਸਕਦਾ ਹੈ? ਪਾਰਟੀਆਂ ਆਪਣੇ ਪ੍ਰੋਗਰਾਮਾਂ ਨਾਲ ਲੋਕ ਮਾਨਸਿਕਤਾ ਵਿਚ ਆਪਣੀ ਥਾਂ ਬਣਾਉਂਦੀਆਂ ਹਨ। ਭਾਜਪਾ ਨੇ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦਿੱਤਾ ਹੋਇਆ ਹੈ ਅਤੇ ਉਸ ਕੋਲ ਪ੍ਰਧਾਨ ਮੰਤਰੀ ਤੋਂ ਲੈ ਕੇ ਬਹੁਗਿਣਤੀਵਾਦ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਵਾਲੇ ਹੋਰ ਕਈ ਆਗੂ ਮੌਜੂਦ ਹਨ। ਕਾਂਗਰਸ ਵਿਚ ਇਸ ਦੇ ਮੁਕਾਬਲੇ ਦੀ ਸਰਗਰਮੀ ਅਤੇ ਸਿਆਸਤ ਕਰਨ ਦਾ ਉਤਸ਼ਾਹ ਦਿਖਾਈ ਨਹੀਂ ਦਿੰਦਾ। ਕਾਂਗਰਸ ਦੇ ਹਾਈਕਮਾਨ ਸੱਭਿਆਚਾਰ ਕਰਕੇ ਕੱਦਾਵਰ ਖੇਤਰੀ ਆਗੂਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਪਾਰਟੀ ਦੀਆਂ ਅੰਦਰੂਨੀ ਚੋਣਾਂ ਕਰਵਾ ਕੇ ਹੇਠਾਂ ਤੋਂ ਉੱਪਰ ਤੱਕ ਆਗੂ ਟੀਮ ਦੀ ਚੋਣ ਹੋਣੀ ਚਾਹੀਦੀ ਹੈ। ਇਸ ਨਾਲ ਮਾਨਤਾ ਪ੍ਰਾਪਤ ਆਗੂ ਟੀਮ ਸਾਹਮਣੇ ਆ ਸਕਦੀ ਹੈ।
ਦੇਸ਼ ਅੰਦਰ ਖੇਤਰੀ ਪਾਰਟੀਆਂ ਦਾ ਆਪਣਾ ਵਜੂਦ ਹੈ। 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਿਲੀਆਂ ਜੁਲੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ। ਭਾਜਪਾ ਦੇ ਦੋ ਲੋਕ ਸਭਾ ਚੋਣਾਂ ਵਿਚ ਪੂਰਨ ਬਹੁਮਤ ਪ੍ਰਾਪਤ ਕਰਨ ਦੇ ਬਾਵਜੂਦ ਤਾਮਿਲਨਾਡੂ, ਪੱਛਮੀ ਬੰਗਾਲ, ਤਿਲੰਗਾਨਾ, ਆਂਧਰਾ ਪ੍ਰਦੇਸ਼, ਬਿਹਾਰ ਆਦਿ ਰਾਜਾਂ ਵਿਚ ਖੇਤਰੀ ਧਿਰਾਂ ਦਾ ਦਬਦਬਾ ਕਾਇਮ ਹੈ। ਇਸ ਕਾਰਨ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ 2024 ਵਿਚ ਭਾਜਪਾ ਨੂੰ ਟੱਕਰ ਦੇਣ ਲਈ ਫੈਡਰਲ ਫਰੰਟ ਬਣਾਉਣ ਦੀ ਲੋੜ ਹੈ। ਇਸ ਹਾਲਤ ਵਿਚ ਕਾਂਗਰਸ ਪਾਰਟੀ ਨੂੰ ਦੇਸ਼ ਦੀ ਸਿਆਸਤ ਵਿਚ ਆਪਣੀ ਭੂਮਿਕਾ ਨੂੰ ਮੁੜ ਪਰਿਭਾਸ਼ਤ ਕਰਨਾ ਪਵੇਗਾ। ਕਾਂਗਰਸ ਨੂੰ ਆਪਣੇ ਜਥੇਬੰਦਕ ਢਾਂਚੇ ਅਤੇ ਵਿਚਾਰਧਾਰਕ ਪ੍ਰਤੀਬੱਧਤਾ ਨੂੰ ਊਰਜਿਤ ਕਰਨ ਦੀ ਲੋੜ ਹੈ।