ਕਾਂਗਰਸ ਪਾਰਟੀ ਦੇ ਸੰਗਠਨ ਵਿਚ ਸੁਧਾਰ ਅਤੇ ਸਥਾਈ ਪ੍ਰਧਾਨ ਦੀ ਚੋਣ ਸਬੰਧੀ ਅਨਿਸ਼ਚਿਤਤਾ ਦਾ ਦੌਰ ਹੋਰ ਲੰਮਾ ਹੋ ਗਿਆ ਹੈ। ਪੱਛਮੀ ਬੰਗਾਲ, ਆਸਾਮ, ਕੇਰਲ, ਤਾਮਿਲਨਾਡੂ ਅਤੇ ਪੁਡੂਚਿਰੀ ਦੇ ਚੋਣ ਨਤੀਜਿਆਂ ਦੀ ਸਮੀਖਿਆ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੁਲਾਈ ਵਰਚੂਅਲ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਠੀਕ ਹੋਣ ਤੱਕ ਅੱਗੇ ਪਾ ਦਿੱਤਾ ਗਿਆ ਹੈ। ਚੋਣਾਂ ਵਿਚ ਕਾਂਗਰਸ ਦੀ ਲਗਾਤਾਰ ਹਾਰ ਦੇ ਕਾਰਨ ਤਲਾਸ਼ ਕਰਨ ਲਈ ਛੋਟਾ ਗਰੁੱਪ ਬਣਾ ਕੇ ਪੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਲੋਕ ਸਭਾ ਦੀਆਂ 2019 ਵਿਚ ਹੋਈਆਂ ਚੋਣਾਂ ਨੂੰ ਲਗਭੱਗ ਇਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਬਾਰੇ ਕੋਈ ਠੋਸ ਵਿਚਾਰ ਚਰਚਾ ਨਾ ਹੋਣ ਕਰ ਕੇ ਪਾਰਟੀ ਦੇ 23 ਸੀਨੀਅਰ ਆਗੂਆਂ ਵੱਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਕਾਰਨ ਪਾਰਟੀ ਅੰਦਰ ਹਲਚਲ ਮੱਚ ਗਈ ਸੀ। ਗੁਲਾਮ ਨਬੀ ਆਜ਼ਾਦ, ਸ਼ਸ਼ੀ ਥਰੂਰ, ਆਨੰਦ ਸ਼ਰਮਾ ਅਤੇ ਕਪਿਲ ਸਿੱਬਲ ਵਰਗੇ ਆਗੂਆਂ ਨੇ ਸੰਗਠਨ ਵਿਚ ਸੁਧਾਰ ਕਰਨ ਅਤੇ ਪਾਰਟੀ ਨੂੰ ਲਗਾਤਾਰ ਕੰਮ ਕਰਨ ਵਾਲਾ ਸਰਗਰਮ ਪ੍ਰਧਾਨ ਬਣਾਉਣ ਦੀ ਸਲਾਹ ਦਿੱਤੀ ਸੀ।
ਪਹਿਲਾਂ ਇਹ ਚਿੱਠੀ ਲਿਖਣ ਵਾਲੇ ਆਗੂਆਂ ’ਤੇ ਭਾਜਪਾ ਨਾਲ ਮਿਲੇ ਹੋਣ ਦਾ ਦੋਸ਼ ਲੱਗਿਆ ਪਰ ਬਾਅਦ ਵਿਚ ਪ੍ਰਧਾਨਗੀ ਦੀ ਚੋਣ ਕਰਵਾਉਣ ਦਾ ਵਾਅਦਾ ਕੀਤਾ ਗਿਆ। ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਪਿੱਛੋਂ ਰਾਹੁਲ ਗਾਂਧੀ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਸੋਨੀਆ ਗਾਂਧੀ ਨੂੰ ਕਾਰਜਕਾਰੀ ਪ੍ਰਧਾਨ ਬਣਾ ਲਿਆ ਗਿਆ ਸੀ। ਕਪਿਲ ਸਿੱਬਲ ਜਿਹੇ ਆਗੂਆਂ ਨੇ ਸਾਫ਼ ਕਿਹਾ ਸੀ ਕਿ ਉਨ੍ਹਾਂ ਵੱਲੋਂ ਉਠਾਏ ਗਏ ਨੁਕਤਿਆਂ ਅਤੇ ਸੁਝਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਇਨ੍ਹਾਂ ਸੁਝਾਵਾਂ ਵਿਚ ਸੂਬਾ ਇਕਾਈਆਂ ਨੂੰ ਵੱਧ ਤਾਕਤਾਂ ਦੇਣੀਆਂ ਅਤੇ ਹੇਠਲੇ ਪੱਧਰ ਤੋਂ ਲੈ ਕੇ ਕਾਂਗਰਸ ਪ੍ਰਧਾਨ ਤੱਕ ਦੇ ਅਹੁਦਿਆਂ ਲਈ ਚੋਣਾਂ ਕਰਵਾਉਣੀਆਂ ਸ਼ਾਮਿਲ ਸਨ। ਅਗਸਤ 2020 ਤੋਂ ਪਿੱਛੋਂ ਕਿਸੇ ਨਾ ਕਿਸੇ ਬਹਾਨੇ ਪ੍ਰਧਾਨ ਦੀ ਚੋਣ ਅਤੇ ਅਜਿਹੇ ਮੁੱਦਿਆਂ ਬਾਰੇ ਵਿਚਾਰ ਕਰਨ ਨੂੰ ਟਾਲਿਆ ਜਾਂਦਾ ਰਿਹਾ ਹੈ। ਹਾਲੀਆ ਮੀਟਿੰਗ ਦਾ ਫ਼ੈਸਲਾ ਵੀ ਇਹ ਸੰਕੇਤ ਦੇ ਰਿਹਾ ਹੈ ਕਿ ਫਿਲਹਾਲ ਲੀਡਰਸ਼ਿਪ ਤਬਦੀਲੀ ਸੰਭਵ ਨਹੀਂ ਹੈ।
ਅੰਦਰੂਨੀ ਜਮਹੂਰੀਅਤ ਦਾ ਲਗਾਤਾਰ ਕਮਜ਼ੋਰ ਹੋਣਾ ਦੇਸ਼ ਦੀਆਂ ਲਗਭੱਗ ਸਾਰੀਆਂ ਪਾਰਟੀਆਂ ਦੀ ਹਕੀਕਤ ਹੈ। ਕਾਂਗਰਸ ਵਿਚ ਲੰਮੇ ਸਮੇਂ ਬਾਅਦ ਸੁਧਾਰ ਦੀ ਆਵਾਜ਼ ਉੱਠੀ ਹੈ। ਪ੍ਰਮੁੱਖ ਸਵਾਲ ਇਹ ਹੈ ਜਦੋਂ ਕਾਂਗਰਸ ਨੇ ਕਰੋਨਾ ਦੌਰਾਨ ਹੋਈਆਂ ਵਿਧਾਨ ਸਭਾ ਦੀਆਂ ਚੋਣਾ ਵਿਚ ਹਿੱਸਾ ਲਿਆ ਹੈ ਤਾਂ ਕਾਂਗਰਸ ਪ੍ਰਧਾਨ ਦੀ ਪਾਰਟੀ ਅੰਦਰਲੀ ਚੋਣ ਨੂੰ ਕਰੋਨਾ ਦੀ ਦਲੀਲ ਦਿੰਦਿਆਂ ਅੱਗੇ ਕਿਉਂ ਪਾਇਆ ਜਾ ਰਿਹਾ ਹੈ। ਇਹ ਚੋਣ ਕਰਵਾ ਕੇ ਪਾਰਟੀ ਕਾਡਰ ਨੂੰ ਬਦਲਾਓ ਦੀ ਗੰਭੀਰਤਾ ਅਤੇ ਨਵੇਂਪਣ ਦਾ ਅਹਿਸਾਸ ਕਰਵਾਇਆ ਜਾ ਸਕਦਾ ਸੀ। ਮਮਤਾ ਬੈਨਰਜੀ ਦੀ ਪੱਛਮੀ ਬੰਗਾਲ ਵਿਚ ਜਿੱਤ ਤੋਂ ਬਾਅਦ ਮਮਤਾ ਤੋਂ ਦੇਸ਼ ਪੱਧਰੀ ਬਦਲ ਦੀ ਸੂਤਰਧਾਰ ਬਣਨ ਦੀ ਤਵੱਕੋ ਰੱਖੀ ਜਾਣ ਲੱਗੀ ਹੈ। ਕਾਂਗਰਸ ਨੂੰ ਵੱਡੀ ਧਿਰ ਵਜੋਂ ਜ਼ਿੰਮੇਵਾਰੀ ਨਿਭਾਉਣ ਲਈ ਆਪਣੇ ਕਾਰਕੁਨਾਂ ਵਿਚ ਪੈਦਾ ਹੋਈ ਨਿਰਾਸ਼ਤਾ ਨੂੰ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ।