ਕਾਂਗਰਸ ਦਾ ਚਿੰਤਨ ਸਮਾਗਮ

ਕਾਂਗਰਸ ਦਾ ਚਿੰਤਨ ਸਮਾਗਮ

ਚੋਣ ਸਿਆਸਤ ਵਿਚ ਲਗਾਤਾਰ ਪਿਛੜ ਰਹੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਜਥੇਬੰਦਕ ਅਤੇ ਵਿਚਾਰਧਾਰਕ ਸੰਕਟ ਨਾਲ ਜੂਝ ਰਹੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪਰਿਵਾਰਵਾਦ ਦੇ ਕੀਤੇ ਜਾ ਰਹੇ ਹਮਲੇ ਅਤੇ ਬਹੁਗਿਣਤੀਵਾਦ ਦੀ ਸਿਆਸਤ ਦਾ ਜਵਾਬ ਦੇਣ ਵਿਚ ਨਾਕਾਮ ਕਾਂਗਰਸ ਨੇ ਰਾਜਸਥਾਨ ਦੇ ਉਦੇਪੁਰ ਸ਼ਹਿਰ ਵਿਖੇ ਚਿੰਤਨ ਸਮਾਗਮ ਬੁਲਾਇਆ ਹੈ। ਇਸ ਦੌਰਾਨ ਕਾਂਗਰਸ ਦੀ ਵਰਕਿੰਗ ਪ੍ਰਧਾਨ ਸੋਨੀਆ ਗਾਂਧੀ ਨੇ ਮੌਜੂਦਾ ਹਾਲਾਤ ਉੱਤੇ ਟਿੱਪਣੀ ਕੀਤੀ ਹੈ ਕਿ ਮੋਦੀ ਸਰਕਾਰ ਦੇਸ਼ ਅੰਦਰ ਸਥਾਈ ਖੇਮੇਬੰਦੀ, ਘੱਟਗਿਣਤੀਆਂ ਖ਼ਿਲਾਫ਼ ਬੇਰਹਿਮੀ ਵਾਲੇ ਵਤੀਰੇ ਅਤੇ ਸਿਆਸੀ ਵਿਰੋਧੀਆਂ ਅੰਦਰ ਡਰ ਅਤੇ ਸਹਿਮ ਪੈਦਾ ਕਰਨ ਦੀ ਰਾਹ ਚੱਲ ਰਹੀ ਹੈ।

ਸੋਨੀਆ ਗਾਂਧੀ ਨੇ ਕਾਂਗਰਸ ਦੀ ਜਥੇਬੰਦਕ ਕਮਜ਼ੋਰੀਆਂ ਦਾ ਜ਼ਿਕਰ ਵੀ ਕੀਤਾ ਹੈ। ਲਗਭਗ 430 ਡੈਲੀਗੇਟਾਂ ਦੇ ਸਮਾਗਮ ਦੌਰਾਨ ਸੋਨੀਆ ਨੇ ਪਾਰਟੀ ਤੋਂ ਕੁਝ ਮੰਗਣ ਦੀ ਬਜਾਇ ਪਾਰਟੀ ਅਤੇ ਦੇਸ਼ ਨੂੰ ਦੇਣ ਦੀ ਮਾਨਸਿਕਤਾ ਬਣਾ ਕੇ ਕੰਮ ਕਰਨ ਦੀ ਨਸੀਹਤ ਦਿੱਤੀ ਹੈ। ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਕਈ ਨੁਕਤਿਆਂ ਨੂੰ ਵਿਚਾਰਿਆ ਜਾ ਰਿਹਾ ਹੈ ਜਿਨ੍ਹਾਂ ਵਿਚ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਬਹਾਲ ਕਰਕੇ ਨਾਮਜ਼ਦਗੀਆਂ ਦੀ ਬਜਾਇ ਅਹੁਦੇਦਾਰਾਂ ਦੀ ਹੇਠਾਂ ਤੋਂ ਉੱਪਰ ਤੱਕ ਚੋਣ ਦੇ ਅਸੂਲ ਨੂੰ ਅਮਲ ਵਿਚ ਲਿਆਉਣਾ, ਸੂਬਾਈ ਇਕਾਈਆਂ ਨੂੰ ਵੱਧ ਤੋਂ ਵੱਧ ਸੰਭਵ ਹੱਦ ਤੱਕ ਖੁਦਮੁਖ਼ਤਾਰੀ ਦੇਣਾ, ਅਹੁਦਿਆਂ ਵਾਸਤੇ ਆਗੂਆਂ ਦੀ ਉੱਪਰਲੀ ਉਮਰ ਨਿਸ਼ਚਤ ਕਰਨਾ, ਰਾਜ ਸਭਾ ਵਿਚ ਦੋ ਜਾਂ ਤਿੰਨ ਵਾਰ ਤੋਂ ਵੱਧ ਟਿਕਟ ਨਾ ਦੇਣਾ ਅਤੇ ਇਕ ਪਰਿਵਾਰ ਵਿਚੋਂ ਇਕ ਹੀ ਟਿਕਟ ਦੇਣ ਦੇ ਮੁੱਦੇ ਮੁੱਖ ਤੌਰ ਉੱਤੇ ਵਿਚਾਰਨ ਵਾਲੇ ਹਨ।

ਪਿਛਲੇ ਲੰਮੇ ਸਮੇਂ ਤੋਂ ਭਾਜਪਾ ਨੇ ਕਾਂਗਰਸ ਸਮੇਤ ਹੋਰ ਬਹੁਤ ਸਾਰੀਆਂ ਪਾਰਟੀਆਂ ਨੂੰ ਭਾਜਪਾ ਦੇ ਦ੍ਰਿਸ਼ਟੀਕੋਣ ਅਨੁਸਾਰ ਸਿਆਸਤ ਕਰਨ ਲਈ ਮਜਬੂਰ ਕੀਤਾ ਹੈ; ਪਾਰਟੀਆਂ ਵੋਟ ਘਟਣ ਦੇ ਡਰ ਤੋਂ ਧਰਮ ਨਿਰਪੱਖਤਾ ਦੀ ਗੱਲ ਠੋਸ ਰੂਪ ਵਿਚ ਨਹੀਂ ਕਰ ਰਹੀਆਂ। ਕਾਂਗਰਸ ਦੇ ਕੁਲਵਕਤੀ ਪ੍ਰਧਾਨ ਹੋਣ ਦਾ ਮੁੱਦਾ ਵੀ ਉੱਠਦਾ ਰਿਹਾ ਹੈ। ਕਾਂਗਰਸ ਅਤੇ ਹੋਰ ਵਿਰੋਧੀ ਸਿਆਸੀ ਪਾਰਟੀਆਂ ਚੋਣਾਂ ਜਿੱਤਣ ਲਈ ਲੋਕਾਂ ਅੰਦਰ ਸੱਤਾ ’ਤੇ ਕਾਬਜ਼ ਰਹੀ ਪਾਰਟੀ (ਮੁੱਖ ਤੌਰ ’ਤੇ ਭਾਜਪਾ) ਵਿਰੁੱਧ ਪੈਦਾ ਹੋਣ ਵਾਲੀਆਂ ਭਾਵਨਾਵਾਂ ’ਤੇ ਟੇਕ ਰੱਖੀ ਹੋਈ ਹੈ। ਸੱਤਾ ਵਿਰੋਧੀ ਭਾਵਨਾਵਾਂ ਦੇ ਆਧਾਰ ਉੱਤੇ ਜਨ ਅੰਦੋਲਨ ਅਤੇ ਜਨਤਕ ਸਿਆਸਤ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਰਿਹਾ ਹੈ। ਇਸ ਸਮੇਂ ਮਹਿੰਗਾਈ, ਬੇਰੁਜ਼ਗਾਰੀ, ਖੇਤੀ ਸੰਕਟ ਵਰਗੇ ਅਨੇਕ ਵੱਡੇ ਮੁੱਦੇ ਹਨ ਜਿਨ੍ਹਾਂ ਉੱਤੇ ਅੰਦੋਲਨ ਦੀ ਰਣਨੀਤੀ ਕਾਂਗਰਸ ਦੀ ਸਿਆਸਤ ਦਾ ਹਿੱਸਾ ਨਹੀਂ ਬਣੀ। ਚਿੰਤਨ ਸਮਾਗਮ ਵਿਚ ਸਿਆਸੀ ਨਜ਼ਰੀਏ ਦੀ ਪ੍ਰਪੱਕਤਾ, ਉਸ ਉੱਤੇ ਪਹਿਰਾ ਦੇਣ ਵਾਲੀ ਆਗੂ ਟੀਮ ਅਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਜਨਤਕ ਮੁਹਿੰਮਾਂ ਬਾਰੇ ਵਿਚਾਰ ਤਾਂ ਹੋਇਆ ਹੈ ਪਰ ਪ੍ਰਮੁੱਖ ਸਵਾਲ ਹੈ ਕਿ ਕੀ ਪਾਰਟੀ ਵਿਚ ਇਨ੍ਹਾਂ ਫੈਸਲਿਆਂ ’ਤੇ ਅਮਲ ਕਰਨ ਲਈ ਊਰਜਾ ਹੈ ਜਾਂ ਨਹੀਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All