ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਡੇਢ ਸੌ ਦਿਨ ਦੀ ਲੰਮੀ ਭਾਰਤ ਜੋੜੋ ਯਾਤਰਾ ਅਤੇ ਕਾਂਗਰਸ ਪ੍ਰਧਾਨ ਦੀ ਚੋਣ ਪ੍ਰਕਿਰਿਆ ਰਾਹੀਂ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਪਾਰਟੀ ਦਾ ਜਥੇਬੰਦਕ ਸੰਕਟ ਗਹਿਰਾ ਹੋ ਰਿਹਾ ਹੈ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਸਿਰ ’ਤੇ ਹਨ ਪਰ ਕਾਂਗਰਸ ਦੇ ਹਿਮਾਚਲ ਪ੍ਰਦੇਸ਼ ਦੇ ਵਰਕਿੰਗ ਪ੍ਰਧਾਨ ਹਰਸ਼ ਮਹਾਜਨ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਕੁਝ ਦਿਨ ਪਹਿਲਾਂ ਗੋਆ ਦੇ ਅੱਠ ਵਿਧਾਇਕ ਭਾਜਪਾ ਵਿਚ ਚਲੇ ਗਏ ਸਨ। ਗਾਂਧੀ ਪਰਿਵਾਰ ਦੇ ਨਜ਼ਦੀਕੀ ਅਸ਼ੋਕ ਗਹਿਲੋਤ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਤਿਆਰੀ ਹੋ ਰਹੀ ਸੀ ਪਰ ਹਾਈਕਮਾਨ ਵੱਲੋਂ ਭੇਜੇ ਆਗੂਆਂ ਦੀ ਮੀਟਿੰਗ ਤੋਂ ਬਗ਼ਾਵਤ ਕਰਕੇ ਪਾਰਟੀ ਦੇ 108 ਵਿਚੋਂ 90 ਵਿਧਾਇਕਾਂ ਨੇ ਗਹਿਲੋਤ ਨੂੰ ਜਾਂ ਉਸ ਦੁਆਰਾ ਨਾਮਜ਼ਦ ਕੀਤੇ ਗਏ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ’ਤੇ ਜ਼ੋਰ ਦਿੱਤਾ।
ਕਾਂਗਰਸ ਦੀ ਰਵਾਇਤ ਮੁਤਾਬਿਕ ਕੇਂਦਰੀ ਆਗੂ ਇਕ ਸਤਰ ਦਾ ਮਤਾ ਪਵਾਉਣ ਗਏ ਸਨ ਕਿ ਕਾਂਗਰਸ ਪ੍ਰਧਾਨ ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਸਕਣਗੇ। ਇਸ ਮਾਮਲੇ ਵਿਚ ਹੋਈ ਕਿਰਕਰੀ ਤੋਂ ਪਿੱਛੋਂ ਅਸ਼ੋਕ ਗਹਿਲੋਤ ਨੇ ਦਿੱਲੀ ਵਿਚ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਆਪਣੇ ਸਹਿਯੋਗੀਆਂ ਦੀ ਕਾਰਵਾਈ ਉੱਤੇ ਮੁਆਫ਼ੀ ਮੰਗੀ ਹੈ ਅਤੇ ਨਾਲ ਹੀ ਟਵੀਟ ਕਰਕੇ ਇਹ ਵੀ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਪ੍ਰਧਾਨ ਦੀ ਦੌੜ ਵਿਚ ਸ਼ਾਮਿਲ ਨਹੀਂ ਹਨ। ਕਾਂਗਰਸ ਪ੍ਰਧਾਨ ਬਾਰੇ ਅਨਿਸ਼ਚਤਤਾ ਦਾ ਮਾਹੌਲ ਬਣਨ ਦੇ ਨਾਲ ਨਾਲ ਪਾਰਟੀ ਵਿਚਲਾ ਜਥੇਬੰਦਕ ਸੰਕਟ ਹੋਰ ਡੂੰਘਾ ਹੋਇਆ ਹੈ। ਜਥੇਬੰਦਕ ਝਗੜਿਆਂ ਨੂੰ ਹੱਲ ਕਰਨਾ ਹਾਈਕਮਾਨ ਦੇ ਵੱਸ ਤੋਂ ਬਾਹਰ ਹੋ ਰਿਹਾ ਹੈ। ਪਿਛਲੇ ਸਾਲ ਪੰਜਾਬ ਵਿਚ ਮੁੱਖ ਮੰਤਰੀ ਨੂੰ ਵਿਧਾਨ ਸਭਾ ਚੋਣਾਂ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਤਬਦੀਲ ਕਰਨ ਦਾ ਤਜਰਬਾ ਵੀ ਅਸਫ਼ਲ ਹੋਇਆ ਸੀ।
ਪਾਰਟੀਆਂ ਵਿਚਲੀ ਅੰਦਰੂਨੀ ਜਮਹੂਰੀਅਤ ਦਾ ਮੁੱਦਾ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨਾਲ ਸਬੰਧਿਤ ਹੈ। ਪਾਰਦਰਸ਼ੀ ਤਰੀਕੇ ਨਾਲ ਚੋਣਾਂ ਰਾਹੀਂ ਵੱਖ ਵੱਖ ਪੱਧਰਾਂ ’ਤੇ ਆਗੂ ਚੁਣਨ ਦੀ ਰਵਾਇਤ ਲਗਭਗ ਖ਼ਤਮ ਹੋ ਗਈ ਹੈ। ਸਥਿਤੀ ਏਨੀ ਵਿਰੋਧਾਭਾਸ ਵਾਲੀ ਹੈ ਕਿ ਇਕ ਪਾਸੇ ਕਾਂਗਰਸ ਆਪਣੇ ਪ੍ਰਧਾਨ ਦੀ ਚੋਣ ਵੋਟਾਂ ਰਾਹੀਂ ਕਰਵਾਉਣ ਦਾ ਦਾਅਵਾ ਕਰ ਰਹੀ ਹੈ ਪਰ ਹਾਈਕਮਾਨ ਇਹ ਵੀ ਚਾਹੁੰਦੀ ਹੈ ਕਿ ਇਕ ਸਤਰ ਦਾ ਮਤਾ ਪਾ ਕੇ ਵਿਧਾਇਕ ਆਗੂ ਚੁਣਨ ਦਾ ਅਧਿਕਾਰ ਉਸ (ਹਾਈਕਮਾਨ) ਨੂੰ ਦੇ ਦੇਣ। ਵਿਧਾਇਕਾਂ ਨੂੰ ਆਪਣਾ ਆਗੂ ਚੁਣਨ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਇਸ ਨਾਲ ਸੰਗਠਨ ਕਮਜ਼ੋਰ ਹੋਣ ਦੀ ਬਜਾਇ ਮਜ਼ਬੂਤ ਹੋਣ ਦੀ ਸੰਭਾਵਨਾ ਵੱਧ ਹੈ। ਵੱਡੀ ਗਿਣਤੀ ਵਿਚ ਕੱਦਾਵਰ ਆਗੂ ਪੈਦਾ ਹੋਣ ਦੀਆਂ ਸੰਭਾਵਨਾਵਾਂ ਵੀ ਅੰਦਰੂਨੀ ਜਮਹੂਰੀ ਪ੍ਰਕਿਰਿਆ ਵਿਚ ਹੀ ਪੈਦਾ ਹੋ ਸਕਦੀਆਂ ਹਨ। ਕਾਂਗਰਸ ਨੂੰ ਆਪਣੀ ਜਥੇਬੰਦਕ ਕਮਜ਼ੋਰੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।