ਮੰਗਲਵਾਰ ਅਫ਼ਰੀਕੀ ਦੇਸ਼ ਕਾਂਗੋ ਦੇ ਉੱਤਰੀ ਸੂਬੇ ਕਿਵੂ ਵਿਚ ਬਾਗ਼ੀਆਂ ਨੇ ਸੰਯੁਕਤ ਰਾਸ਼ਟਰ ਵੱਲੋਂ ਤਾਇਨਾਤ ਕੀਤੇ ਸੁਰੱਖਿਆ ਦਲਾਂ ਦੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਇਨ੍ਹਾਂ ਵਿਚੋਂ ਦੋ ਭਾਰਤੀ ਸਨ ਅਤੇ ਉਹ ਸੀਮਾ ਸੁਰੱਖਿਆ ਬਲ (ਬਾਰਡਰ ਸਕਿਉਰਿਟੀ ਫੋਰਸ-ਬੀਐੱਸਐੱਫ਼) ਦੇ ਮੈਂਬਰ ਸਨ। ਅਮਨ ਕਾਇਮ ਕਰਨ ਲਈ ਉੱਥੇ ਸੰਯੁਕਤ ਰਾਸ਼ਟਰ ਨੇ ਫ਼ੌਜੀ ਤੇ ਪੁਲੀਸ ਦਸਤੇ ਤਾਇਨਾਤ ਕੀਤੇ ਹਨ ਜਿਨ੍ਹਾਂ ਵਿਚ ਕਈ ਦੇਸ਼ਾਂ ਦੇ ਫ਼ੌਜੀ ਅਤੇ ਪੁਲੀਸ ਕਰਮਚਾਰੀ ਹਨ।
ਕਾਂਗੋ ਅਫ਼ਰੀਕਾ ਦੇ ਕੇਂਦਰ ਵਿਚ ਵੱਸਦਾ ਦੇਸ਼ ਹੈ। 1870 ਵਿਚ ਇੱਥੇ ਬੈਲਜੀਅਮ ਦਾ ਕਬਜ਼ਾ ਹੋ ਗਿਆ ਸੀ; 1885 ਵਿਚ ਯੂਰੋਪੀਅਨ ਤਾਕਤਾਂ ਦੀ ਬਰਲਿਨ ਵਿਚ ਹੋਈ ਕਾਨਫਰੰਸ ਦੌਰਾਨ ਇਹ ਪੂਰਾ ਦੇਸ਼ ਉਸ ਵੇਲੇ ਦੇ ਬੈਲਜੀਅਮ ਦੇ ਬਾਦਸ਼ਾਹ ਲਿਓਪੋਲਡ (ਦੂਸਰੇ) ਦੀ ਨਿੱਜੀ ਜਾਇਦਾਦ ਮੰਨਿਆ ਗਿਆ ਅਤੇ ਇਸ ਦਾ ਨਾਂ ‘ਆਜ਼ਾਦ ਰਿਆਸਤ ਕਾਂਗੋ’ (Free State of Congo) ਰੱਖਿਆ ਗਿਆ। 1885 ਤੋਂ 1908 ਤਕ ਲਿਓਪੋਲਡ (ਦੂਸਰੇ) ਦੀ ਅਗਵਾਈ ਵਿਚ ਅੰਨ੍ਹੀ ਲੁੱਟ ਮਚਾਈ ਗਈ। ਪਹਿਲਾਂ ਸਭ ਤੋਂ ਜ਼ਿਆਦਾ ਵਪਾਰ ਹਾਥੀ ਦੰਦ ਦਾ ਸੀ ਜਿਸ ਲਈ ਹਾਥੀ ਮਾਰੇ ਜਾਂਦੇ ਤੇ ਹਾਥੀ ਦੰਦ ਬੈਲਜੀਅਮ ਅਤੇ ਯੂਰੋਪ ਵਿਚ ਭੇਜੇ ਜਾਂਦੇ ਸਨ। ਇਸ ਤੋਂ ਬਾਅਦ ਕਬਾਇਲੀ ਲੋਕਾਂ ਤੋਂ ਰਬੜ ਦੀ ਜਬਰੀ ਖੇਤੀ ਕਰਵਾਈ ਗਈ। ਕਾਂਗੋ ਨੂੰ 1960 ਵਿਚ ਆਜ਼ਾਦੀ ਮਿਲੀ। ਦੇਸ਼ ਦੇ ਕਬੀਲਿਆਂ ਵਿਚ ਆਪਸੀ ਵੈਰ-ਵਿਰੋਧ ਬਹੁਤ ਜ਼ਿਆਦਾ ਸੀ। ਕਈ ਪਾਰਟੀਆਂ ਸਨ। ਬੈਲਜੀਅਮ ਸਰਕਾਰ ਆਜ਼ਾਦੀ ਦੇਣ ਲਈ ਤਾਂ ਮਜਬੂਰ ਸੀ ਪਰ ਉਹ ਕਾਂਗੋ ਵਿਚ ਆਪਣਾ ਪ੍ਰਭਾਵ ਅਤੇ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਜਾਰੀ ਰੱਖਣਾ ਚਾਹੁੰਦੀ ਸੀ। ਇਨ੍ਹਾਂ ਸਭ ਆਪਾ-ਵਿਰੋਧਾਂ ਦੇ ਚੱਲਦਿਆਂ ਜੋਸਫ ਕਾਸਾ-ਵੁਬੂ ਨੂੰ ਰਾਸ਼ਟਰਪਤੀ ਬਣਾਇਆ ਗਿਆ ਅਤੇ ਆਜ਼ਾਦੀ ਸੰਘਰਸ਼ ਦਾ ਆਗੂ ਪੈਟਰਿਸ ਲੰਮੂਬਾ ਜਿਸ ਦੀ ਪਾਰਟੀ ਨੇ ਚੋਣਾਂ ਜਿੱਤੀਆਂ ਸਨ, ਪ੍ਰਧਾਨ ਮੰਤਰੀ ਬਣਿਆ। ਦੇਸ਼ ਵਿਚ ਅਫ਼ਰਾ-ਤਫ਼ਰੀ ਮਚੀ ਹੋਈ ਸੀ, ਕਦੇ ਕਿਤੇ ਬਗ਼ਾਵਤ ਹੁੰਦੀ, ਕਦੇ ਕਿਤੇ। ਲੰਮੂਬਾ ਨੇ ਅਮਰੀਕਾ, ਕੈਨੇਡਾ ਤੇ ਸੰਯੁਕਤ ਰਾਸ਼ਟਰ ਨੂੰ ਮਦਦ ਲਈ ਅਪੀਲ ਕੀਤੀ ਪਰ ਕਿਸੇ ਨੇ ਬਾਂਹ ਨਾ ਫੜੀ। ਉਸ ਸਮੇਂ ਕਾਂਗੋ ’ਚ ਸੰਯੁਕਤ ਰਾਸ਼ਟਰ ਦੇ ਕੁਝ ਸੁਰੱਖਿਆ ਬਲ ਵੀ ਤਾਇਨਾਤ ਸਨ ਜਿਨ੍ਹਾਂ ਦੀ ਕਮਾਨ ਭਾਰਤੀ ਸਫ਼ੀਰ ਰਾਜੇਸ਼ਵਰ ਦਿਆਲ ਕੋਲ ਸੀ। 17 ਜਨਵਰੀ 1961 ਨੂੰ ਲੰਮੂਬਾ ਤੇ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ’ਚ ਅਮਰੀਕਾ ਦੀ ਖੁਫ਼ੀਆ ਏਜੰਸੀ ਸੀਆਈਏ ਅਤੇ ਇੰਗਲੈਂਡ ਦੀ ਖੁਫ਼ੀਆ ਏਜੰਸੀ ਐੱਮਆਈ ਸਿਕਸ ਦਾ ਹੱਥ ਸੀ। ਉਸ ਸਮੇਂ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੰਯੁਕਤ ਰਾਸ਼ਟਰ ’ਤੇ ਦਬਾਅ ਪਾ ਕੇ ਭਾਰਤੀ ਫ਼ੌਜ ਦੇ 4700 ਜਵਾਨ ਕਾਂਗੋ ’ਚ ਤਾਇਨਾਤ ਕੀਤੇ। ਅਮਨ ਕਾਇਮ ਹੋਣ ’ਤੇ 1964 ’ਚ ਸੰਯੁਕਤ ਰਾਸ਼ਟਰ ਦੀਆਂ ਫ਼ੌਜਾਂ ਕਾਂਗੋ ’ਚੋਂ ਕੱਢ ਲਈਆਂ ਗਈਆਂ।
ਯੂਰੋਪ ਅਤੇ ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ ਨੇ ਕਾਂਗੋ ਦੀ ਲੁੱਟ ਜਾਰੀ ਰੱਖੀ ਅਤੇ ਕਬੀਲਿਆਂ ਨੂੰ ਆਪਸ ਵਿਚ ਲੜਵਾਇਆ ਹੈ। 1996 ਵਿਚ ਕਾਂਗੋ ਵਿਚ ਫਿਰ ਵੱਡੀ ਪੱਧਰ ’ਤੇ ਬਗ਼ਾਵਤਾਂ ਹੋਈਆਂ। ਬਾਗ਼ੀਆਂ ਨੂੰ ਗੁਆਂਢੀ ਦੇਸ਼ਾਂ ਦੀ ਹਮਾਇਤ ਹਾਸਿਲ ਸੀ। ਇਸ ਨੂੰ ਕਾਂਗੋ ਦੀ ਪਹਿਲੀ ਜੰਗ ਕਿਹਾ ਜਾਂਦਾ ਹੈ। ਇਹ 1997 ਤਕ ਚੱਲੀ। ਕਾਂਗੋ ਦੀ ਦੂਸਰੀ ਜੰਗ 1998 ਵਿਚ ਸ਼ੁਰੂ ਹੋਈ ਅਤੇ 2003 ਤਕ ਚੱਲੀ। ਇਸ ਵਿਚ ਰਵਾਂਡਾ ਅਤੇ ਯੂਗਾਂਡਾ ਤੋਂ ਸਹਾਇਤਾ ਲੈ ਰਹੇ ਬਾਗ਼ੀਆਂ ਨੇ ਕਾਂਗੋ ਸਰਕਾਰ ਵਿਰੁੱਧ ਬਗ਼ਾਵਤਾਂ ਕੀਤੀਆਂ। ਸੰਯੁਕਤ ਰਾਸ਼ਟਰ ਨੇ 1999 ਵਿਚ ਇੱਥੇ ਫ਼ੌਜ, ਪੁਲੀਸ ਅਤੇ ਸਹਾਇਤਾ ਕਰਨ ਲਈ ਸਿਵਲੀਅਨ ਕਰਮਚਾਰੀ ਤਾਇਨਾਤ ਕੀਤੇ। 2010 ਤੋਂ 2013 ’ਚ ਇੱਥੇ ਤਾਇਨਾਤ ਕੀਤੇ ਗਏ ਫ਼ੌਜੀ ਦਸਤਿਆਂ ਦੀ ਅਗਵਾਈ ਭਾਰਤੀ ਥਲ ਸੈਨਾ ਦੇ ਲੈਫ਼ਟੀਨੈਂਟ ਜਰਨਲ ਚੰਦਰ ਪ੍ਰਕਾਸ਼ ਨੇ ਕੀਤੀ। ਭਾਰਤ ਕਾਂਗੋ ਸਰਕਾਰ ਦੀ ਮਾਲੀ ਸਹਾਇਤਾ ਵੀ ਕਰਦਾ ਰਿਹਾ ਹੈ ਅਤੇ ਕਾਂਗੋ ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਸਮਿਤੀ ਵਿਚ ਪੱਕੀ ਸੀਟ ਦੀ ਹਮਾਇਤ ਕੀਤੀ ਹੈ। ਬਾਗ਼ੀਆਂ ਨੇ ਪਹਿਲਾਂ ਵੀ ਸੰਯੁਕਤ ਰਾਸ਼ਟਰ ਦੁਆਰਾ ਤਾਇਨਾਤ ਕੀਤੇ ਦਸਤਿਆਂ ’ਤੇ ਹਮਲੇ ਕੀਤੇ ਸਨ। ਕਿਵੂ ਪ੍ਰਾਂਤ ਵਿਚ ਰਹਿੰਦੇ ਬਾਗ਼ੀਆਂ ਨੂੰ ਰਵਾਂਡਾ ਦੀ ਹਮਾਇਤ ਹਾਸਿਲ ਹੈ। ਸੰਯੁਕਤ ਰਾਸ਼ਟਰ ਦੇ ਦਸਤਿਆਂ ਦਾ ਕੰਮ ਸਰਕਾਰੀ ਫ਼ੌਜਾਂ ਅਤੇ ਬਾਗ਼ੀਆਂ ਵਿਚਕਾਰ ਫ਼ਾਸਲਾ ਬਣਾਈ ਰੱਖਣ ਦਾ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਕਾਂਗੋ ਦਾ ਮਸਲਾ ਸੁਹਿਰਦਤਾ ਨਾਲ ਹੱਲ ਕਰਵਾਉਣਾ ਚਾਹੀਦਾ ਹੈ।