ਭਾਰਤੀ ਜਨਤਾ ਪਾਰਟੀ ਹਿਮਾਚਲ ਪ੍ਰਦੇਸ਼ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਬਾਰੇ ਚਿੰਤਤ ਦਿਖਾਈ ਦੇ ਰਹੀ ਹੈ। ਉਸ ਦਾ ਫ਼ਿਕਰ ਆਮ ਆਦਮੀ ਪਾਰਟੀ ਦੀ ਸੂਬੇ ਵਿਚ ਆਮਦ ’ਤੇ ਕੇਂਦਰਿਤ ਹੈ। ਪੰਜਾਬ ਵਿਚ ਵੱਡੀ ਜਿੱਤ ਤੋਂ ਬਾਅਦ ‘ਆਪ’ ਕੌਮੀ ਪਾਰਟੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕੱਠਿਆਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਦੌਰੇ ਕੀਤੇ ਹਨ ਜਿਨ੍ਹਾਂ ਦੌਰਾਨ ਇਸ ਸਿਆਸੀ ਜੋੜੀ ਨੇ ਲੋਕਾਂ ਦਾ ਧਿਆਨ ਖਿੱਚਿਆ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ।
ਬਦਲਣਾ, ਬਦਲਾਉ ਲੋਚਣਾ ਅਤੇ ਕਰਨਾ ਮਨੁੱਖ ਦਾ ਸੁਭਾਅ ਹੈ। ਤਬਦੀਲੀ ਸ਼ਾਇਦ ਸਮਾਜ ਦਾ ਅਜਿਹਾ ਇਕੱਲਾ ਨਿਯਮ ਹੈ ਜੋ ਕਦੀ ਨਹੀਂ ਬਦਲਿਆ। ਮਨੁੱਖ ਸਮਾਜ ਅਤੇ ਇਤਿਹਾਸ ਵਿਚ ਠਹਿਰਾਉ ਵੀ ਪਸੰਦ ਕਰਦੇ ਹਨ ਪਰ ਕੋਈ ਤਾਕਤ ਜਾਂ ਵਰਤਾਰਾ ਸਦੀਵੀ ਨਹੀਂ ਹੋ ਸਕਦਾ; ਸਿਰਫ਼ ਤਬਦੀਲੀ ਹੀ ਸਦੀਵੀ ਹੈ। ਭਾਜਪਾ ਗੁਜਰਾਤ ਵਿਚ 1998 ਤੋਂ ਲਗਾਤਾਰ ਸੱਤਾ ਵਿਚ ਹੈ। ਹਿਮਾਚਲ ਪ੍ਰਦੇਸ਼ ਵਿਚ 1977 ਤੋਂ ਬਾਅਦ ਲਗਭਗ ਹਰ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਅਤੇ ਭਾਜਪਾ ਵਾਰੀ ਵਾਰੀ ਸੱਤਾ ਵਿਚ ਆਉਂਦੀਆਂ ਰਹੀਆਂ ਹਨ। ਇਸ ਤਰ੍ਹਾਂ ਭਾਜਪਾ ਗੁਜਰਾਤ ਨੂੰ ਆਪਣੀ ਤਾਕਤ ਦਾ ਗੜ੍ਹ ਸਮਝਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਇਸ ਸੂਬੇ ਨਾਲ ਸਬੰਧਿਤ ਹੋਣ ਕਾਰਨ ਉਸ ਨੂੰ ਵਿਸ਼ਵਾਸ ਹੈ ਕਿ ਉਹ ਗੁਜਰਾਤ ਵਿਚ ਆਪਣੀ ਸੱਤਾ ਕਾਇਮ ਰੱਖ ਸਕੇਗੀ। ਉਸ ਨੂੰ ਜ਼ਿਆਦਾ ਚਿੰਤਾ ਹਿਮਾਚਲ ਪ੍ਰਦੇਸ਼ ਬਾਰੇ ਹੈ ਪਰ ਸਿਆਸੀ ਮਾਹਿਰਾਂ ਅਨੁਸਾਰ ‘ਆਪ’ ਜ਼ਿਆਦਾਤਰ ਕਾਂਗਰਸ ਦੇ ਸਿਆਸੀ ਆਧਾਰ ’ਤੇ ਕਬਜ਼ਾ ਕਰਦੀ ਹੈ ਅਤੇ ਇਸ ਤਰ੍ਹਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ‘ਆਪ’ ਦੀਆਂ ਸਰਗਰਮੀਆਂ ਕਾਂਗਰਸ ਨੂੰ ਨੁਕਸਾਨਦੇਹ ਹੋਣ ਕਾਰਨ ਭਾਜਪਾ ਨੂੰ ਫ਼ਾਇਦਾ ਪਹੁੰਚਾਉਣਗੀਆਂ। ਇਹ ਵਰਤਾਰਾ ਹੁਣੇ ਹੁਣੇ ਗੋਆ ਅਤੇ ਉੱਤਰਾਖੰਡ ਵਿਚ ਹੋਈਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੌਰਾਨ ਦੇਖਿਆ ਵੀ ਗਿਆ ਹੈ ਪਰ ਦਿੱਲੀ ਤੋਂ ਬਾਅਦ ਪੰਜਾਬ ਵਿਚ ‘ਆਪ’ ਦੀ ਹੂੰਝਾ-ਫੇਰੂ ਜਿੱਤ ਨੇ ਭਾਜਪਾ ਦੀ ਚਿੰਤਾ ਵਧਾ ਦਿੱਤੀ ਹੈ। ਭਾਜਪਾ ਨੂੰ ਲੱਗਦਾ ਹੈ ਕਿ ‘ਆਪ’ ਕਾਂਗਰਸ ਦੇ ਸਿਆਸੀ ਆਧਾਰ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੈ ਪਰ ਉਹ ਅਜਿਹੀ ਲਹਿਰ ਬਣਾਉਣ ਵਿਚ ਵੀ ਕਾਮਯਾਬ ਹੋ ਸਕਦੀ ਹੈ ਜੋ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਦੇਵੇ। ਦਿੱਲੀ ਦਾ ਤਜਰਬਾ ਦੱਸਦਾ ਹੈ ਕਿ ‘ਆਪ’ ਦੀ ਸਫ਼ਲਤਾ ਥੋੜ੍ਹ-ਚਿਰੀ ਨਹੀਂ ਸਗੋਂ ਲੰਮੇ ਸਮੇਂ ਲਈ ਹੋ ਸਕਦੀ ਹੈ।
ਇਸ ਚਿੰਤਾ ਕਾਰਨ ਹੀ ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿਚ ‘ਆਪ’ ’ਤੇ ਹਮਲਾ ਬੋਲ ਦਿੱਤਾ ਹੈ। ਪਹਿਲਾਂ ‘ਆਪ’ ਦਾ ਸੂਬਾ ਪ੍ਰਧਾਨ ਅਨੂਪ ਕੇਸਰੀ, ਸਤੀਸ਼ ਠਾਕੁਰ ਅਤੇ ਹੋਰ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ। ਬਾਅਦ ਵਿਚ ‘ਆਪ’ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਮਮਤਾ ਠਾਕੁਰ, ਉੱਪ ਪ੍ਰਧਾਨ ਸੋਨੀਆ ਬਿੰਦਲ ਤੇ ਸੰਗੀਤਾ ਅਤੇ ਕਈ ਹੋਰ ਨੇਤਾਵਾਂ ਨੇ ‘ਆਪ’ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ‘ਆਪ’ ਨੇ ਆਪਣੀ ਸੂਬਾ ਕਮੇਟੀ ਅਤੇ ਜ਼ਿਲ੍ਹਾ ਕਮੇਟੀਆਂ ਭੰਗ ਕਰ ਦਿੱਤੀਆਂ ਹਨ। ਸਪੱਸ਼ਟ ਹੈ ਕਿ ‘ਆਪ’ ਦੇ ਆਗੂਆਂ ਨੂੰ ਏਨੀ ਵੱਡੀ ਪੱਧਰ ’ਤੇ ਭਾਜਪਾ ਵਿਚ ਸ਼ਾਮਲ ਕਰਵਾਉਣਾ ਭਾਜਪਾ ਦੀ ਸੋਚੀ-ਸਮਝੀ ਸਿਆਸੀ ਚਾਲ ਹੈ। ਇਸ ਵਿਚ ਝਲਕਦੀ ਚਿੰਤਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਬਿਆਨ ਵਿਚੋਂ ਵੀ ਦਿਖਾਈ ਦਿੰਦੀ ਹੈ ਜਿਸ ਵਿਚ ਉਸ ਨੇ ਕਿਹਾ ਹੈ, ‘‘ਕੇਜਰੀਵਾਲ ਜੀ, ਤੁਹਾਨੂੰ ਦੇਵਭੂਮੀ (ਭਾਵ ਹਿਮਾਚਲ ਪ੍ਰਦੇਸ਼) ਤੋਂ ਚੋਣ ਲੜਨ ਲਈ ਉਮੀਦਵਾਰ ਵੀ ਦੂਰਬੀਨ ਲੈ ਕੇ ਢੂੰਡਣੇ ਪੈਣਗੇ।’’ ਭਾਜਪਾ ਨੇ ‘ਆਪ’ ਦੀ ਜਥੇਬੰਦਕ ਤਾਕਤ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ‘ਆਪ’ ਦੀ ਸਫ਼ਲਤਾ ਨਾ ਤਾਂ ਜਥੇਬੰਦਕ ਤਾਕਤ ’ਤੇ ਨਿਰਭਰ ਕਰਦੀ ਹੈ ਅਤੇ ਨਾ ਹੀ ਵਿਚਾਰਧਾਰਾ ’ਤੇ; ਉਸ ਦਾ ਸਾਰਾ ਦਾਰੋਮਦਾਰ ਅਰਵਿੰਦ ਕੇਜਰੀਵਾਲ ਦੀ ਸ਼ਖ਼ਸੀਅਤ ’ਤੇ ਕੇਂਦਰਿਤ ਹੈ। ਇਸ ਦੇ ਬਾਵਜੂਦ ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ‘ਆਪ’ ਨੇ ਸੂਬੇ ਵਿਚ ਪਾਰਟੀ ਕਿਹੋ ਜਿਹੇ ਵਿਅਕਤੀਆਂ ਦੇ ਹੱਥਾਂ ਵਿਚ ਸੌਂਪੀ ਸੀ ਜੋ ਸਾਰੇ ਦੇ ਸਾਰੇ ਵਿਰੋਧੀ ਪਾਰਟੀ ਵਿਚ ਚਲੇ ਗਏ। ‘ਆਪ’ ਦਿੱਲੀ ਮਾਡਲ ਦੇ ਆਧਾਰ ’ਤੇ ਵਿੱਦਿਆ, ਸਿਹਤ, ਪਾਣੀ, ਬਿਜਲੀ ਤੇ ਬੁਨਿਆਦੀ ਢਾਂਚੇ ਦੇ ਹੋਰ ਖੇਤਰਾਂ ਵਿਚ ਕਾਰਜਕੁਸ਼ਲਤਾ ਨਾਲ ਕੰਮ ਕਰਨ ਅਤੇ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਦੇ ਏਜੰਡੇ ’ਤੇ ਵੋਟਾਂ ਮੰਗਦੀ ਹੈ। ਦੇਸ਼ ਦੀ ਸਿਆਸੀ ਜਮਾਤ ਦਾ ਪਤਨ ਏਨਾ ਡੂੰਘਾ ਹੈ ਕਿ ਪੰਜਾਬ ਦੇ ਲੋਕਾਂ ਨੇ ਇਸੇ ਏਜੰਡੇ ਦੇ ਆਧਾਰ ’ਤੇ ‘ਆਪ’ ਦੀ ਭਰਪੂਰ ਹਮਾਇਤ ਕੀਤੀ ਹੈ। ਭਾਜਪਾ ਵੀ ਅਜਿਹੇ ਪਤਨ ਦਾ ਸ਼ਿਕਾਰ ਹੈ। ਹਾਲ ਦੀ ਘੜੀ ਉਸ ਨੇ ਹਿਮਾਚਲ ਪ੍ਰਦੇਸ਼ ਵਿਚ ‘ਆਪ’ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।