ਅਫ਼ਗਾਨਿਸਤਾਨ ਵਿਚ ਧਾਰਮਿਕ ਕੁੜੱਤਣ ਲਗਾਤਾਰ ਵਧ ਰਹੀ ਹੈ। ਰਮਜ਼ਾਨ ਦੇ ਮਹੀਨੇ ਨੂੰ ਮੁਸਲਮਾਨ ਭਾਈਚਾਰੇ ਵਿਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸ਼ੁੱਕਰਵਾਰ ਕਾਬੁਲ ਦੀ ਖ਼ਲੀਫ਼ਾ ਸਾਹਿਬ ਮਸਜਿਦ ਵਿਚ ਹੋਏ ਧਮਾਕੇ ਵਿਚ 66 ਤੋਂ ਜ਼ਿਆਦਾ ਵਿਅਕਤੀ ਮਾਰੇ ਗਏ ਅਤੇ 78 ਤੋਂ ਜ਼ਿਆਦਾ ਜ਼ਖ਼ਮੀ ਹੋਏ। ਇਹ ਮਸਜਿਦ ਭਾਵੇਂ ਸੁੰਨੀ ਮੁਸਲਮਾਨਾਂ ਦੀ ਹੈ ਪਰ ਇੱਥੇ ਇਕੱਠੇ ਹੋਏ ਵਿਅਕਤੀ ਸੂਫ਼ੀ ਪਰੰਪਰਾ ਦੇ ਸ਼ਰਧਾਲੂ ਸਨ ਅਤੇ ਮੂਲਵਾਦੀ ਤੇ ਕੱਟੜਪੰਥੀ ਤੱਤ ਸੂਫ਼ੀ ਪਰੰਪਰਾਵਾਂ ਦਾ ਵਿਰੋਧ ਕਰਦੇ ਰਹੇ ਹਨ। ਰਵਾਇਤੀ ਤੌਰ ’ਤੇ ਅਫ਼ਗਾਨਿਸਤਾਨ ਵਿਚ ਸੂਫ਼ੀਆਂ ਦਾ ਪ੍ਰਭਾਵ ਕਾਫ਼ੀ ਜ਼ਿਆਦਾ ਰਿਹਾ ਹੈ ਅਤੇ ਨਕਸ਼ਬੰਦੀ, ਕਾਦਰੀ ਅਤੇ ਚਿਸ਼ਤੀ ਸਿਲਸਿਲਿਆਂ ਨੇ ਅਫ਼ਗਾਨਿਸਤਾਨ ’ਚ ਇਸਲਾਮ ਫੈਲਾਉਣ ਵਿਚ ਵੱਡੀ ਭੂਮਿਕਾ ਨਿਭਾਈ। 1978 ਵਿਚ ਕਮਿਊਨਿਸਟ ਇਨਕਲਾਬ ਤੋਂ ਬਾਅਦ 1979 ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਅਫ਼ਗਾਨਿਸਤਾਨ ਵਿਚ ਦਾਖ਼ਲ ਹੋਈਆਂ। ਅਮਰੀਕਾ ਨੇ ਸੋਵੀਅਤ ਯੂਨੀਅਨ ਨਾਲ ਲੜਨ ਲਈ ਸਾਊਦੀ ਅਰਬ ਦੇ ਹਾਕਮਾਂ ਤੇ ਮੁਲਾਣਿਆਂ ਦੀ ਮਦਦ ਨਾਲ ਪਾਕਿਸਤਾਨ ’ਚ ਮਦਰੱਸੇ ਖੋਲ੍ਹੇ ਜਿਨ੍ਹਾਂ ’ਚ ਜਹਾਦੀਆਂ ਨੂੰ ਸਿੱਖਿਆ ਦੇ ਕੇ ਅਫ਼ਗਾਨਿਸਤਾਨ ’ਚ ਲੜਨ ਭੇਜਿਆ ਜਾਂਦਾ ਸੀ। ਇਨ੍ਹਾਂ ਮਦਰੱਸਿਆਂ ਨੇ ਪਾਕਿਸਤਾਨ ਤੇ ਅਫ਼ਗਾਨਿਸਤਾਨ ’ਚ ਸਾਊਦੀ ਅਰਬ ’ਚ ਪਨਪੇ ਵਹਾਬੀ ਫ਼ਿਰਕੇ ਦਾ ਪ੍ਰਭਾਵ ਵਧਾਇਆ। ਇਹ ਫ਼ਿਰਕਾ ਸੂਫ਼ੀਆਂ ਦਾ ਵਿਰੋਧ ਕਰਦਾ ਹੈ। ਤਾਲਿਬਾਨ ’ਚ ਵਹਾਬੀ ਪ੍ਰਭਾਵ ਹੋਣ ਕਾਰਨ ਅਫ਼ਗਾਨਿਸਤਾਨ ਦੇ ਸੂਫ਼ੀ ਸ਼ਰਧਾਲੂਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਤਾਲਿਬਾਨ ਦੀ ਪਹਿਲੀ ਸਰਕਾਰ (1996-2001) ਦੌਰਾਨ ਵੀ ਸੂਫ਼ੀ ਦਰਗਾਹਾਂ ਅਤੇ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਤਿਹਾਸ ਦਾ ਵਿਰੋਧਾਭਾਸ ਹੈ ਕਿ ਕੱਟੜਪੰਥੀ ਲੋਕਾਂ ਨੂੰ ਇਸਲਾਮ ਵੱਲ ਖਿੱਚਣ ਵਾਲੇ ਸੂਫ਼ੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਵਿਚ ਦੂਰਗ਼ਾਮੀ ਪ੍ਰਭਾਵ ਪਾਉਣ ਵਾਲੇ ਚਿਸ਼ਤੀ ਸਿਲਸਿਲੇ ਦਾ ਆਰੰਭ ਅਫ਼ਗਾਨਿਸਤਾਨ ਦੇ ਹੈਰਾਤ ਸੂਬੇ ਦੇ ਸ਼ਹਿਰ ਚਿਸ਼ਤ-ਏ-ਸ਼ਰੀਫ਼ ਤੋਂ ਹੋਇਆ ਸੀ। ਭਾਰਤ ਵਿਚ ਖਵਾਜਾ ਮੋਇਨੁਦੀਨ ਚਿਸ਼ਤੀ ਨੇ ਇਸ ਸਿਲਸਿਲੇ ਦੀ ਨੀਂਹ ਰੱਖੀ। ਉਨ੍ਹਾਂ ਤੋਂ ਬਾਅਦ ਗੱਦੀ ਹਜ਼ਰਤ ਕੁਤਬਉਦੀਨ ਬਖ਼ਤਿਆਰ ਕਾਕੀ ਨੂੰ ਮਿਲੀ ਅਤੇ ਉਸ ਤੋਂ ਬਾਅਦ ਬਾਬਾ ਸ਼ੇਖ ਫ਼ਰੀਦ ਜੀ ਨੂੰ। ਸ਼ੇਖ ਫ਼ਰੀਦ ਜੀ ਨੇ ਲਹਿੰਦੇ ਪੰਜਾਬ ਵਿਚ ਪਾਕਪਟਨ ਦੇ ਸਥਾਨ ’ਤੇ ਰਹਿ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ। ਚਿਸ਼ਤੀ ਪਰੰਪਰਾ ਵਿਚ ਸੰਗੀਤ ਅਤੇ ਗਾਇਨ ਦਾ ਖ਼ਾਸ ਮਹੱਤਵ ਹੈ। ਅਫ਼ਗਾਨਿਸਤਾਨ ਵਿਚ ਸੂਫ਼ੀਆਂ ਦੇ ਵੱਡੇ ਧਾਰਮਿਕ ਅਸਥਾਨ ਹਨ ਅਤੇ ਉਹ ਇਸਲਾਮ ਦੇ ਬਾਨੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨਾਲ ਸਬੰਧਿਤ ਦਿਨਾਂ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ। 2012 ਅਤੇ 2018 ਵਿਚ ਵੀ ਅਜਿਹੇ ਧਮਾਕਿਆਂ ਵਿਚ ਸੂਫ਼ੀ ਵਿਦਵਾਨ ਅਤੇ ਸ਼ਰਧਾਲੂ ਜ਼ਖ਼ਮੀ ਹੋਏ ਸਨ।
ਤਾਲਿਬਾਨ ਨੇ ਅਮਰੀਕਾ ਵਿਰੁੱਧ ਵੀ ਵੱਡੀ ਜੰਗ ਲੜੀ ਅਤੇ ਅਮਰੀਕਨ ਫ਼ੌਜਾਂ ਨੂੰ ਅਫ਼ਗਾਨਿਸਤਾਨ ਛੱਡਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਇਸ ਵਾਰ ਉਹ ਔਰਤਾਂ, ਬੱਚਿਆਂ ਅਤੇ ਧਾਰਮਿਕ ਘੱਟਗਿਣਤੀਆਂ ਨਾਲ ਚੰਗਾ ਵਰਤਾਓ ਕਰਨਗੇ ਪਰ ਉਹ ਆਪਣੇ ਵਾਅਦਿਆਂ ’ਤੇ ਖ਼ਰੇ ਨਹੀਂ ਉੱਤਰੇ। ਹਿੰਦੂਆਂ, ਸਿੱਖਾਂ, ਈਸਾਈਆਂ ਤੇ ਸ਼ੀਆ ਭਾਈਚਾਰੇ ਦੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਔਰਤਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਵਿਦਿਆ ਤੋਂ ਵਿਰਵਿਆਂ ਰੱਖਿਆ ਗਿਆ ਹੈ। ਲਬਿਾਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਸੂਫ਼ੀਆਂ ਦੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਉਣਾ ਦੱਸਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਕੁੜੱਤਣ ਭਰੀ ਜਾ ਰਹੀ ਹੈ। ਸਮਾਜ ਸ਼ਾਸਤਰੀਆਂ ਅਨੁਸਾਰ ਜਦੋਂ ਸਮਾਜ ਨੂੰ ਇਕ ਵਾਰ ਨਫ਼ਰਤ ਕਰਨ ਦੀ ਆਦਤ ਪੈ ਜਾਵੇ ਤਾਂ ਉਹ ਬਹੁਤ ਦੂਰ ਤਕ ਮੌਜੂਦ ਰਹਿੰਦੀ ਹੈ। ਅਫ਼ਗਾਨਿਸਤਾਨ ਵਿਚ ਕੱਟੜਪੰਥੀ ਤਾਕਤਾਂ ਲਗਾਤਾਰ ਨਫ਼ਰਤ ਵਧਾ ਰਹੀਆਂ ਹਨ। ਅਫ਼ਗਾਨੀ ਤਾਲਿਬਾਨ ਦਾ ਪਾਕਿਸਤਾਨੀ ਤਾਲਿਬਾਨ ਅਤੇ ਪਾਕਿਸਤਾਨੀ ਫ਼ੌਜ ਨਾਲ ਟਕਰਾਅ ਵੀ ਵਧਿਆ ਹੈ। ਇਸ ਸਭ ਕੁਝ ਦੇ ਬਾਵਜੂਦ ਕੱਟੜਪੰਥੀ ਧਾਰਮਿਕ ਅਤੇ ਸਿਆਸੀ ਆਗੂ ਧਰਮ ਤੇ ਨਫ਼ਰਤ ਨੂੰ ਆਪਣੀ ਸੱਤਾ ਅਤੇ ਤਾਕਤ ਕਾਇਮ ਰੱਖਣ ਲਈ ਵਰਤ ਰਹੇ ਹਨ। ਇਹ ਰੁਝਾਨ ਅਫ਼ਗਾਨ ਸਮਾਜ ਦੇ ਨਾਲ ਨਾਲ ਦੱਖਣੀ ਏਸ਼ੀਆ ਦੇ ਦੂਸਰੇ ਦੇਸ਼ਾਂ ਵਿਚ ਵੀ ਪਨਪ ਰਹੇ ਹਨ। ਕੌਮਾਂਤਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਵਿਚ ਦਖ਼ਲ ਵਧਾ ਕੇ ਕੁੜੱਤਣ ਘਟਾਉਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ।