ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਪੰੰਜਾਬ ਅੰਦਰ ਮੁੱਦਿਆਂ ਨਾਲੋਂ ਚਿਹਰਿਆਂ ਦੀ ਸਿਆਸਤ ਹਮੇਸ਼ਾ ਭਾਰੂ ਰਹੀ ਹੈ। ਇਸੇ ਕਰਕੇ ਹਰ ਪਾਰਟੀ ਤੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ। ਪਾਰਟੀਆਂ ਆਪਣੀ ਸਹੂਲਤ ਮੁਤਾਬਿਕ ਉਮੀਦਵਾਰ ਐਲਾਨਦੀਆਂ ਰਹੀਆਂ ਹਨ ਅਤੇ ਕਈ ਵਾਰ ਚੋਣਾਂ ਤੋਂ ਪਹਿਲਾਂ ਉਮੀਦਵਾਰ ਬਾਰੇ ਐਲਾਨ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 2017 ਵਿਚ ਕਾਂਗਰਸ ਹਾਈਕਮਾਨ ’ਤੇ ਦਬਾਅ ਪਾ ਕੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਮਜਬੂਰ ਕੀਤਾ ਸੀ। ਇਸ ਵਾਰ ਕਾਂਗਰਸ ਚਿਹਰਾ ਐਲਾਨਣ ਤੋਂ ਝਿਜਕ ਰਹੀ ਹੈ ਪਰ ਨਵਜੋਤ ਸਿੱਧੂ ਲਗਾਤਾਰ ਚਿਹਰਾ ਐਲਾਨਣ ਉੱਤੇ ਜ਼ੋਰ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ੁਰੂ ਤੋਂ ਹੀ ਬਾਦਲ ਪਰਿਵਾਰ ਦੇ ਦਬਦਬੇ ਕਾਰਨ ਮੁੱਖ ਮੰਤਰੀ ਦਾ ਚਿਹਰੇ ਬਾਰੇ ਕੋਈ ਵਾਦ-ਵਿਵਾਦ ਨਹੀਂ ਹੁੰਦਾ; ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਫਿਰ ਚੋਣਾਂ ਲੜ ਰਹੇ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਰਹੇ ਹਨ ਕਿ ‘ਆਪ’ ਪੰਜਾਬ ਦੇ ਮੁੱਖ ਮੰਤਰੀ ਲਈ ਅਜਿਹੇ ਨਾਮ ਦਾ ਐਲਾਨ ਕਰੇਗੀ ਜਿਸ ਉੱਤੇ ਸਾਰੇ ਪੰਜਾਬੀ ਮਾਣ ਕਰਨਗੇ। ਭਗਵੰਤ ਮਾਨ ਨੇ ਚਿਹਰਾ ਨਾ ਐਲਾਨਣ ਕਰਕੇ ਲਗਭੱਗ ਡੇਢ ਮਹੀਨੇ ਤੱਕ ਪਾਰਟੀ ਸਰਗਰਮੀਆਂ ਤੋਂ ਦੂਰੀ ਬਣਾਈ ਰੱਖੀ ਸੀ।

ਅਰਵਿੰਦ ਕੇਜਰੀਵਾਲ ਨੇ ਹੁਣ ਇਕ ਟੈਲੀਫ਼ੋਨ ਨੰਬਰ ਦੇ ਕੇ ਸਮੁੱਚੇ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਹੈ ਕਿ ‘ਆਪ’ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇ। ਉਨ੍ਹਾਂ ਇਸ ਨੂੰ ਭਾਰਤ ਅੰਦਰ ਪਹਿਲੀ ਵਾਰ ਲੋਕਾਂ ਨੂੰ ਇੰਨਾ ਵੱਡਾ ਹੱਕ ਦੇਣ ਵਾਲਾ ਫ਼ੈਸਲਾ ਕਰਾਰ ਦਿੱਤਾ ਹੈ। ਸ਼ੁਰੂਆਤੀ ਦੌਰ ਵਿਚ ‘ਆਪ’ ਨੇ ਦਿੱਲੀ ਵਿਚ ਵਲੰਟੀਅਰਾਂ ਦੀ ਰਾਇ ਨਾਲ ਟਿਕਟਾਂ ਦੇਣ ਅਤੇ ਹਾਈਕਮਾਨ ਸੱਭਿਆਚਾਰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ; ਬਾਅਦ ਵਿਚ ਟਿਕਟਾਂ ਦੀ ਵੰਡ ਦੇ ਤਰੀਕਿਆਂ ਵਿਚ ਹੋਇਆ ਬਦਲਾਅ ਜੱਗ ਜ਼ਾਹਿਰ ਹੈ। ਸਾਰੀਆਂ ਪਾਰਟੀਆਂ ਵਿਚ ਅੰਦਰੂਨੀ ਜਮਹੂਰੀਅਤ ਦੀ ਗਿਰਾਵਟ ਦੀਆਂ ਗੱਲਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ ਪਰ ‘ਆਪ’ ਵੀ ਵੱਖਰੀ ਪਾਰਟੀ ਵਜੋਂ ਆਪਣਾ ਅਕਸ ਕਾਇਮ ਨਹੀਂ ਰੱਖ ਸਕੀ। ਜਮਹੂਰੀਅਤ ਅੰਦਰ ਚੁਣੇ ਹੋਏ ਵਿਧਾਇਕਾਂ ਦੀ ਬਹੁਗਿਣਤੀ ਮੁੱਖ ਮੰਤਰੀ ਦੀ ਚੋਣ ਕਰਦੀ ਹੈ। ਸਾਡੇ ਤੰਤਰ ਵਿਚ ਪਹਿਲਾਂ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਹੱਕ ਵਿਧਾਇਕਾਂ ਤੋਂ ਲੈ ਕੇ ਹਾਈਕਮਾਨ ਨੂੰ ਦੇ ਦਿੱਤਾ ਗਿਆ ਹੈ।

ਜਮਹੂਰੀਅਤ ਦੀ ਮੰਗ ਇਹ ਵੀ ਹੈ ਕਿ ਹਰ ਹਲਕੇ ਦੇ ਉਮੀਦਵਾਰ ਦੀ ਚੋਣ ਸਬੰਧਿਤ ਹਲਕੇ ਦੇ ਪਾਰਟੀ ਦੇ ਕਾਰਕੁਨਾਂ ਦੀ ਰਾਇ ਨਾਲ ਹੋਣੀ ਚਾਹੀਦੀ ਹੈ। ਜੇ ਮੁੱਖ ਮੰਤਰੀ ਦੀ ਚੋਣ ਪਹਿਲਾਂ ਵੀ ਕਰਨੀ ਹੈ ਤਾਂ ਚੋਣ ਲੜਨ ਵਾਲੇ 117 ਉਮੀਦਵਾਰਾਂ ਦੀ ਰਾਇ ਨਾਲ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ‘ਆਪ’ ਦਾ ਲੋਕਾਂ ਦੀ ਰਾਇ ਲੈਣ ਦਾ ਫ਼ੈਸਲਾ ਹਵਾ ਵਿਚ ਦਾਗ਼ੇ ਤੀਰ ਵਾਂਗ ਹੈ। ਜੇ ਪਾਰਟੀ ਕੁਝ ਨਾਵਾਂ ਦਾ ਐਲਾਨ ਕਰਦੀ ਤਾਂ ਲੋਕ ਆਪਣੀ ਰਾਇ ਬਿਹਤਰ ਢੰਗ ਨਾਲ ਦੇ ਸਕਦੇ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਲਈ ਪਾਰਟੀ ਤੋਂ ਬਾਹਰਲੇ ਆਗੂਆਂ ਦੇ ਨਾਵਾਂ ਦੀ ਚਰਚਾ ਹੁੰਦੀ ਰਹੀ ਹੈ ਅਤੇ ਉਹ ਇਕ ਇਕ ਕਰ ਕੇ ਖਾਰਿਜ ਹੁੰਦੇ ਰਹੇ ਹਨ। ‘ਆਪ’ ਦੁਆਰਾ ਮੁੱਖ ਮੰਤਰੀ ਦੇ ਅਹੁਦੇ ਲਈ ਅਪਣਾਇਆ ਗਿਆ ਇਹ ਨਵਾਂ ਤਰੀਕਾ ਕਈ ਤਰ੍ਹਾਂ ਦੇ ਵਿਵਾਦਾਂ ਨੂੰ ਜਨਮ ਦੇਣ ਵਾਲਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹਿਰ

View All