ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2021 ਨੂੰ ਲਾਲ ਕਿਲ੍ਹੇ ਤੋਂ ਆਪਣੀ ਸਰਕਾਰ ਦੀਆਂ ਕਾਰਵਾਈਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਅਤੇ ‘ਸਬ ਕਾ ਸਾਥ, ਸਬ ਕਾ ਪ੍ਰਯਾਸ’ ਦੇ ਪ੍ਰਣ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 100 ਲੱਖ ਕਰੋੜ ਰੁਪਏ ਦੀ ‘ਗਤੀ ਸ਼ਕਤੀ ਕੌਮੀ ਬੁਨਿਆਦੀ ਢਾਂਚਾ ਯੋਜਨਾ (Gati Shakti National Infrastructure Plan)’ ਬਾਰੇ ਐਲਾਨ ਕਰਦਿਆਂ ਕਿਹਾ ਕਿ ਇਹ ਯੋਜਨਾ ਦੇਸ਼ ਦੇ ਅਰਥਚਾਰੇ ਨੂੰ ਹੁਲਾਰਾ ਦੇਵੇਗੀ। ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਮਨਾਉਣ ਲਈ 75 ਹਫ਼ਤਿਆਂ ਵਿਚ 75 ‘ਵੰਦੇ ਮਾਤਰਮ’ ਰੇਲ ਗੱਡੀਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ਨੂੰ ਜੋੜਨਗੀਆਂ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ਵਿਚ ਆਉਣ ਵਾਲੇ 25 ਵਰ੍ਹਿਆਂ (ਜਦ ਆਜ਼ਾਦੀ ਦੇ ਸੌ ਸਾਲ ਪੂਰੇ ਹੋ ਜਾਣਗੇ) ਵਿਚ ਦੇਸ਼ ਦੇ ਭਵਿੱਖ ਬਾਰੇ ਆਪਣੇ ਵਿਚਾਰ/ਵਿਜ਼ਨ (Vision) ਪੇਸ਼ ਕਰਨ ਦਾ ਯਤਨ ਕੀਤਾ ਅਤੇ 75ਵੇਂ ਆਜ਼ਾਦੀ ਦਿਵਸ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦੱਸਿਆ। ਕੋਵਿਡ-19 ਮਹਾਮਾਰੀ ਵਿਰੁੱਧ ਲੜਨ ਵਾਲੇ ਕਾਮਿਆਂ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਦਾਅਵਾ ਸੀ ਕਿ ਜੰਮੂ ਕਸ਼ਮੀਰ ਵਿਚ ਹੋਈ ਤਰੱਕੀ ਸਭ ਦੇ ਸਾਹਮਣੇ ਹੈ।
ਪ੍ਰਧਾਨ ਮੰਤਰੀ ਨੇ ਕੁੜੀਆਂ ਲਈ ਸੈਨਿਕ ਸਕੂਲ ਖੋਲ੍ਹਣ ਦਾ ਐਲਾਨ ਕੀਤਾ। ਕਿਸਾਨਾਂ ਨੂੰ ਯਾਦ ਕਰਦਿਆਂ, ‘‘ਛੋਟਾ ਕਿਸਾਨ ਬਣੇ ਦੇਸ਼ ਕੀ ਸ਼ਾਨ’’ ਦਾ ਨਾਅਰਾ ਪੇਸ਼ ਕੀਤਾ ਗਿਆ। ਹੁਣੇ ਹੋਈਆਂ ਓਲੰਪਿਕ ਖੇਡਾਂ ਵਿਚ ਦੇਸ਼ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ; ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਖੇਡਾਂ ਨੂੰ ਦੇਸ਼ ਦੀ ਵਿੱਦਿਆ ਨੀਤੀ ਵਿਚ ਸ਼ਾਮਿਲ ਕਰਨ ਦਾ ਵਾਅਦਾ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ 100 ਫ਼ੀਸਦੀ ਪਿੰਡਾਂ ਤਕ ਸੜਕਾਂ ਬਣਾਉਣ, ਪਰਿਵਾਰਾਂ ਨੂੰ 100 ਫ਼ੀਸਦੀ ਬੈਂਕਾਂ ਨਾਲ ਜੋੜਨ ਅਤੇ ਲਾਭਪਾਤਰੀਆਂ ਨੂੰ 100 ਫ਼ੀਸਦੀ ਅੰਸ਼ੁਮਨ ਭਾਰਤ ਕਾਰਡ ਦੇਣ ਦੇ ਯਤਨ ਕਰ ਰਹੀ ਹੈ। ਵਾਤਾਵਰਨ ਬਾਰੇ ਦਾਅਵਾ ਕੀਤਾ ਗਿਆ ਕਿ ਭਾਰਤ 2030 ਤਕ ਵਾਯੂਮੰਡਲ ਵਿਚ ਕੋਈ ਕਾਰਬਨ ਨਾ ਛੱਡਣ ਵਾਲਾ ਦੇਸ਼ ਬਣ ਜਾਵੇਗਾ; ਰੇਲਾਂ ਨੂੰ 100 ਫ਼ੀਸਦੀ ਬਿਜਲੀ ’ਤੇ ਚਲਾਉਣ ਲਈ ਕੰਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਦਾ ਮਹੱਤਵਪੂਰਨ ਐਲਾਨ ਖ਼ੁਰਾਕ ਬਾਰੇ ਸੀ: 2024 ਤਕ ਦੇਸ਼ ਵਾਸੀਆਂ ਨੂੰ ਸਰਕਾਰ ਦੀ ਜਨਤਕ ਵੰਡ ਪ੍ਰਣਾਲੀ ਦੁਆਰਾ ਵੰਡੇ ਜਾਣ ਵਾਲੇ ਚੌਲ ਜ਼ਰੂਰੀ ਤੱਤਾਂ ਨਾਲ ਭਰਪੂਰ (Fortity) ਕੀਤੇ ਜਾਣਗੇ।
ਦੇਸ਼ ਦੇ ਲੋਕਾਂ ਦੀ ਆਪਣੀ ਊਰਜਾ ਤੇ ਸ਼ਕਤੀ ਹੁੰਦੀ ਹੈ। ਜਦ ਕਰੋੜਾਂ ਲੋਕ ਮਿਹਨਤ ਮੁਸ਼ੱਕਤ ਕਰਦੇ ਹਨ ਤਾਂ ਤਰੱਕੀ ਹੋਣੀ ਸੁਭਾਵਿਕ ਹੈ। ਸਮੇਂ ਦੀ ਸਰਕਾਰ ਨੇ ਉਸ ਊਰਜਾ ਨੂੰ ਦਿਸ਼ਾ ਦੇਣੀ ਅਤੇ ਹੋਰ ਮਜ਼ਬੂਤ ਬਣਾਉਣਾ ਹੁੰਦਾ ਹੈ। ਭਾਸ਼ਨਾਂ ਵਿਚ ਅਤੇ ਖ਼ਾਸ ਕਰਕੇ ਰਾਸ਼ਟਰੀ ਦਿਵਸਾਂ ’ਤੇ ਕੀਤੇ ਜਾਂਦੇ ਭਾਸ਼ਨਾਂ ਵਿਚ ਸਿਆਸੀ ਆਗੂ ਇਸ ਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਣਾ ਕੇ ਪੇਸ਼ ਕਰਦੇ ਹਨ। ਬਿਨਾ ਸ਼ੱਕ ਇਨ੍ਹਾਂ ਪ੍ਰਾਪਤੀਆਂ ਵਿਚ ਸਰਕਾਰ ਦਾ ਵੱਡਾ ਯੋਗਦਾਨ ਹੁੰਦਾ ਹੈ ਪਰ ਸਿਆਸੀ ਨੈਤਿਕਤਾ ਮੰਗ ਕਰਦੀ ਹੈ ਕਿ ਸਰਕਾਰਾਂ ਆਪਣੀਆਂ ਪ੍ਰਾਪਤੀਆਂ ਅਤੇ ਅਸਫ਼ਲਤਾਵਾਂ, ਦੋਹਾਂ ਨੂੰ ਲੋਕਾਂ ਦੇ ਸਾਹਮਣੇ ਰੱਖਣ। ਦਲੀਲ ਦਿੱਤੀ ਜਾ ਸਕਦੀ ਹੈ ਕਿ ਜਸ਼ਨ ਵਾਲੇ ਮੌਕਿਆਂ ’ਤੇ ਪ੍ਰਾਪਤੀਆਂ ਦੀ ਜ਼ਿਆਦਾ ਅਤੇ ਅਸਫ਼ਲਤਾਵਾਂ ਦੀ ਗੱਲ ਘੱਟ ਕੀਤੀ ਜਾਣੀ ਚਾਹੀਦੀ ਹੈ। ਇਸ ਵਿਰੁੱਧ ਇਹ ਵੀ ਕਿਹਾ ਜਾਂਦਾ ਹੈ ਕਿ ਇਹੀ ਮੌਕੇ ਹੁੰਦੇ ਹਨ ਜਦ ਸਰਕਾਰਾਂ ਨੂੰ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। ਮਾਹਿਰਾਂ ਅਨੁਸਾਰ ਅਸਫ਼ਲਤਾਵਾਂ ਅਤੇ ਅਪ੍ਰਾਪਤੀਆਂ ਵੱਡੇ ਤੇ ਤਲਖ਼ ਸੱਚ ਹੋਣ ਕਾਰਨ ਸਰਕਾਰਾਂ ਦੇ ਦਾਅਵਿਆਂ ’ਚੋਂ ਆਪ ਮੁਹਾਰੇ ਦਿਸਦੀਆਂ ਹਨ। ਉਦਾਹਰਨ ਦੇ ਤੌਰ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੋ ਜਿਹੇ ਭਾਰਤ ਦਾ ਨਿਰਮਾਣ ਹੋਣਾ ਚਾਹੀਦਾ ਹੈ ਜਿੱਥੇ ਸਰਕਾਰ ਨਾਗਰਿਕਾਂ ਦੇ ਜੀਵਨ ਵਿਚ ਬੇਵਜ੍ਹਾ ਦਖ਼ਲ ਨਾ ਦੇਵੇ ਪਰ ਦੇਸ਼ ਵਾਸੀਆਂ ਸਾਹਮਣੇ ਹਕੀਕਤ ਇਹ ਹੈ ਕਿ ਇਜ਼ਰਾਈਲ ਦੀ ਕੰਪਨੀ ਐੱਨਐੱਸਓ ਦੇ ਤਿਆਰ ਕੀਤੇ ਸਾਫ਼ਟਵੇਅਰ ਪੈਗਾਸਸ ਰਾਹੀਂ ਸਿਆਸਤਦਾਨਾਂ, ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਦੇ ਟੈਲੀਫ਼ੋਨਾਂ ਦੀ ਨਿਗਾਹਬਾਨੀ ਕੀਤੇ ਜਾਣ ਦਾ ਪ੍ਰੇਤ ਸਾਰੇ ਦੇਸ਼ ’ਤੇ ਮੰਡਰਾ ਰਿਹਾ ਹੈ। ਇਸੇ ਤਰ੍ਹਾਂ ਖ਼ੁਰਾਕ ਵਾਲੇ ਜ਼ਰੂਰੀ ਤੱਤਾਂ ਨਾਲ ਭਰਪੂਰ ਚੌਲ ਦੇਣ ਦੇ ਯਤਨ ਪਿੱਛੇ ਤਲਖ਼ ਤੱਥ ਇਹ ਹੈ ਕਿ ਦੇਸ਼ ਦੇ 50 ਫ਼ੀਸਦੀ ਤੋਂ ਜ਼ਿਆਦਾ ਬੱਚਿਆਂ ਵਿਚ ਲਹੂ ਦੀ ਕਮੀ (ਅਨੀਮਿਆ) ਹੈ ਅਤੇ 30 ਫ਼ੀਸਦੀ ਤੋਂ ਜ਼ਿਆਦਾ ਬੱਚੇ ਭੁੱਖਮਰੀ ਜਾਂ ਅਰਧ-ਭੁੱਖਮਰੀ ਦਾ ਸ਼ਿਕਾਰ ਹਨ। ਛੋਟੇ ਕਿਸਾਨਾਂ ਨੂੰ ਯਾਦ ਕੀਤਾ ਪਰ ਇਕ ਸਾਲ ਤੋਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਦੇਸ਼ ਵਿਚਲੇ ਵਿਰੋਧਾਭਾਸ ਆਗੂਆਂ ਦੀਆਂ ਤਕਰੀਰਾਂ ਵਿਚੋਂ ਝਲਕਦੇ ਰਹਿਣੇ ਹਨ ਪਰ ਲੋਕਾਂ ਨੂੰ ਆਪਣਾ ਭਵਿੱਖ ਸੰਵਾਰਨ ਲਈ ਊਰਜਾ ਆਪਣੇ ਸੰਗਠਿਤ ਹੋਣ ’ਚੋਂ ਹੀ ਮਿਲਣੀ ਹੈ।