ਕਮਿਊਨਿਸਟ ਪਾਰਟੀ ਆਫ਼ ਇੰਡੀਆ ਮਾਰਕਸਵਾਦੀ (ਸੀਪੀਆਈਐੱਮ) ਦੀ ਪੱਛਮੀ ਬੰਗਾਲ ਇਕਾਈ ਦੇ ਸਕੱਤਰ ਅਤੇ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ ਸੂਰਿਆ ਕਾਂਤ ਮਿਸ਼ਰਾ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਸਿਆਸੀ ਪਹੁੰਚ ਬਾਰੇ ਦਿੱਤਾ ਬਿਆਨ ਗ਼ੌਰ ਕਰਨ ਲਾਇਕ ਹੈ। ਇਸ ਬਿਆਨ ਵਿਚ ਨਿਹਿਤ ਸਿਧਾਂਤ ਕੇਵਲ ਪੱਛਮੀ ਬੰਗਾਲ ਹੀ ਨਹੀਂ ਬਲਕਿ ਦੇਸ਼ ਦੀ ਸਿਆਸਤ ਵਿਚ ਨਵੀਂ ਭੂਮਿਕਾ ਨਿਭਾਉਣ ਦਾ ਆਧਾਰ ਬਣ ਸਕਦਾ ਹੈ। 7 ਜੁਲਾਈ ਨੂੰ ਪਾਰਟੀ ਕਾਰਕੁਨਾਂ ਨੂੰ ਫੇਸਬੁੱਕ ਲਾਈਵ ਰਾਹੀਂ ਸੰਬੋਧਨ ਕਰਦਿਆਂ ਮਿਸ਼ਰਾ ਨੇ ਕਿਹਾ ਕਿ ਪਾਰਟੀ ਨੇ 22 ਸਾਲ ਪਹਿਲਾਂ ਇਹ ਸਿਧਾਂਤਕ ਫ਼ੈਸਲਾ ਕੀਤਾ ਸੀ ਕਿ ਸਿਆਸੀ ਪੱਧਰ ’ਤੇ ਕਿਸੇ ਵੀ ਹੋਰ ਪਾਰਟੀ ਦੀ ਤੁਲਨਾ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਭਾਜਪਾ ਨੂੰ ਚਲਾਉਣ ਲਈ ਆਰਐੱਸਐੱਸ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਮਿਸ਼ਰਾ ਨੇ ਮੰਨਿਆ ਹੈ ਕਿ ਉਸ ਦੀ ਪਾਰਟੀ ਦੇ ਆਗੂਆਂ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਕੁਝ ਅਜਿਹੇ ਨਾਅਰੇ ਅਤੇ ਭਾਸ਼ਣ ਦਿੱਤੇ ਜਿਨ੍ਹਾਂ ਵਿਚ ਭਾਜਪਾ ਅਤੇ ਟੀਐੱਮਸੀ ਨੂੰ ਇੱਕੋ ਸਿੱਕੇ ਦੇ ਦੋ ਪਾਸਿਆਂ ਵਜੋਂ ਪੇਸ਼ ਕੀਤਾ ਗਿਆ ਅਤੇ ਇਸ ਕਾਰਨ ਪਾਰਟੀ ਕਾਰਕੁਨਾਂ ਅਤੇ ਸਮਰਥਕਾਂ ਦੇ ਮਨਾਂ ਵਿਚ ਉਲਝਣਾਂ ਵਧਦੀਆਂ ਗਈਆਂ।
ਆਪਣੇ ਦੋ ਘੰਟੇ ਦੇ ਭਾਸ਼ਣ ਦੌਰਾਨ ਭਾਜਪਾ ਉਸ ਦੇ ਕੇਂਦਰ ’ਚ ਰਹੀ। ਭਾਜਪਾ ਪੱਛਮੀ ਬੰਗਾਲ ਨੂੰ ਵੰਡਣ ਦੇ ਵਿਚਾਰ ਨਾਲ ਖੇਡ ਰਹੀ ਹੈ; ਦਾਰਜੀਲਿੰਗ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਉੱਤਰੀ ਬੰਗਾਲ ਨੂੰ ਅਲੱਗ ਰਾਜ ਬਣਾਉਣ ਦੀ ਮੰਗ ਉਭਾਰਨੀ ਸ਼ੁਰੂ ਕੀਤੀ ਗਈ ਹੈ। ਜੰਗਲ ਮਹਿਲ ਇਲਾਕੇ ’ਚ ਵੀ ਅਜਿਹੇ ਵਿਚਾਰਾਂ ਨੂੰ ਹਵਾ ਦਿੱਤੀ ਜਾ ਰਹੀ ਹੈ। ਅਜਿਹੇ ਰੁਝਾਨ ਪੱਛਮੀ ਬੰਗਾਲ ਲਈ ਘਾਤਕ ਹੋ ਸਕਦੇ ਹਨ। ਇਸ ਦਾ ਸਿਆਸੀ ਮੰਤਵ ਟੀਐੱਮਸੀ ਨੂੰ ਕਮਜ਼ੋਰ ਕਰਨਾ ਹੈ।
ਸੂਬਾਈ ਸਕੱਤਰ ਦਾ ਵਿਸ਼ਲੇਸ਼ਣ ਪਾਰਟੀ ਅੰਦਰ ਵੀ ਹਿਲਜੁਲ ਪੈਦਾ ਕਰਨ ਵਾਲਾ ਹੈ। ਜੇ ਸੀਪੀਐੱਮ ਸਹਿਮਤ ਹੁੰਦੀ ਹੈ ਤਾਂ ਸੀਪੀਐੱਮ ਦੀ ਟੀਐੱਮਸੀ ਬਾਰੇ ਪਹੁੰਚ ਬਦਲ ਸਕਦੀ ਹੈ। ਸੀਪੀਐੱਮ ਦੇਸ਼ ਵਿਚ ਭਾਜਪਾ ਖ਼ਿਲਾਫ਼ ਸਾਂਝਾ ਫਰੰਟ ਬਣਾਉਣ ਵਿਚ ਵੀ ਭੂਮਿਕਾ ਨਿਭਾ ਸਕਦੀ ਹੈ ਅਤੇ ਫੈਡਰਲਿਜ਼ਮ ਦਾ ਮੁੱਦਾ ਦੇਸ਼ ਭਰ ਵਿਚ ਭਾਜਪਾ ਦੇ ਕੇਂਦਰੀਕਰਨ ਦੇ ਮੁਕਾਬਲੇ ਵੱਡੇ ਮੁੱਦੇ ਵਜੋਂ ਉੱਭਰ ਸਕਦਾ ਹੈ। ਮਮਤਾ ਬੈਨਰਜੀ ਪਹਿਲਾਂ ਹੀ ਵਿਰੋਧੀ ਧਿਰਾਂ ਨੂੰ ਚਿੱਠੀ ਲਿਖ ਕੇ ਭਾਜਪਾ ਦੇ ਮੁਕਾਬਲੇ ਇਕਜੁੱਟ ਹੋਣ ਦੀ ਅਪੀਲ ਕਰ ਚੁੱਕੀ ਹੈ। ਭਾਜਪਾ ਦੇ ਨਵੇਂ ਬਣਾਏ ਗਏ ਕੇਂਦਰੀ ਮੰਤਰੀ ਮੰਡਲ ਤੋਂ ਇਹ ਹੀ ਸਪੱਸ਼ਟ ਹੁੰਦਾ ਹੈ ਕਿ ਉਹ ਘੱਟਗਿਣਤੀ ਫ਼ਿਰਕਿਆਂ, ਖ਼ਾਸ ਤੌਰ ’ਤੇ ਮੁਸਲਿਮ ਭਾਈਚਾਰੇ ਨੂੰ ਸੱਤਾ ਦੀ ਹਿੱਸੇਦਾਰੀ ਤੋਂ ਬਾਹਰ ਰੱਖਣਾ ਚਾਹੁੰਦੀ ਹੈ। ਆਰਐੱਸਐੱਸ ਤੇ ਭਾਜਪਾ ਦੇ ਚਿੰਤਕ ਖੱਬੇ-ਪੱਖੀ ਵਿਚਾਰਧਾਰਾ ਨੂੰ ਵੀ ਪਹਿਲੇ ਨੰਬਰ ਦੇ ਦੁਸ਼ਮਣ ਕਰਾਰ ਦਿੰਦੇ ਰਹੇ ਹਨ। ਇਸ ਵੇਲੇ ਦੇਸ਼ ਵਿਚ ਜਮਹੂਰੀ, ਅਗਾਂਹਵਧੂ ਅਤੇ ਦੇਸ਼ ਭਗਤ ਤਾਕਤਾਂ ਦੇ ਏਕੇ ਦੀ ਵੱਡੀ ਜ਼ਰੂਰਤ ਹੈ ਤਾਂ ਕਿ ਵੰਡਪਾਊ ਸ਼ਕਤੀਆਂ ਨੂੰ ਮਜ਼ਬੂਤ ਹੋਣ ਤੋਂ ਰੋਕਿਆ ਜਾ ਸਕੇ। ਇਸ ਪ੍ਰਸੰਗ ਵਿਚ ਮਿਸ਼ਰਾ ਦੇ ਵਿਚਾਰਾਂ ’ਤੇ ਗੰਭੀਰਤਾ ਨਾਲ ਸੰਵਾਦ ਹੋਣਾ ਚਾਹੀਦਾ ਹੈ।