ਸਾਵਧਾਨੀ ਦੀ ਲੋੜ

ਸਾਵਧਾਨੀ ਦੀ ਲੋੜ

 ਕੋਵਿਡ-19 ਦੀ ਮਹਾਮਾਰੀ ਤੋਂ ਬਚਣ ਲਈ ਵੈਕਸੀਨ ਲਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਵੱਖ ਵੱਖ ਦੇਸ਼ਾਂ ਵਿਚ ਕਈ ਤਰ੍ਹਾਂ ਦੀ ਵੈਕਸੀਨ ਵਰਤੀ ਜਾ ਰਹੀ ਹੈ। ਭਾਰਤ ਵਿਚ ਕੋਵੀਸ਼ੀਲਡ ਅਤੇ ਕੋਵੈਕਸੀਨ ਨਾਂ ਦੀਆਂ ਵੈਕਸੀਨਾਂ ਲਗਾਈਆਂ ਜਾ ਰਹੀਆਂ ਹਨ। ਕੋਵੈਕਸੀਨ ਭਾਰਤ ਬਾਓਟੈੱਕ ਕੰਪਨੀ ਨੇ ਬਣਾਈ ਹੈ। ਕੋਵੀਸ਼ੀਲਡ ਆਕਸਫੋਰਡ ਯੂਨੀਵਰਸਿਟੀ ਨੇ ਐਸਟਰਾਜੈਨੇਕਾ ਕੰਪਨੀ ਨਾਲ ਮਿਲ ਕੇ ਬਣਾਈ ਹੈ। ਅਦਾਰਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਇਹ ਦੋਵੇਂ ਵੈਕਸੀਨਾਂ ਨੂੰ ਵੱਡੇ ਪੱਧਰ ’ਤੇ ਬਣਾ ਰਿਹਾ ਹੈ। ਸਭ ਤੋਂ ਪਹਿਲਾਂ ਵੈਕਸੀਨ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼ ਅਤੇ ਸਿਹਤ ਖੇਤਰ ਦੇ ਹੋਰ ਕਾਮਿਆਂ ਨੂੰ ਦਿੱਤੀ ਜਾਵੇਗੀ।

ਦੁਨੀਆ ਵਿਚ ਬਹੁਤ ਦੇਰ ਤੋਂ ਮਹਾਮਾਰੀਆਂ ਨਾਲ ਲੜਨ ਲਈ ਵੈਕਸੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਚੇਚਕ, ਪੋਲੀਓ, ਡਿਪਥੀਰੀਆ, ਟੈਟਨਸ ਅਤੇ ਕਈ ਹੋਰ ਬਿਮਾਰੀਆਂ ’ਤੇ ਵੈਕਸੀਨਾਂ ਰਾਹੀਂ ਹੀ ਕਾਬੂ ਪਾਇਆ ਗਿਆ ਹੈ। ਵੈਕਸੀਨਾਂ ਬਹੁਤ ਧਿਆਨ ਨਾਲ ਬਣਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੇ ਟੈਸਟ ਤਿੰਨ ਪੜਾਵਾਂ ਵਿਚ ਹੁੰਦੇ ਹਨ। ਵੈਕਸੀਨ ਲਗਾਉਣ ਨਾਲ ਬਿਮਾਰੀ ਨਾਲ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ, ਭਾਵ ਜਿਸ ਸ਼ਖ਼ਸ ਨੇ ਵੈਕਸੀਨ ਲਗਾਈ ਹੋਵੇ, ਜੇ ਉਸ ਨੂੰ ਮਹਾਮਾਰੀ ਦੀ ਲਾਗ਼ ਲੱਗ ਵੀ ਜਾਵੇ ਤਾਂ ਉਹ ਬਿਮਾਰੀ ਦਾ ਟਾਕਰਾ ਚੰਗੀ ਤਰ੍ਹਾਂ ਕਰ ਸਕਦਾ ਹੈ, ਕਿਉਂਕਿ ਉਸ ਅੰਦਰ ਬਿਮਾਰੀ ਨਾਲ ਲੜਨ ਵਾਲੇ ਤੱਤ ਜਿਨ੍ਹਾਂ ਨੂੰ ਐਂਟੀ ਬਾਡੀਜ਼ ਕਿਹਾ ਜਾਂਦਾ ਹੈ, ਪੈਦਾ ਹੋ ਚੁੱਕੇ ਹੁੰਦੇ ਹਨ।

ਦੇਸ਼ ਵਿਚ ਵੈਕਸੀਨਾਂ ਬਾਰੇ ਕੁਝ ਖ਼ਦਸ਼ੇ ਵੀ ਜ਼ਾਹਿਰ ਕੀਤੇ ਜਾ ਰਹੇ ਹਨ। ਰਾਮ ਮਨੋਹਰ ਲੋਹੀਆ ਹਸਪਤਾਲ ਦਿੱਲੀ ਦੀ ਡਾਕਟਰਾਂ ਦੀ ਜਥੇਬੰਦੀ ਰੈਜ਼ੀਡੈਂਟਸ ਡਾਕਟਰਜ਼ ਐਸੋਸੀਏਸ਼ਨ ਨੇ ਬਾਇਓਟੈਕ ਕੰਪਨੀ ਦੁਆਰਾ ਬਣਾਈ ਕੋਵੈਕਸੀਨ ਦੇ ਟੀਕੇ ਲਗਵਾਉਣ ਦੀ ਮੁਹਿੰਮ ’ਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ ਹੈ, ਉਨ੍ਹਾਂ ਅਨੁਸਾਰ ਡਾਕਟਰ ਇਸ ਵੈਕਸੀਨ ਦੇ ਟੈਸਟਾਂ ਦੇ ਤੀਜੇ ਗੇੜ ਦੇ ਨਤੀਜੇ ਨਾ ਮਿਲਣ ਕਾਰਨ ਫ਼ਿਕਰਮੰਦ ਹਨ। ਸਿਹਤ ਵਿਗਿਆਨ ਦੇ ਮਾਹਿਰਾਂ ਅਨੁਸਾਰ ਹਰ ਵੈਕਸੀਨ ਦੇ ਕੁਝ ਮਾੜੇ ਅਸਰ (Side effects) ਹੋ ਸਕਦੇ ਹਨ ਪਰ ਵੈਕਸੀਨ ਤੋਂ ਮਿਲਣ ਵਾਲਾ ਲਾਭ ਕਿਤੇ ਜ਼ਿਆਦਾ ਹੁੰਦਾ ਹੈ। ਖ਼ਬਰਾਂ ਅਨੁਸਾਰ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿਚ ਕੁਝ ਲੋਕਾਂ ਨੇ ਵੈਕਸੀਨ ਲੱਗਣ ਤੋਂ ਬਾਅਦ ਬੁਖ਼ਾਰ ਤੇ ਪੀੜ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਉਹ ਠੀਕ ਠਾਕ ਹਨ ਅਤੇ ਜਲਦੀ ਹੀ ਹਸਪਤਾਲ ’ਚੋਂ ਡਿਸਚਾਰਜ ਕਰ ਦਿੱਤੇ ਜਾਣਗੇ। ਬਹੁਤ ਸਾਰੇ ਉੱਚ ਅਧਿਕਾਰੀਆਂ ਅਤੇ ਡਾਕਟਰਾਂ ਨੇ ਵੈਕਸੀਨ ਲਗਵਾਈ ਹੈ। ਕਰਨਾਟਕ ਵਿਚ ਕੁਝ ਡਾਕਟਰਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਦੁਆਰਾ ਬਣਾਈ ਗਈ ਕੋਵਸ਼ੀਲਡ ਵੈਕਸੀਨ ਲਗਾਈ ਜਾਵੇ। ਰਾਮ ਮਨੋਹਰ ਹਸਪਤਾਲ ਦਿੱਲੀ ਦੇ ਡਾਕਟਰਾਂ ਦੀ ਵੀ ਇਹੀ ਰਾਏ ਹੈ। ਇਸ ਤਰ੍ਹਾਂ ਦੇ ਵਾਦ-ਵਿਵਾਦ ਕਾਰਨ ਲੋਕਾਂ ਵਿਚ ਬੇਭਰੋਸਗੀ ਦਾ ਮਾਹੌਲ ਪੈਦਾ ਹੁੰਦਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦੋਹਾਂ ਵੈਕਸੀਨਾਂ ਬਾਰੇ ਤੱਥ ਲੋਕਾਂ ਦੇ ਸਾਹਮਣੇ ਰੱਖੇ। ਡਾਕਟਰਾਂ ਨੂੰ ਇਸ ਮਾਮਲੇ ਵਿਚ ਆਪਣੀ ਰਾਏ ਬਹੁਤ ਸੋਚ ਸਮਝ ਕੇ ਪ੍ਰਗਟ ਕਰਨੀ ਚਾਹੀਦੀ ਹੈ ਕਿਉਂਕਿ ਲੋਕ ਉਨ੍ਹਾਂ ਦੀ ਰਾਏ ’ਤੇ ਵਿਸ਼ਵਾਸ ਕਰਦੇ ਹਨ। 49 ਡਾਕਟਰਾਂ ਅਤੇ ਸਿਹਤ ਖੇਤਰ ਦੇ ਮਾਹਿਰਾਂ ਨੇ ਡਾਕਟਰਾਂ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗ਼ੈਰ-ਜ਼ਿੰਮੇਵਾਰਾਨਾ ਟਿੱਪਣੀਆਂ ਨਾ ਕਰਨ। ਭਾਰਤ ਬਾਇਓਟੈਕ ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕਿਸੇ ਕਿਸਮ ਦੀ ਅਲਰਜੀ ਦੀ ਸ਼ਿਕਾਇਤ ਹੈ ਜਾਂ ਜੋ ਲਹੂ ਨੂੰ ਪਤਲੇ ਰੱਖਣ ਵਾਲੀਆਂ ਦਵਾਈਆਂ ਲੈਂਦੇ ਰਹੇ ਹਨ, ਇਹ ਵੈਕਸੀਨ ਨਾ ਲਗਵਾਉਣ। ਕੰਪਨੀ ਨੇ ਇਹ ਵੀ ਕਿਹਾ ਕਿ ਗਰਭਵਤੀ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਵੀ ਵੈਕਸੀਨ ਨਾ ਲਗਵਾਉਣ। ਕੰਪਨੀ ਅਨੁਸਾਰ ਵੈਕਸੀਨ ਲਗਵਾਉਣ ’ਤੇ ਸਰੀਰ ਵਿਚ ਕਮਜ਼ੋਰੀ ਮਹਿਸੂਸ ਹੋਣ, ਸਿਰ ਨੂੰ ਚੱਕਰ ਆਉਣ, ਦਿਲ ਦੀ ਧੜਕਣ ਤੇਜ਼ ਹੋਣ ਆਦਿ ਅਸਰ ਹੋ ਸਕਦੇ ਹਨ। ਇਸ ਲਈ ਡਾਕਟਰਾਂ ਅਤੇ ਵੈਕਸੀਨ ਲਗਾਉਣ ਵਾਲਿਆਂ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜਿਹੜੇ ਲੋਕਾਂ ਨੂੰ ਵੈਕਸੀਨ ਲਗਾਈ ਜਾਂਦੀ ਹੈ, ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਅਤੇ ਜ਼ਰੂਰਤ ਪੈਣ ’ਤੇ ਲੋੜੀਂਦੀ ਡਾਕਟਰੀ ਸਹਾਇਤਾ ਦਿੱਤੇ ਜਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All