ਵਰਣ ਆਸ਼ਰਮ ਤੇ ਜਾਤ ਪਾਤ ਦੀ ਪ੍ਰਥਾ ਨੇ ਸਦੀਆਂ ਤੋਂ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਰਹਿੰਦੇ ਵੱਖ ਵੱਖ ਸਮਾਜਾਂ ਵਿਚ ਵੰਡੀਆਂ ਪਾਈਆਂ ਹੋਈਆਂ ਹਨ ਅਤੇ ਸਦੀਆਂ ਤੋਂ ਹੀ ਧਾਰਮਿਕ ਤੇ ਸਮਾਜਿਕ ਆਗੂ ਇਨ੍ਹਾਂ ਵੰਡੀਆਂ ਤੇ ਵਿਤਕਰੇ ਵਿਰੁੱਧ ਆਵਾਜ਼ ਉਠਾਉਂਦੇ ਆਏ ਹਨ। ਆਮ ਕਰ ਕੇ ਇਹ ਸਮਝਿਆ ਜਾਂਦਾ ਹੈ ਕਿ ਪੜ੍ਹੇ ਲਿਖੇ ਵਿਅਕਤੀ ਅਜਿਹੇ ਵਿਤਕਰੇ ਛੱਡ ਕੇ ਸਮਾਜ ਨੂੰ ਇਨ੍ਹਾਂ ਸੌੜੀਆਂ ਸੋਚਾਂ ਵਿਚੋਂ ਕੱਢਣ ਵਿਚ ਲੋਕਾਂ ਦੀ ਅਗਵਾਈ ਕਰਨਗੇ। ਬਹੁਤ ਸਾਰੇ ਚੇਤਨ ਲੋਕਾਂ ਨੇ ਅਜਿਹੀ ਭੂਮਿਕਾ ਨਿਭਾਈ ਵੀ ਹੈ ਪਰ ਜਾਤ ਪਾਤ ਦੀ ਸੋਚ ਬਹੁਤ ਡੂੰਘੀ ਹੋਣ ਕਾਰਨ ਆਮ ਸਮਾਜਿਕ ਲੋਕ-ਸਮਝ ਦਾ ਹਿੱਸਾ ਬਣ ਗਈ ਹੈ। ਇਸ ਦੇ ਨਾਲ ਨਾਲ ਕੁਝ ਵਿਅਕਤੀ ਇਨ੍ਹਾਂ ਵੰਡੀਆਂ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ। ਕਸ਼ੱਤਰੀ ਮਹਾਂਸਭਾ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਸੰਸਦ ਸਾਧਵੀ ਪ੍ਰੱਗਿਆ ਠਾਕੁਰ ਨੇ ਕਿਹਾ ਹੈ, ‘‘ਕਸ਼ੱਤਰੀ ਕੋ ਕਸ਼ੱਤਰੀ ਕਹਿ ਦੋ ਬੁਰਾ ਨਹੀਂ ਲਗਤਾ। ਬ੍ਰਾਹਮਣ ਕੋ ਬ੍ਰਾਹਮਣ ਕਹਿ ਦੋ ਬੁਰਾ ਨਹੀਂ ਲਗਤਾ। ਵੈਸ਼ ਕੋ ਵੈਸ਼ ਕਹਿ ਦੋ ਬੁਰਾ ਨਹੀਂ ਲਗਤਾ। ਸ਼ੂਦਰ ਕੋ ਸ਼ੂਦਰ ਕਹਿ ਦੋ ਬੁਰਾ ਲਗ ਜਾਤਾ ਹੈ। ਕਾਰਨ ਕਿਆ ਹੈ? ਕਾਰਨ ਨਾ-ਸਮਝੀ। ਸਮਝ ਨਹੀਂ ਪਾਤੇ।’’ ਪ੍ਰਗਿਆ ਠਾਕੁਰ ਦੇ ਸ਼ਬਦਾਂ ਅਤੇ ਸੋਚ ਵਿਚ ਪਈ ਹਿੰਸਾ ਅਤੇ ਵਿਤਕਰੇ ਦੀ ਭਾਵਨਾ ਸਪੱਸ਼ਟ ਦਿਖਾਈ ਦੇ ਰਹੀ ਹੈ।
ਇਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਗਿਆ ਸਿੰਘ ਨੇ ਵਰਣ ਪ੍ਰਥਾ ਨੂੰ ਸਮਾਜ ’ਚ ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਦੱਸਿਆ। ਪ੍ਰਗਿਆ ਅਨੁਸਾਰ ਕਸ਼ੱਤਰੀਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਹਨ ਤਾਂ ਕਿ ਉਹ ਸੈਨਾ ਵਿਚ ਭਰਤੀ ਹੋ ਕੇ ਦੇਸ਼ ਨੂੰ ਮਜ਼ਬੂਤ ਕਰ ਸਕਣ। ਉਸ ਨੇ ਇਹ ਵੀ ਕਿਹਾ ਕਿ ਹਰ ਵਰਣ ਦੇ ਲੋਕਾਂ ਨੂੰ ਆਪਣੇ ਵਰਣ ਅਨੁਸਾਰ ਹੀ ਕੰਮਕਾਜ ਕਰਨਾ ਚਾਹੀਦਾ ਹੈ। ਇਹ ਵਿਚਾਰ ਪ੍ਰਤੱਖ ਤੌਰ ’ਤੇ ਸਮਾਜ ਦਾ ਭਲਾ ਕਰਨ ਵਾਲੇ ਨਹੀਂ ਸਗੋਂ ਸਮਾਜਿਕ ਵੰਡੀਆਂ ਨੂੰ ਹੋਰ ਵਧਾਉਣ ਵਾਲੇ ਹਨ। ਅਜਿਹੇ ਵਿਚਾਰ ਸਮਾਜ ਦੀ ਊਰਜਾ ਡੀਕ ਲੈਂਦੇ ਹਨ।
ਪੰਜਾਬ ਵਿਚ ਸਦੀਆਂ ਤੋਂ ਇਨ੍ਹਾਂ ਸਮਾਜਿਕ ਵਿਤਕਰਿਆਂ ਵਿਰੁੱਧ ਸੰਘਰਸ਼ ਚੱਲਦਾ ਆ ਰਿਹਾ ਹੈ। ਮੱਧਕਾਲੀਨ ਸਮਿਆਂ ਵਿਚ ਗੁਰੂ ਨਾਨਕ ਦੇਵ ਜੀ ਨੇ ਦਮਿਤ ਅਤੇ ਦਲਿਤ ਲੋਕਾਂ ਨਾਲ ਖਲੋਣ ਦਾ ਐਲਾਨ ਕਰਦਿਆਂ ਕਿਹਾ, ‘‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।’’ ਸਿਰੀ ਰਾਗ ਵਿਚ ਉਨ੍ਹਾਂ ਨੇ ਕਿਹਾ ‘‘ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ।।’’ ਸਿੱਖ ਗੁਰੂਆਂ ਦੇ ਸੰਦੇਸ਼ ਨੇ ਪੰਜਾਬੀ ਸਮਾਜ ਵਿਚ ਜਮਹੂਰੀਅਤ ਅਤੇ ਸਾਂਝੀਵਾਲਤਾ ਦੀ ਜਾਗ ਲਗਾਈ ਜਿਹੜੀ ਅੱਜ ਦੇ ਕਿਸਾਨ ਸੰਘਰਸ਼ ਵਿਚ ਵੀ ਰੂਪਮਾਨ ਹੋ ਰਹੀ ਹੈ। ਬਹੁਗਿਣਤੀ ਨਾਲ ਸਬੰਧ ਰੱਖਦੇ ਕਈ ਸਿਆਸੀ ਅਤੇ ਸਮਾਜਿਕ ਆਗੂਆਂ ਦਾ ਦੁਖਾਂਤ ਇਹ ਹੈ ਕਿ ਉਹ ਮੱਧਕਾਲੀਨ ਸਮਿਆਂ ਵਿਚ ਭਗਤੀ ਲਹਿਰ ਦੇ ਸੰਤਾਂ, ਸਿੱਖ ਗੁਰੂਆਂ, ਸੂਫ਼ੀਆਂ ਅਤੇ ਹੋਰ ਪੰਥਾਂ ਵੱਲੋਂ ਇਨਸਾਨੀ ਬਰਾਬਰੀ ਤੇ ਸਮਾਜਿਕ ਏਕਤਾ ਦੇ ਵਿਚਾਰਾਂ ਵੱਲ ਧਿਆਨ ਦੇਣ ਦੀ ਬਜਾਏ ਬਹੁਤ ਪ੍ਰਾਚੀਨ ਸਮਿਆਂ ਵੱਲ ਵੇਖਦੇ ਹਨ ਜਦੋਂ ਵਰਣ ਆਸ਼ਰਮ ਅਤੇ ਜਾਤੀ ਪ੍ਰਥਾ ਦਾ ਪ੍ਰਚਾਰ ਹੋਇਆ। ਉਹ ਉਨ੍ਹਾਂ ਪ੍ਰਾਚੀਨ ਸੋਮਿਆਂ ਤੇ ਲਿਖਤਾਂ ਤੋਂ ਵਿਚਾਰ ਉਧਾਰੇ ਲੈਂਦੇ ਹਨ, ਜਿਨ੍ਹਾਂ ਵਿਚ ਵਰਣ-ਆਸ਼ਰਮ ਅਤੇ ਜਾਤ ਪਾਤ ਨੂੰ ਉਚਿਤ ਠਹਿਰਾਇਆ ਗਿਆ ਹੈ। ਸਮਾਜ ਦੇ ਚੇਤਨ ਵਰਗਾਂ ਨੂੰ ਇਨ੍ਹਾਂ ਵਿਤਕਰਿਆਂ ਵਿਰੁੱਧ ਚੇਤਨ ਹੋਣ ਅਤੇ ਲਗਾਤਾਰ ਲੜਾਈ ਲੜਨ ਦੀ ਜ਼ਰੂਰਤ ਹੈ। ਦੇਸ਼ ਦੀਆਂ ਜਮਹੂਰੀ ਸ਼ਕਤੀਆਂ ਇਸ ਵਿਚ ਫ਼ੈਸਲਾਕੁਨ ਭੂਮਿਕਾ ਨਿਭਾ ਸਕਦੀਆਂ ਹਨ।