ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਨਾਮ ਦੀ ਖੇਤਰੀ ਪਾਰਟੀ ਬਣਾ ਕੇ ਸਿਆਸਤ ਦੇ ਮੈਦਾਨ ਵਿਚ ਨਵੀਂ ਪਾਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੈਪਟਨ ਭਾਜਪਾ ਨਾਲ ਮੇਲ-ਜੋਲ ਵਧਾਉਣ ਦੀ ਗੱਲ ਵੀ ਕਰ ਚੁੱਕੇ ਹਨ। ਸੋਨੀਆ ਗਾਂਧੀ ਨੂੰ ਸੱਤ ਪੰਨਿਆਂ ਦੀ ਲਿਖੀ ਚਿੱਠੀ ਵਿਚ ਕੈਪਟਨ ਨੇ ਆਪਣੇ ਸਿਆਸੀ ਜੀਵਨ ਵਿਚ ਲੜੀਆਂ ਚੋਣਾਂ ਅਤੇ ਕੀਤੇ ਸਿਆਸੀ ਕੰਮਾਂ ਦੇ ਵੇਰਵੇ ਦੱਸਣ ਦੇ ਨਾਲ ਨਾਲ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਦੀ ਕਾਬਲੀਅਤ ਉੱਤੇ ਸਵਾਲ ਉਠਾਏ ਹਨ। ਕੈਪਟਨ ਨੇ ਆਪਣੇ ਆਪ ਨੂੰ ਪੰਜਾਬ ਦਾ ਪਹਿਰੇਦਾਰ ਸਾਬਿਤ ਕਰਨ ਲਈ 1984 ਵਿਚ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਪਿੱਛੋਂ ਦਿੱਤੇ ਅਸਤੀਫ਼ੇ, ਬਰਨਾਲਾ ਸਰਕਾਰ ਸਮੇਂ ਕੰਦੂਖੇੜਾ ਅਤੇ ਹੋਰ ਇਲਾਕਿਆਂ ਵਿਚ ਮਰਦਮਸ਼ੁਮਾਰੀ ਸਮੇਂ ਕੀਤੇ ਗਏ ਕੰਮ, ਅਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਬਰਨਾਲਾ ਮੰਤਰੀ ਮੰਡਲ ਤੋਂ ਅਸਤੀਫ਼ੇ ਅਤੇ ਜਲ ਸਮਝੌਤੇ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਬਣਾਏ ਗਏ ਕਾਨੂੰਨ ਸਮੇਤ ਹੋਰ ਪ੍ਰਾਪਤੀਆਂ ਦਾ ਵਰਨਣ ਕੀਤਾ ਹੈ।
ਕੈਪਟਨ ਨੇ ਰੇਤ ਮਾਫ਼ੀਆ ਵਿਚ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੇ ਸ਼ਾਮਿਲ ਹੋਣ ਕਰਕੇ ਉਚਿਤ ਕਾਰਵਾਈ ਨਾ ਕਰ ਸਕਣ ਦੀ ਗੱਲ ਵੀ ਕਬੂਲੀ ਹੈ। ਖ਼ੁਦ 92 ਫ਼ੀਸਦੀ ਵਾਅਦੇ ਪੂਰੇ ਕਰਨ ਵਾਲੀ ਸਾਫ਼-ਸੁਥਰੀ ਸਰਕਾਰ ਦੇਣ ਦਾ ਵਾਅਦਾ ਮੁੜ ਦੁਹਰਾਉਂਦਿਆਂ ਸਾਬਕਾ ਮੁੱਖ ਮੰਤਰੀ ਨੇ ਨਵੋਜਤ ਸਿੰਘ ਸਿੱਧੂ ਉੱਤੇ ਪਾਕਿਸਤਾਨ ਦੀਆਂ ਏਜੰਸੀਆਂ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਹੈ। ਇਹ ਸਵਾਲ ਜਵਾਬ ਮੰਗਦਾ ਹੈ ਕਿ ਕੀ ਭ੍ਰਿਸ਼ਟਾਚਾਰ ਦੇ ਵਧਣ ਵਿਚ ਬਤੌਰ ਮੁੱਖ ਮੰਤਰੀ ਕੈਪਟਨ ਦੀ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ ਸੀ।
ਪੰਜਾਬ ਦੇ ਲੋਕ ਇਹ ਵੀ ਜਾਣਦੇ ਹਨ ਕਿ ਕੈਪਟਨ ਸਰਕਾਰ ਬੇਅਦਬੀ ਦੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਫੜਨ, ਘਰ-ਘਰ ਰੁਜ਼ਗਾਰ ਦੇਣ, ਕਿਸਾਨਾਂ ਦੇ ਸਮੁੱਚੇ ਕਰਜ਼ਿਆਂ ਦੀ ਮੁਆਫ਼ੀ ਅਤੇ ਨਸ਼ਿਆਂ ਦਾ ਫੈਲਾਉ ਰੋਕਣ ਵਰਗੇ ਵਾਅਦੇ ਪੂਰੇ ਨਹੀਂ ਕਰ ਸਕੀ। ਕੈਪਟਨ ਨੇ ਆਪਣੀ ਪਹਿਲੀ ਪਛਾਣ ਕੇਂਦਰ ਦੇ ਗ਼ਲਤ ਫੈਸਲਿਆਂ ਤੋਂ ਦੂਰੀ ਬਣਾਉਣ ਵਾਲੇ ਸਿਆਸਤਦਾਨ ਦੇ ਰੂਪ ਵਿਚ ਵੀ ਬਣਾਈ ਸੀ ਪਰ ਨਵੀਂ ਪਾਰਟੀ ਦਾ ਭਾਜਪਾ ਨਾਲ ਤਾਲਮੇਲ ਬਣਾਉਣਾ ਵਿਚਾਰਧਾਰਕ ਪੱਖ ਤੋਂ ਪੂਰੀ ਤਰ੍ਹਾਂ ਪਾਸਾ ਬਦਲਣ ਵਾਲੀ ਗੱਲ ਹੈ। ਲੋਕਾਂ ਦੁਆਰਾ ਇਹ ਸਵਾਲ ਪੁੱਛੇ ਜਾਣਾ ਵੀ ਸੁਭਾਵਿਕ ਹੈ ਕਿ ਜਦੋਂ ਕਾਂਗਰਸ ਨੇ ਕੈਪਟਨ ਤੇ ਉਸ ਦੀ ਪਤਨੀ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ ਸੀ ਤਾਂ ਕੈਪਟਨ ਨੂੰ ਪਾਰਟੀ ਸਹੀ ਲੱਗਦੀ ਸੀ ਪਰ ਹੁਣ ਅਹੁਦਾ ਜਾਣ ਮਗਰੋਂ ਉਨ੍ਹਾਂ ਨੂੰ ਸਭ ਕੁਝ ਗ਼ਲਤ ਕਿਉਂ ਲੱਗਣ ਲੱਗ ਪਿਆ ਹੈ। ਸਿਆਸੀ ਮਾਹਿਰਾਂ ਅਨੁਸਾਰ ਸਿਰਫ਼ ਦੇਸ਼ ਦੀ ਸੁਰੱਖਿਆ ਦੇ ਏਜੰਡੇ ਨੂੰ ਤਰਜੀਹ ਦੇ ਕੇ ਕੈਪਟਨ ਸੂਬੇ ਦੇ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਨਹੀਂ ਬਣਾ ਸਕਣਗੇ।