ਉੱਤਰ ਪ੍ਰਦੇਸ਼ ਵਿਚ ਰਾਜ ਸਭਾ ਦੀਆਂ ਦਸ ਸੀਟਾਂ ਲਈ ਹੋਣ ਜਾ ਰਹੀਆਂ ਚੋਣਾਂ ਨਾਲ ਸਿਆਸੀ ਮਾਹੌਲ ਭਖ ਗਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਗੱਠਜੋੜ ਬਣਾ ਕੇ ਲੜਨ ਵਾਲੀਆਂ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦਰਮਿਆਨ ਦਰਾੜ ਹੋਰ ਚੌੜੀ ਹੋ ਗਈ ਹੈ। ਬਸਪਾ ਮੁਖੀ ਅਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਸਮਾਜਵਾਦੀ ਪਾਰਟੀ ਦੀ ਬਜਾਏ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰ ਸਕਦੇ ਹਨ। ਬਸਪਾ ਦਾ ਇਲਜ਼ਾਮ ਸੀ ਕਿ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਬਸਪਾ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ ਕਰ ਰਹੇ ਹਨ। ਅਖਿਲੇਸ਼ ਨੇ ਇਸ ਤੋਂ ਇਨਕਾਰ ਕੀਤਾ ਹੈ। ਸਾਰੀਆਂ ਦਸ ਸੀਟਾਂ ਲਈ ਕੁੱਲ ਦਸ ਹੀ ਉਮੀਦਵਾਰ ਮੈਦਾਨ ਵਿਚ ਹੋਣ ਕਰ ਕੇ ਹਰ ਪਾਰਟੀ ਦੇ ਉਮੀਦਵਾਰ ਦੀ ਬਿਨਾ ਮੁਕਾਬਲਾ ਜਿੱਤ ਲਗਭੱਗ ਯਕੀਨੀ ਹੋ ਗਈ ਹੈ। ਪਹਿਲਾਂ ਇਕ ਉਦਯੋਗਪਤੀ ਦੇ ਆਜ਼ਾਦ ਉਮੀਦਵਾਰ ਬਣਨ ਨਾਲ ਇਹ ਕਸ਼ਮਕਸ਼ ਸ਼ੁਰੂ ਹੋਈ ਸੀ ਪਰ ਬਾਅਦ ਵਿਚ ਉਸ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ।
ਮਰਹੂਮ ਬਾਬੂ ਕਾਂਸ਼ੀ ਰਾਮ ਨੇ ‘ਵੋਟ ਹਮਾਰਾ ਰਾਜ ਤੁਮਾਹਾ ਨਹੀਂ ਚਲੇਗਾ’ ਦਾ ਨਾਅਰਾ ਦਿੱਤਾ ਸੀ। ਕਾਂਸ਼ੀ ਰਾਮ ਨੇ ਵੋਟ ਪ੍ਰਣਾਲੀ ਰਾਹੀਂ ਦਲਿਤਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸਿਆਸਤ ਵਿਚ ਸਰਗਰਮੀ ਸ਼ੁਰੂ ਕੀਤੀ। ਸਿਆਸਤ ਵਿਚ ਬਸਪਾ ਨੇ ਵੱਖ ਵੱਖ ਮੌਕਿਆਂ ’ਤੇ ਵੱਖ ਵੱਖ ਪੈਂਤੜੇ ਲਏ ਅਤੇ ਕਈ ਤਰ੍ਹਾਂ ਦੇ ਗੱਠਜੋੜ ਕੀਤੇ ਹਨ। ਬਸਪਾ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਕਰ ਚੁੱਕੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਦੇ ਕਾਂਗਰਸ ਦਾ ਪੱਕਾ ਵੋਟ ਬੈਂਕ ਮੰਨੇ ਜਾ ਰਹੇ ਦਲਿਤ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਬਸਪਾ ਨੇ ਪ੍ਰਭਾਵਿਤ ਕੀਤਾ ਅਤੇ ਇਕ ਖ਼ਾਸ ਹਿੱਸੇ ਨੂੰ ਆਪਣੇ ਨਾਲ ਸਥਾਈ ਤੌਰ ਉੱਤੇ ਜੋੜ ਵੀ ਲਿਆ। ਬਸਪਾ ਦੀਆਂ ਸਰਕਾਰਾਂ ਨੇ ਦਲਿਤਾਂ ਨੂੰ ਊਰਜਿਤ ਕੀਤਾ ਅਤੇ ਸਮਾਜ ਵਿਚ ਮੌਜੂਦਾ ਦਰਜੇਬੰਦੀ ਨੂੰ ਘਟਾਉਣ ਵਿਚ ਹਿੱਸਾ ਪਾਇਆ ਹੈ। ਬਸਪਾ ਦੀਆਂ ਸੀਮਾਵਾਂ ਦੇ ਬਾਵਜੂਦ ਦੇਸ਼ ਦੇ ਦਲਿਤਾਂ, ਦਮਿਤਾਂ, ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਅਤੇ ਜਮਹੂਰੀ ਤਾਕਤਾਂ ਨੂੰ ਬਸਪਾ ਜਿਹਾ ਸਮਾਜਿਕ ਆਧਾਰ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਤੋਂ ਵੱਡੀਆਂ ਆਸਾਂ ਹਨ।
ਆਮ ਪ੍ਰਭਾਵ ਇਹ ਹੈ ਕਿ ਕੇਂਦਰ ਵਿਚ ਸੱਤਾਧਾਰੀ ਪਾਰਟੀ ਵਿਰੋਧੀ ਧਿਰਾਂ ਦੇ ਆਗੂਆਂ ਖ਼ਿਲਾਫ਼ ਵੀ ਸੀਬੀਆਈ, ਈਡੀ ਅਤੇ ਹੋਰ ਏਜੰਸੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੀ ਹੈ। ਬਸਪਾ ਨੇ ਵੀ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਉੱਤੇ ਸੰਸਦ ਵਿਚ ਭਾਜਪਾ ਦੀ ਹਮਾਇਤ ਕੀਤੀ ਹੈ। ਇਸ ਨੂੰ ਸੱਤਾਧਾਰੀ ਪਾਰਟੀ ਦੀ ਕੂਟਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਇਸ ਸਮੇਂ ਬਸਪਾ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਲੋਕਾਂ ਨੂੰ ਆਪਸ ਵਿਚ ਵੰਡਣ ਅਤੇ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਬਣ ਰਹੇ ਮੁਹਾਜ਼ਾਂ ਦਾ ਹਿੱਸਾ ਬਣੇ। ਬਸਪਾ ਸਮਾਜ ਵਿਚ ਸਦੀਆਂ ਤੋਂ ਲਿਤਾੜੇ ਗਏ ਵਰਗਾਂ ਦੀ ਪ੍ਰਤੀਨਿਧਤਾ ਕਰਦੀ ਹੈ। ਉਸ ਉੱਤੇ ਇਤਿਹਾਸਕ ਜ਼ਿੰਮੇਵਾਰੀ ਹੈ ਕਿ ਉਹ ਇਸ ਸਮੇਂ ਸਿਆਸੀ ਮੌਕਾਪ੍ਰਸਤੀ ਛੱਡ ਕੇ ਦੇਸ਼ ਦੀਆਂ ਜਮਹੂਰੀ ਅਤੇ ਲੋਕ-ਪੱਖੀ ਧਿਰਾਂ ਦਾ ਸਾਥ ਦੇਵੇ।