ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਨੀਪੁਰ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਨੂੰ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ। ਪੰਜਾਬ ਤੋਂ ਸਿਵਾਏ ਬਾਕੀ ਦੇ ਚਾਰ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਜੇਤੂ ਰਹੀ। ਪਾਰਟੀ ਦੀ ਸਭ ਤੋਂ ਵੱਡੀ ਜਿੱਤ ਉੱਤਰ ਪ੍ਰਦੇਸ਼ ਦੀ ਹੈ ਜਿੱਥੇ ਸਿਆਸੀ ਮਾਹਿਰਾਂ ਨੇ ਬਹੁਤ ਅੰਦਾਜ਼ੇ ਲਗਾਏ ਸਨ ਕਿ ਸਮਾਜਵਾਦੀ ਪਾਰਟੀ ਭਾਜਪਾ ਨੂੰ ਵੱਡੀ ਟੱਕਰ ਦੇਵੇਗੀ ਪਰ ਉਹ ਸਾਰੇ ਅਨੁਮਾਨ ਗ਼ਲਤ ਸਾਬਤ ਹੋਏ। ਭਾਜਪਾ ਨੂੰ 41.2 ਫ਼ੀਸਦੀ ਵੋਟਾਂ ਅਤੇ 403 ਸੀਟਾਂ ਵਿਚੋਂ 255 ’ਤੇ ਜਿੱਤ ਪ੍ਰਾਪਤ ਹੋਈ। ਪਾਰਟੀ ਨੂੰ 2017 ਦੇ ਮੁਕਾਬਲੇ 55 ਸੀਟਾਂ ਘੱਟ ਮਿਲੀਆਂ ਪਰ ਪੰਜ ਸਾਲ ਸਰਕਾਰ ਵਿਚ ਰਹਿਣ, ਕੋਵਿਡ-19 ਦੌਰਾਨ ਹੋਈ ਬਦਇੰਤਜ਼ਾਮੀ, ਬੇਰੁਜ਼ਗਾਰੀ ਅਤੇ ਹੋਰ ਸਮੱਸਿਆਵਾਂ ਦੇ ਮੱਦੇਨਜ਼ਰ ਇਹ ਪ੍ਰਾਪਤੀ ਬਹੁ-ਅਰਥੀ ਅਤੇ ਬਹੁ-ਪਰਤੀ ਹੈ। ਇਸ ਨੇ ਨਾ ਸਿਰਫ਼ ਇਹ ਸਥਾਪਿਤ ਕੀਤਾ ਹੈ ਕਿ ਮੋਦੀ-ਸ਼ਾਹ ਜੋੜੀ ਭਾਜਪਾ ਨੂੰ ਵੱਡੀਆਂ ਜਿੱਤਾਂ ਦਿਵਾਉਣ ਦੇ ਸਮਰੱਥ ਹੈ ਸਗੋਂ ਇਹ ਇਸ ਤੱਥ ਦਾ ਵੀ ਸਬੂਤ ਹੈ ਕਿ ਜਨਸੰਖਿਆ ਦੇ ਪੱਖੋਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿਚ ਉਸ ਦਾ ਆਧਾਰ ਮਜ਼ਬੂਤ ਹੈ ਜਿਸ ਕਾਰਨ ਪਾਰਟੀ ਦਾ 2024 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਯਕੀਨੀ ਹੈ। ਇਨ੍ਹਾਂ ਨਤੀਜਿਆਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗ ਆਦਿੱਤਿਆਨਾਥ ਨੂੰ ਭਾਜਪਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਾਅਦ ਸਭ ਤੋਂ ਵੱਧ ਮਹੱਤਵਪੂਰਨ ਸਿਆਸੀ ਸ਼ਖ਼ਸੀਅਤ ਵਜੋਂ ਉਭਾਰਿਆ ਹੈ।
ਭਾਜਪਾ ਦੀ ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਜਿੱਤ ਵੀ ਇਹ ਦਰਸਾਉਂਦੀ ਹੈ ਕਿ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਭਾਜਪਾ ਮਜ਼ਬੂਤ ਚੋਣ-ਬਿਰਤਾਂਤ ਸਿਰਜਣ ਦੇ ਸਮਰੱਥ ਹੈ ਅਤੇ ਕਾਂਗਰਸ ਅਤੇ ਹੋਰ ਪਾਰਟੀਆਂ ਇਸ ਪੱਖ ਤੋਂ ਉਸ ਦਾ ਸਾਹਮਣਾ ਨਹੀਂ ਕਰ ਸਕਦੀਆਂ। ਭਾਜਪਾ ਦੀ ਇਕ ਹੋਰ ਤਾਕਤ ਹਰ ਚੋਣ ਵਿਚ ਆਪਣੀ ਪੂਰਨ ਤਾਕਤ ਝੋਕਣਾ ਹੈ; ਪਾਰਟੀ ਹਰ ਚੋਣ ਨੂੰ ਚੁਣੌਤੀ ਵਜੋਂ ਲੈਂਦੀ ਹੈ। ਕਾਂਗਰਸ ਉੱਤਰਾਖੰਡ ਅਤੇ ਗੋਆ ਵਿਚ ਭਾਜਪਾ ਨੂੰ ਟੱਕਰ ਦੇ ਸਕਦੀ ਸੀ ਪਰ ਨਾ ਤਾਂ ਪਾਰਟੀ ਕੋਲ ਚੋਣਾਂ ਲੜਨ ਲਈ ਸੁਨਿਸ਼ਚਿਤ ਰਣਨੀਤੀ ਹੈ ਅਤੇ ਨਾ ਹੀ ਉਸ ਦੇ ਆਗੂ ਪੂਰਾ ਜ਼ੋਰ ਲਗਾ ਕੇ ਚੋਣਾਂ ਲੜਦੇ ਹਨ; ਪਾਰਟੀ ਵਿਚ ਅਨਿਸ਼ਚਿਤਤਾ ਸਪੱਸ਼ਟ ਨਜ਼ਰ ਆਉਂਦੀ ਹੈ। ਜੰਮੂ ਕਸ਼ਮੀਰ ਤੋਂ ਕਰਨਾਟਕ ਅਤੇ ਗੁਜਰਾਤ ਤੋਂ ਮਨੀਪੁਰ ਤਕ ਭਾਜਪਾ ਦੀ ਮੌਜੂਦਗੀ ਉਸ ਦੀ ਇਨ੍ਹਾਂ ਸਮਿਆਂ ਦੀ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਤਾਕਤ ਹੋਣ ਦੀ ਤਸਦੀਕ ਕਰਦੀ ਹੈ। ਭਾਜਪਾ ਦੇ ਮੁਕਾਬਲੇ ਕਾਂਗਰਸ ਬਿਖਰੀ ਹੋਈ ਅਤੇ ਦਿਸ਼ਾਹੀਣ ਪਾਰਟੀ ਵਜੋਂ ਸਾਹਮਣੇ ਆਉਂਦੀ ਹੈ।
ਭਾਜਪਾ ਸ਼ਾਇਦ ਦੇਸ਼ ਦੀ ਇਕੋ ਇਕ ਪਾਰਟੀ ਹੈ ਜੋ ਵੱਡੀ ਪੱਧਰ ’ਤੇ ਪਰਿਵਾਰਵਾਦ ਦੀ ਗ੍ਰਿਫ਼ਤ ਵਿਚ ਨਹੀਂ ਹੈ। ਉਸ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਆਗੂਆਂ ਦਾ ਲੋਕਾਂ ਨਾਲ ਰੋਜ਼ਮੱਰਾ ਦਾ ਵਾਹ-ਵਾਸਤਾ ਹੋਣਾ ਹੈ। ਉਸ ਕੋਲ ਰਾਸ਼ਟਰੀ ਸਵੈਮਸੇਵਕ ਸੰਘ ਦੀ ਹਮਾਇਤ ਦੇ ਨਾਲ ਨਾਲ ਅਜਿਹੇ ਆਗੂ ਮੌਜੂਦ ਹਨ ਜਿਹੜੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਰੱਖਦੇ ਹਨ। ਕਾਂਗਰਸ, ਸਮਾਜਵਾਦੀ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਅੰਦੋਲਨ ਨਹੀਂ ਕੀਤਾ; ਇਨ੍ਹਾਂ ਪਾਰਟੀਆਂ ਦੇ ਆਗੂ ਇਹ ਸਮਝਦੇ ਹਨ ਕਿ ਉਹ ਪੰਜ ਵਰ੍ਹਿਆਂ ਬਾਅਦ ਲੋਕਾਂ ਸਾਹਮਣੇ ਆਉਣਗੇ ਅਤੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰ ਲੈਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਸਮਾਜ ਵਿਚ ਫ਼ਿਰਕੂ ਲੀਹਾਂ ’ਤੇ ਵੰਡੀਆਂ ਪਾ ਕੇ ਵੋਟਾਂ ਦਾ ਧਰੁਵੀਕਰਨ ਕਰਦੀ ਹੈ ਪਰ ਇਕੱਲਾ ਧਰੁਵੀਕਰਨ ਪਾਰਟੀ ਨੂੰ ਲਗਾਤਾਰ ਵੋਟਾਂ ਨਹੀਂ ਦਿਵਾ ਸਕਦਾ। ਕੇਂਦਰ ਦੀਆਂ ਕੁਝ ਸਕੀਮਾਂ ਨੇ ਔਰਤਾਂ ਅਤੇ ਘੱਟ ਸਾਧਨਾਂ ਵਾਲੇ ਪਰਿਵਾਰਾਂ ਨੂੰ ਵੱਡੇ ਫ਼ਾਇਦੇ ਪਹੁੰਚਾਏ ਹਨ ਅਤੇ ਪਾਰਟੀ ਨੂੰ ਇਸ ਤੋਂ ਸਿਆਸੀ ਲਾਹਾ ਵੀ ਮਿਲਿਆ ਹੈ। ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਆਰਥਿਕ ਪੱਖ ਤੋਂ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਹਾਲਾਤ ਇੰਨੇ ਖ਼ਰਾਬ ਹਨ ਕਿ ਉਹ ਮੁਫ਼ਤ ਮਿਲ ਰਹੇ ਰਾਸ਼ਨ ਅਤੇ ਹੋਰ ਸਹੂਲਤਾਂ ਕਾਰਨ ਸੰਤੁਸ਼ਟ ਹੋਣ ਕਾਰਨ ਵੋਟਾਂ ਭਾਜਪਾ ਨੂੰ ਪਾ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਭਾਜਪਾ ਦੀ ਸਫ਼ਲਤਾ ਇਸ ਤੱਥ ਵਿਚ ਹੈ ਕਿ ਰਾਸ਼ਨ ਲੋੜਵੰਦ ਲੋਕਾਂ ਤਕ ਪਹੁੰਚ ਰਿਹਾ ਹੈ ਅਤੇ ਕੰਪਿਊਟਰੀਕਰਨ ਕਰ ਕੇ ਰਾਹਤ ਰਾਸ਼ੀ ਵੀ ਬੈਂਕ ਖ਼ਾਤਿਆਂ ਵਿਚ ਸਿੱਧੀ ਪਹੁੰਚਦੀ ਹੈ। ਭਾਜਪਾ ਵਿਚ ਭਾਵੇਂ ਤਾਨਾਸ਼ਾਹੀ ਅਤੇ ਤਾਕਤਾਂ ਦੇ ਕੇਂਦਰੀਕਰਨ ਦੀਆਂ ਰੁਚੀਆਂ ਭਾਰੂ ਹਨ ਪਰ ਉਸ ਦੀ ਵੋਟਾਂ ਪ੍ਰਾਪਤ ਕਰਨ ਦੀ ਸਮਰੱਥਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।