ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਚੋਣਾਂ ਜਿੱਤਣ ਲਈ ਕੂਟਨੀਤੀ ਬਣਾਉਣ ਅਤੇ ਉਸ ਕੂਟਨੀਤੀ ਨੂੰ ਜ਼ਮੀਨੀ ਪੱਧਰ ’ਤੇ ਸਫ਼ਲ ਬਣਾਉਣ ਵਿਚ ਉਸ ਦਾ ਕੋਈ ਮੁਕਾਬਲਾ ਨਹੀਂ। ਭਾਜਪਾ ਨਾ ਸਿਰਫ਼ 74 ਸੀਟਾਂ ਜਿੱਤ ਕੇ ਆਪਣੀ ਮੁੱਖ ਭਾਈਵਾਲ ਜਨਤਾ ਦਲ ਯੂਨਾਈਟਿਡ (ਜੇਡੀਯੂ) ਤੋਂ ਵੱਡੀ ਪਾਰਟੀ ਬਣੀ ਹੈ ਸਗੋਂ ਉਸ ਨੇ ਇਹ ਵੀ ਸਿੱਧ ਕੀਤਾ ਹੈ ਕਿ ਸਿਆਸੀ ਦਾਅ-ਪੇਚ ਅਤੇ ਹਰ ਤਰ੍ਹਾਂ ਦੇ ਹੱਥਕੰਡੇ ਵਰਤਣ ਵਿਚ ਉਸ ਦਾ ਕੋਈ ਜਵਾਬ ਨਹੀਂ। ਇਸ ਵਾਰ ਜੇਡੀਯੂ ਨੂੰ ਸਿਰਫ਼ 43 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ ਜਦੋਂਕਿ ਪਿਛਲੀ ਵਿਧਾਨ ਸਭਾ ਵਿਚ ਉਸ ਦੇ 71 ਐੱਮਐੱਲਏ ਸਨ। ਇਸ ਵਾਰ ਜੇਡੀਯੂ ਨੇ 115 ਸੀਟਾਂ ਤੋਂ ਚੋਣ ਲੜੀ ਪਰ ਇਨ੍ਹਾਂ ਚੋਣਾਂ ਵਿਚ ਵਿਸ਼ੇਸ਼ ਗੱਲ ਇਹ ਸੀ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਹਿੱਸੇਦਾਰ ਲੋਕ ਜਨਸ਼ਕਤੀ ਪਾਰਟੀ ਨੇ ਜੇਡੀਯੂ ਦੇ ਸਭ ਉਮੀਦਵਾਰਾਂ ਦੇ ਵਿਰੁੱਧ ਉਮੀਦਵਾਰ ਖੜ੍ਹੇ ਕੀਤੇ ਅਤੇ ਇਸ ਕਾਰਨ ਬਹੁਤ ਸਾਰੇ ਜੇਡੀਯੂ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਪਾਰਟੀ ਦੇ ਨੇਤਾ ਚਿਰਾਗ ਪਾਸਵਾਨ ਨੇ ਜਨਤਕ ਤੌਰ ’ਤੇ ਕਿਹਾ ਹੈ ਕਿ ਉਸ ਦਾ ਮੰਤਵ ਭਾਜਪਾ ਨੂੰ ਮਜ਼ਬੂਤ ਕਰਨਾ ਸੀ।
ਰਾਸ਼ਟਰੀ ਜਮਹੂਰੀ ਗੱਠਜੋੜ (ਭਾਜਪਾ, ਜੇਡੀਯੂ ਅਤੇ ਹੋਰ ਛੋਟੀਆਂ ਪਾਰਟੀਆਂ) ਨੂੰ ਕੁੱਲ 125 ਸੀਟਾਂ ਅਤੇ ਰਾਸ਼ਟਰੀ ਜਨਤਾ ਦਲ-ਕਾਂਗਰਸ-ਕਮਿਊਨਿਸਟ ਮਹਾਂਗੱਠਬੰਧਨ ਨੂੰ 110 ਸੀਟਾਂ ਮਿਲੀਆਂ ਹਨ। ਰਾਸ਼ਟਰੀ ਜਨਤਾ ਦਲ 75 ਸੀਟਾਂ ਜਿੱਤ ਕੇ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣੀ ਹੈ। ਇਨ੍ਹਾਂ ਚੋਣਾਂ ਵਿਚ ਸਭ ਤੋਂ ਨਿਰਾਸ਼ਾਜਨਕ ਕਾਰਗੁਜ਼ਾਰੀ ਕਾਂਗਰਸ ਦੀ ਰਹੀ ਹੈ ਜਿਸ ਨੂੰ 19 ਸੀਟਾਂ ਮਿਲੀਆਂ ਹਨ। ਸੀਪੀਆਈ (ਮਾਰਕਸਿਸਟ-ਲੈਨਿਨਿਸਟ)-ਲਬਿਰੇਸ਼ਨ ਨੂੰ 12 ਅਤੇ ਸੀਪੀਆਈ ਤੇ ਸੀਪੀਐੱਮ ਨੂੰ ਦੋ-ਦੋ ਸੀਟਾਂ ਮਿਲੀਆਂ ਹਨ। ਕਾਂਗਰਸ ਨੇ 70 ਸੀਟਾਂ ’ਤੇ ਚੋਣ ਲੜੀ ਸੀ ਅਤੇ ਚੋਣ ਨਤੀਜਿਆਂ ਤੋਂ ਪ੍ਰਤੱਖ ਹੈ ਕਿ ਇਸ ਦੀ ਕੇਂਦਰੀ ਅਤੇ ਸੂਬਾ ਲੀਡਰਸ਼ਿਪ ਨੇ ਇਨ੍ਹਾਂ ਚੋਣਾਂ ਵਿਚ ਉਹ ਊਰਜਾ ਨਹੀਂ ਦਿਖਾਈ ਜੋ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਝਾਰਖੰਡ ਅਤੇ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਖਣ ਨੂੰ ਮਿਲੀ ਸੀ। ਇਸ ਦੇ ਮੁਕਾਬਲੇ ਭਾਜਪਾ ਨੇ 110 ਵਿਚੋਂ 74 ਭਾਵ 67 ਫ਼ੀਸਦੀ ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂਕਿ ਕਾਂਗਰਸ ਨੇ ਸਿਰਫ਼ 26 ਫ਼ੀਸਦੀ ਸੀਟਾਂ ਜਿੱਤੀਆਂ। ਸੀਪੀਆਈ (ਐੱਮਐੱਲ)-ਲਬਿਰੇਸ਼ਨ ਨੇ 63 ਫ਼ੀਸਦੀ ਸੀਟਾਂ (19 ਵਿਚੋਂ 12) ’ਤੇ ਜਿੱਤ ਹਾਸਲ ਕੀਤੀ ਅਤੇ ਆਰਜੇਡੀ ਨੇ 52 ਫ਼ੀਸਦੀ ਸੀਟਾਂ ’ਤੇ। ਇਸ ਤਰ੍ਹਾਂ ਕਾਂਗਰਸ ਮਹਾਂਗੱਠਬੰਧਨ ਵਿਚ ਸਭ ਤੋਂ ਕਮਜ਼ੋਰ ਪਾਰਟੀ ਸਿੱਧ ਹੋਈ ਅਤੇ ਇਸ ਦੀ ਹਾਰ ਦਾ ਕਾਰਨ ਬਣੀ।
ਰਾਸ਼ਟਰੀ ਜਮਹੂਰੀ ਗੱਠਜੋੜ ਦੀ ਜਿੱਤ ਨਾਲ ਨਿਤੀਸ਼ ਕੁਮਾਰ ਇਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਬਣਨਗੇ। ਇਹ ਗੱਲ ਪ੍ਰਧਾਨ ਮੰਤਰੀ, ਭਾਜਪਾ ਦੇ ਪ੍ਰਧਾਨ ਅਤੇ ਹੋਰ ਆਗੂ ਵਾਰ ਵਾਰ ਦੁਹਰਾ ਰਹੇ ਹਨ ਪਰ ਨਿਤੀਸ਼ ਕੁਮਾਰ ਦੇ ਸਾਹਮਣੇ ਦੋ ਨੈਤਿਕ ਸਵਾਲ ਹਮੇਸ਼ਾ ਬਣੇ ਰਹਿਣਗੇ: ਪਹਿਲਾ ਇਹ ਕਿ ਜੇਡੀਯੂ ਗੱਠਜੋੜ ਵਿਚ ਭਾਜਪਾ ਤੋਂ ਛੋਟੀ ਪਾਰਟੀ ਹੈ ਅਤੇ ਦੂਸਰਾ ਉਨ੍ਹਾਂ ਦੀ ਹਿੱਸੇਦਾਰ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਲੋਕ ਜਨਸ਼ਕਤੀ ਪਾਰਟੀ ਨੂੰ ਜੇਡੀਯੂ ਵਿਰੁੱਧ ਉਮੀਦਵਾਰ ਖੜ੍ਹੇ ਕਰਨ ਦੀ ਇਜਾਜ਼ਤ ਦਿੱਤੀ ਅਤੇ ਇਸ ਤਰ੍ਹਾਂ ਭਾਜਪਾ ਸਿੱਧੇ/ਅਸਿੱਧੇ ਰੂਪ ਵਿਚ ਜੇਡੀਯੂ ਦੇ ਕਈ ਉਮੀਦਵਾਰਾਂ ਦੀ ਹਾਰ ਲਈ ਜ਼ਿੰਮੇਵਾਰ ਵੀ ਹੈ। ਸਿਆਸੀ ਮੌਕਾਪ੍ਰਸਤੀ ਦੇ ਇਸ ਦੌਰ ਵਿਚ ਸੱਤਾ ਦੇ ਸਭ ਤਰ੍ਹਾਂ ਦੇ ਸਮੀਕਰਨ ਸੰਭਵ ਹਨ। ਨਿਤੀਸ਼ ਕੁਮਾਰ ਨੇ ਸਮਾਜਵਾਦੀ ਵਿਚਾਰਧਾਰਾ ਤੋਂ ਸ਼ੁਰੂਆਤ ਕਰ ਕੇ ਭਾਜਪਾ ਨਾਲ ਗੱਠਜੋੜ ਕਰਨ ਦਾ ਲੰਮਾ ਸਫ਼ਰ ਤੈਅ ਕੀਤਾ ਹੈ। ਵਿਚ-ਵਿਚਕਾਰ ਉਸ ਨੇ ਗੱਠਜੋੜ ਛੱਡਿਆ ਵੀ ਪਰ ਸੱਤਾ ਦਾ ਲਾਲਚ ਵਿਚਾਰਧਾਰਾ ’ਤੇ ਭਾਰੂ ਸਿੱਧ ਹੁੰਦਾ ਰਿਹਾ ਹੈ। ਹੁਣ ਉਹ ਮੁੱਖ ਮੰਤਰੀ ਤਾਂ ਬਣੇਗਾ ਪਰ ਉਸ ਦੀ ਨੈਤਿਕ ਅਤੇ ਸਿਆਸੀ ਸ਼ਕਤੀ ਪਹਿਲਾਂ ਤੋਂ ਕਿਤੇ ਘੱਟ ਹੋਵੇਗੀ। ਭਾਜਪਾ ਨੇ ਜੇਡੀਯੂ ਨਾਲ ਵੀ ਉਹ ਵਰਤਾਉ ਕੀਤਾ ਹੈ ਜੋ ਉਸ ਨੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਕੀਤਾ ਸੀ। ਮਹਾਂਗੱਠਬੰਧਨ ਦੀ ਹਾਰ ਦੇਸ਼ ਵਿਚਲੇ ਵੱਡੇ ਸਿਆਸੀ ਖ਼ਲਾਅ ਵੱਲ ਸੰਕੇਤ ਵੀ ਕਰਦੀ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੋਣਾਂ ਜਿੱਤਣ ਵਾਲੀ ਜੋੜੀ ਦੇ ਮੁਕਾਬਲੇ ਵਿਰੋਧੀ ਪਾਰਟੀਆਂ ਵਿਚ ਉਨ੍ਹਾਂ ਦੀ ਪੱਧਰ ਦੇ ਕੋਈ ਆਗੂ ਦਿਖਾਈ ਨਹੀਂ ਦਿੰਦੇ।