ਕਿਸਾਨ ਅੰਦੋਲਨ ਵਿਚ ਸਿੰਘੂ, ਟਿੱਕਰੀ, ਗਾਜ਼ੀਪੁਰ ਅਤੇ ਹੋਰ ਸਥਾਨਾਂ ਵੱਲ ਆਪਣੇ ਹੱਕੀ ਅੰਦੋਲਨ ਦੀ ਆਵਾਜ਼ ਬੁਲੰਦ ਕਰਨ ਤੁਰੇ ਇਕ ਕਿਸਾਨ ਨੂੰ ਸੰਬੋਧਿਤ ਕਰਦਿਆਂ ਇਕ ਸ਼ਾਇਰ ਨੇ ਲਿਖਿਆ ਸੀ, ‘‘ਜੀਵੇ ਤੇਰਾ ਜ਼ਿਕਰ, ਤੇਰਾ ਫ਼ਿਕਰ ਜੀਵੇ/ਤੂੰ ਜੀਵੇਂ, ਹਰ ਤੁਰਨਹਾਰ (ਭਾਵ ਕਿਸਾਨ ਕਾਫ਼ਲਿਆਂ ਵਿਚ ਤੁਰਨ ਵਾਲਾ) ਜੀਵੇ/ਜੀਵੇ, ਤੇਰੀ ਜੰਮਣਹਾਰ (ਭਾਵ ਮਾਂ) ਜੀਵੇ।’’ ਲੋਕ ਅੰਦੋਲਨ ਵਿਚ ਤੁਰਨ ਵਾਲੇ ਤੁਰਨਹਾਰਾਂ ਦੀ ਵੱਡੀ ਹਿੰਮਤ ਤੇ ਜੇਰੇ ਵੱਡੇ ਹੁੰਦੇ। ਉਨ੍ਹਾਂ ਦੇ ਆਗੂ ਸਿਦਕਵਾਨ ਅਤੇ ਅੰਦੋਲਨ ਦੀ ਇਬਾਰਤ ਦੇ ਲਿਖਣਹਾਰ ਹੁੰਦੇ ਹਨ। ਵੀਰਵਾਰ ਸ਼ਾਮ ਗਾਜ਼ੀਪੁਰ ਵਿਚ, ਜਦ ਅੰਦੋਲਨ ਵਿਚ ਵੱਡੀ ਦਿੱਕਤ ਆ ਗਈ ਤਾਂ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਭਾਸ਼ਣ ਨੇ ਮੌਜੂਦਾ ਕਿਸਾਨ ਅੰਦੋਲਨ ਦੇ ਇਤਿਹਾਸ ਵਿਚ ਉਹ ਸਫ਼ਾ ਲਿਖਿਆ ਜਿਸ ਵਿਚ ਜੁਰਅਤ, ਹੌਸਲੇ, ਤਰਕ, ਸਿਦਕ, ਭਾਵਨਾ, ਹਾਰ ਨਾ ਮੰਨਣ ਵਾਲੇ ਸਿਰੜ, ਹਿੰਮਤ, ਆਪਣੇ ਟੀਚੇ ਵਿਚ ਵਿਸ਼ਵਾਸ ਰੱਖਣ ਦੇ ਅਕੀਦੇ ਅਤੇ ਕਈ ਹੋਰ ਅਜਿਹੇ ਜਜ਼ਬਿਆਂ ਦਾ ਸੁਮੇਲ ਸੀ ਜਿਸ ਨੇ ਡੋਲਦੇ ਹੋਏ ਵਿਸ਼ਵਾਸਾਂ ਨੂੰ ਸੰਭਾਲਦਿਆਂ ਅੰਦੋਲਨ ਨੂੰ ਹੋਰ ਗਤੀਸ਼ੀਲ ਬਣਾਉਣ ਦਾ ਬਲ ਬਖ਼ਸ਼ਿਆ। ਟਿਕੈਤ ਦੇ ਭਾਸ਼ਣ ਨੇ ਸਿੱਧ ਕੀਤਾ ਕਿ ਕਿਵੇਂ ਆਗੂਆਂ ਦੇ ਸ਼ਬਦ, ਭਾਸ਼ਣ ਅਤੇ ਟਿੱਪਣੀਆਂ ਅੰਦੋਲਨ ’ਤੇ ਨਿਰਣਾਇਕ ਪ੍ਰਭਾਵ ਪਾਉਂਦੇ ਹਨ।
ਕਈ ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਸ਼ਾਂਤਮਈ ਰਿਹਾ ਹੈ ਅਤੇ ਕਿਸਾਨ ਆਗੂ ਇਸ ਨੂੰ ਸ਼ਾਂਤਮਈ ਰੱਖਣ ਲਈ ਪ੍ਰਤੀਬੱਧ ਹਨ। ਭੜਕਾਊ ਭਾਸ਼ਣ ਦੇਣਾ ਤਾਂ ਵੱਖਰੀ ਗੱਲ ਹੈ, ਉਨ੍ਹਾਂ ਨੇ ਕੋਈ ਭੜਕਾਊ ਸ਼ਬਦ ਵਰਤਣ ਤੋਂ ਵੀ ਗੁਰੇਜ਼ ਕੀਤਾ ਹੈ। ਪੰਜਾਬ ਦੇ ਫ਼ਿਲਮੀ ਦੁਨੀਆਂ ਨਾਲ ਸਬੰਧ ਰੱਖਣ ਵਾਲੇ ਇਕ ਵਿਅਕਤੀ ਅਤੇ ਗੈਂਗਸਟਰ ਰਹਿ ਚੁੱਕੇ ਇਕ ਸ਼ਖ਼ਸ, ਜੋ ਹੁਣ ਆਪਣੇ ਆਪ ਨੂੰ ਸਮਾਜਿਕ ਆਗੂ ਦੱਸਦਾ ਹੈ, ਨੇ ਕਿਸਾਨਾਂ ਦੇ ਇਕ ਹਿੱਸੇ ਨੂੰ ਵਰਗਲਾ ਕੇ ਲਾਲ ਕਿਲ੍ਹੇ, ਆਈਟੀਓ ਅਤੇ ਕੁਝ ਹੋਰ ਥਾਵਾਂ ’ਤੇ ਅਜਿਹੇ ਕਾਰੇ ਕੀਤੇ ਜਿਨ੍ਹਾਂ ਕਾਰਨ ਅੰਦੋਲਨ ਨੂੰ ਵੱਡਾ ਨੁਕਸਾਨ ਹੋਇਆ ਅਤੇ ਮਾਯੂਸੀ ਫੈਲਣ ਲੱਗੀ। ਇਸ ਪਿੱਠ-ਭੂਮੀ ਵਿਚ ਹੀ ਸਿੰਘੂ ਅਤੇ ਗਾਜ਼ੀਪੁਰ ਵਿਚ ਬਿਜਲੀ-ਪਾਣੀ ਬੰਦ ਕਰ ਦਿੱਤੇ ਗਏ ਅਤੇ ਉੱਤਰ ਪ੍ਰਦੇਸ਼ ਦੀ ਪੁਲੀਸ ਤੇ ਪ੍ਰਸ਼ਾਸਨ ਗਾਜ਼ੀਪੁਰ ਵਿਚ ਧਰਨੇ ਵਾਲੀ ਥਾਂ ’ਤੇ ਕਿਸਾਨਾਂ ਨੂੰ ਉਠਾਉਣ ਲਈ ਪਹੁੰਚੇ। ਉਸ ਸਮੇਂ ਰਾਕੇਸ਼ ਟਿਕੈਤ ਦੇ ਭਾਸ਼ਣ ਨੇ ਨਾ ਸਿਰਫ਼ ਮੌਕਾ ਸੰਭਾਲਿਆ ਸਗੋਂ ਅੰਦੋਲਨ ਵਿਚ ਨਵੀਂ ਸਿਰਜਣਾਤਮਕ ਸ਼ਕਤੀ ਅਤੇ ਊਰਜਾ ਲੈ ਆਂਦੀ।
ਖ਼ਬਰਾਂ ਅਨੁਸਾਰ ਟਿਕੈਤ ਦੇ ਭਾਸ਼ਣ ਤੋਂ ਊਰਜਿਤ ਹੋਏ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਲੋਕਾਂ ਨੇ ਗਾਜ਼ੀਪੁਰ ਵੱਲ ਚਾਲੇ ਪਾ ਦਿੱਤੇ ਹਨ। ਰੋਹ ਵਿਚ ਆਏ ਲੋਕਾਂ ਨੇ ਜੀਂਦ ਵਿਚ ਕੰਡੇਲਾ ਨਾਂ ਦੀ ਥਾਂ ’ਤੇ ਜੀਂਦ-ਚੰਡੀਗੜ੍ਹ ਸ਼ਾਹਰਾਹ ’ਤੇ ਚੱਕਾ ਜਾਮ ਕੀਤਾ। ਉੱਥੇ ਧਰਨਾ ਦੇ ਰਹੇ ਇਕ ਕਿਸਾਨ ਨੇ ਕਿਹਾ, ‘‘ਜੋ ਰਾਕੇਸ਼ ਟਿਕੈਤ ਦੀਆਂ ਅੱਖਾਂ ਵਿਚੋਂ ਕਿਰੇ, ਉਹ ਸਿਰਫ਼ ਰਾਕੇਸ਼ ਟਿਕੈਤ ਦੇ ਹੰਝੂ ਨਹੀਂ ਸਨ ਸਗੋਂ ਭਾਰਤ ਦੇ ਹਰ ਕਿਸਾਨ ਦੀ ਚੀਕ (Cry) ਹੈ।’’ ਪੰਜਾਬੀ ਲੇਖਕ ਸੁਖਦੇਵ ਸਿੰਘ ਸਿਰਸਾ ਨੇ ਲਿਖਿਆ ਹੈ, ‘‘ਰਾਕੇਸ਼ ਟਿਕੈਤ ਦਾ ਅੱਥਰੂ ਖਾਰਾ/ਫ਼ੌਜ ਪੁਲੀਸ ’ਤੇ ਪੈ ਗਿਆ ਭਾਰਾ/ਟਿਕੈਤ ਨੂੰ ਦੁੱਲਾ ਵੀਰ ਚਾਹੀਦਾ/ਸਿਸੌਲੀ ਪਿੰਡ (ਰਾਕੇਸ਼ ਟਿਕੈਤ ਦਾ ਪਿੰਡ) ਦਾ ਨੀਰ ਚਾਹੀਦਾ।’’ ਸਿਸੌਲੀ ਪਿੰਡ ਦੇ ਨੀਰ ਨੂੰ ਇਸ ਲਈ ਚੇਤੇ ਕੀਤਾ ਗਿਆ ਹੈ ਕਿ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਹੋਰ ਸੂਬਿਆਂ ਤੋਂ ਦੁੱਲੇ ਦੇ ਭੈਣ, ਭਰਾ, ਮਾਵਾਂ, ਚਾਚੀਆਂ, ਨਾਨੀਆਂ, ਦਾਦੀਆਂ, ਦੋਸਤ-ਮਿੱਤਰ ਰਾਕੇਸ਼ ਟਿਕੈਤ ਦੇ ਫ਼ਿਕਰ ਦੀ ਬਾਂਹ ਫੜਨ ਤੁਰ ਪਏ ਹਨ।
ਰੋਣਾ, ਚੀਕਾਂ ਮਾਰਨਾ, ਵਿਰਲਾਪ ਕਰਨਾ, ਬੇਵਸੀ, ਲਾਚਾਰੀ ਸਭ ਮਨੁੱਖੀ ਜਜ਼ਬੇ ਹਨ। ਅਸੀਂ ਕਿਸੇ ਜਜ਼ਬੇ ਤੋਂ ਇਨਕਾਰੀ ਨਹੀਂ ਹੋ ਸਕਦੇ। ਇਕ ਪੰਜਾਬੀ ਗੀਤ ਐ, ‘‘ਜਿਹੜਾ ਪਿਆਰ ’ਚ ਡੁੱਲ੍ਹਦਾ ਏ, ਉਹੋ ਸੁੱਚਾ ਮੋਤੀ ਏ ਜੋ ਪਲਕਾਂ ’ਤੇ ਜੁਲਦਾ (ਝੁੱਲਦਾ) ਏ।’’ ਟਿਕੈਤ ਦੇ ਹੰਝੂ ਕਿਸਾਨ-ਪ੍ਰੇਮ ਅਤੇ ਦਿਲ ’ਚੋਂ ਉੱਠਦੀ ਹੂਕ ਨੂੰ ਪ੍ਰਗਟਾਉਂਦੇ ਹੰਝੂ ਸਨ; ਸੁੱਚੇ ਮੋਤੀ ਸਨ ਉਹ। ਗੁਰੂ ਅਰਜਨ ਦੇਵ ਜੀ ਅਨੁਸਾਰ ‘‘ਕਰੈ ਨ ਝੁਰੈ ਨ ਮਨ ਰੋਵਣਹਾਰਾ।।’’ ਇਹ ਤੁਕ ਦੱਸਦੀ ਹੈ ਕਿ ਮਨੁੱਖੀ ਮਨ ਰੋਵਣਹਾਰ (ਰੋਵਣ ਵਾਲਾ) ਹੈ ਪਰ ਜਿਹੜਾ ਮਨ ਪ੍ਰਭੂ ਵਿਚ ਵਿਸ਼ਵਾਸ ਕਰਦਾ ਹੈ, ਉਹ ਕਦੇ ਝੂਰਦਾ (ਡੋਲਦਾ) ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਲੋਕ ਅਨੁਸਾਰ ‘‘ਫ਼ਰੀਦਾ ਖਾਲਕ ਖਲਕ ਮਹਿ ਖਲਕ ਵਸੈ ਰਬ ਮਾਹਿ।।’’ ਭਾਵ ਪਰਮਾਤਮਾ ਆਪਣੀ ਮਖ਼ਲੂਕ, ਆਪਣੇ ਲੋਕਾਂ ਵਿਚ ਵਸਦਾ ਹੈ। ਇਸ ਤਰ੍ਹਾਂ ਜਿਨ੍ਹਾਂ ਨੂੰ ਲੋਕਾਂ ਦੀ ਸ਼ਕਤੀ ਵਿਚ ਵਿਸ਼ਵਾਸ ਹੁੰਦਾ ਹੈ, ਉਹ ਕਦੇ ਵੀ ਡੋਲਦੇ ਨਹੀਂ। ਰਾਕੇਸ਼ ਟਿਕੈਤ ਨੇ ਵੀ ਕਰ ਦਿਖਾਇਆ ਕਿ ਉਹ ਡੋਲਣ ਵਾਲਾ ਆਗੂ ਨਹੀਂ। ਉਸ ਨੂੰ ਆਪਣੇ ਲੋਕਾਂ ਦੀ ਸ਼ਕਤੀ ਵਿਚ ਵਿਸ਼ਵਾਸ ਹੈ।